ਕੁਨਾਲ ਕਾਮਰਾ ਖ਼ਿਲਾਫ਼ ਤਿੰਨ ਹੋਰ ਕੇਸ ਦਰਜ
ਮੁੰਬਈ, 29 ਮਾਰਚ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਕਥਿਤ ਵਿਵਾਦਤ ਟਿੱਪਣੀਆਂ ਸਬੰਧੀ ਕਾਮੇਡੀਅਨ ਕੁਨਾਲ ਕਾਮਰਾ ਖ਼ਿਲਾਫ਼ ਖਾਰ ਥਾਣੇ ਵਿੱਚ ਤਿੰਨ ਹੋਰ ਕੇਸ ਦਰਜ ਕੀਤੇ ਗਏ ਹਨ। ਮੁੰਬਈ ਪੁਲੀਸ ਮੁਤਾਬਕ ਇੱਕ ਕੇਸ ਜਲਗਾਓਂ ਸ਼ਹਿਰ ਦੇ ਮੇਅਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ, ਜਦਕਿ ਬਾਕੀ ਦੋ ਨਾਸਿਕ ਦੇ ਹੋਟਲ ਮਾਲਕ ਅਤੇ ਵਪਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਉਧਰ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਾਮਰਾ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕਾਮਰਾ ਨੂੰ ਵੀ ਉਸੇ ਤਰ੍ਹਾਂ ਸੁਰੱਖਿਆ ਦੇਣੀ ਚਾਹੀਦੀ ਹੈ, ਜਿਸ ਤਰ੍ਹਾਂ 2020 ਵਿੱਚ ਅਦਾਕਾਰਾ ਕੰਗਨਾ ਰਣੌਤ ਨੂੰ ਦਿੱਤੀ ਗਈ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਕਾਮਰਾ ਨੂੰ ਆਪਣਾ ਪੱਖ (ਪੁਲੀਸ ਸਾਹਮਣੇ) ਰੱਖਣ ਲਈ ਮੁੰਬਈ ਆਉਣਾ ਚਾਹੀਦਾ ਹੈ। ਖਾਰ ਪੁਲੀਸ ਕਾਮਰਾ ਨੂੰ ਪੁੱਛ-ਪੜਤਾਲ ਲਈ ਦੋ ਵਾਰ ਬੁਲਾ ਚੁੱਕੀ ਹੈ, ਪਰ ਉਹ ਹਾਲੇ ਤੱਕ ਜਾਂਚ ਲਈ ਪੇਸ਼ ਨਹੀਂ ਹੋਇਆ।
ਇਸ ਤੋਂ ਪਹਿਲਾਂ ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕੁਨਾਲ ਕਾਮਰਾ ਨੂੰ ਉਸ ਖ਼ਿਲਾਫ਼ ਦਰਜ ਕਈ ਐੱਫਆਈਆਰਜ਼ ਸਬੰਧੀ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਸੀ। -ਏਐੱਨਆਈ