ਟੈਕਸਟਾਈਲ ਖੇਤਰ ’ਚ ਸੁਧਾਰ ਲਈ ਤਿੰਨ ਕਮੇਟੀਆਂ ਕਾਇਮ
ਪੰਜਾਬ ਸਰਕਾਰ ਵੱਲੋਂ ਟੈਕਸਟਾਈਲ ਖੇਤਰ ’ਚ ਸੁਧਾਰ ਲਈ ਅੱਜ ਤਿੰਨ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ਵੱਲੋਂ ਟੈਕਸਟਾਈਲ ਖੇਤਰ ਦੀਆਂ ਵੱਖ-ਵੱਖ ਕੰਪਨੀਆਂ ਨਾਲ ਗੱਲਬਾਤ ਕਰਕੇ ਆਪਣੇ ਸੁਝਾਅ ਦਿੱਤੇ ਜਾਣਗੇ, ਜਿਨ੍ਹਾਂ ਨੂੰ ਸਨਅਤੀ ਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਵਰਧਮਾਨ ਟੈਕਸਟਾਈਲ ਤੋਂ ਐੱਸਪੀ ਓਸਵਾਲ ਦੀ ਪ੍ਰਧਾਨਗੀ ਹੇਠ ਸਪਿਨਿੰਗ ਅਤੇ ਬੁਣਾਈ ਕਮੇਟੀ, ਮੋਂਟੇ ਕਾਰਲੋ ਫੈਸ਼ਨਜ਼ ਲਿਮਟਿਡ ਲੁਧਿਆਣਾ ਦੇ ਸੰਦੀਪ ਜੈਨ ਦੀ ਪ੍ਰਧਾਨਗੀ ਹੇਠ ਅਪੈਰਲਜ਼ ਕਮੇਟੀ, ਜਦਕਿ ਬਾਲਾ ਜੀ ਡਾਇੰਗ ਦੇ ਰਜਨੀਸ਼ ਗੁਪਤਾ ਦੀ ਪ੍ਰਧਾਨਗੀ ਹੇਠ ਡਾਇੰਗ ਅਤੇ ਫਿਨਿਸ਼ਿੰਗ ਯੂਨਿਟ ਸੈਕਟਰ ਦੀ ਕਮੇਟੀ ਬਣਾਈ ਗਈ ਹੈ। ਇਨ੍ਹਾਂ ਕਮੇਟੀਆਂ ਵੱਲੋਂ ਪਹਿਲੀ ਅਕਤੂਬਰ ਤੱਕ ਆਪਣੀ ਸਿਫਾਰਿਸ਼ਾਂ ਸਰਕਾਰ ਨੂੰ ਸੌਂਪੀਆਂ ਜਾਣਗੀਆਂ।ਅਰੋੜਾ ਨੇ ਕਿਹਾ ਕਿ ਸਪਿਨਿੰਗ ਅਤੇ ਬੁਣਾਈ ਕਮੇਟੀ ਦਾ ਚੇਅਰਮੈਨ ਐੱਸਪੀ ਓਸਵਾਲ ਨੂੰ ਲਾਇਆ ਗਿਆ ਹੈ। ਮੈਂਬਰ ਸਕੱਤਰ ਲੁਧਿਆਣਾ ਦੇ ਏਡੀਜੀ (ਜਨਰਲ) ਹੋਣਗੇ। ਇਸੇ ਤਰ੍ਹਾਂ ਅਭਿਸ਼ੇਕ ਗੁਪਤਾ, ਅਮਿਤ ਜੈਨ, ਅਮਿਤ ਥਾਪਰ, ਕੇਕੇ ਸ਼ਰਮਾ, ਕਮਲ ਡਾਲਮੀਆ, ਪ੍ਰਿਯੰਕਾ ਗੋਇਲ, ਰਵਿੰਦਰ ਖੰਨਾ, ਸਚਿਨ ਖੰਨਾ, ਸੰਭਵ ਓਸਵਾਲ, ਸਿਧਾਰਥ ਖੰਨਾ ਨੂੰ ਮੈਂਬਰ ਚੁਣਿਆ ਗਿਆ ਹੈ।
ਅਪੈਰਲਜ਼ ਕਮੇਟੀ ਦਾ ਚੇਅਰਮੈਨ ਸੰਦੀਪ ਜੈਨ ਨੂੰ ਲਾਇਆ ਗਿਆ ਹੈ। ਲੁਧਿਆਣਾ ਦੇ ਏਡੀਸੀ ਜਨਰਲ ਇਸ ਦੇ ਮੈਂਬਰ ਸਕੱਤਰ ਹੋਣਗੇ। ਇਸ ਤੋਂ ਇਲਾਵਾ ਅਰਨਵ ਸਲੂਜਾ, ਹਰਭਜਨ ਸਿੰਘ, ਮਹੇਸ਼ ਖੰਨਾ, ਮਨਦੀਪ ਦੁਆ, ਮਨੀਸ਼ ਅਵਸਥੀ, ਸੌਰਭ ਕੇਜਰੀਵਾਲ, ਸੁਧੀਰ ਕੁਮਾਰ ਜੈਨ, ਉਜਵਲ ਗਰਗ, ਵਰੁਣ ਮਿੱਤਲ, ਵਿਨੋਦ ਥਾਪਰ ਤੇ ਯੁਵਰਾਜ ਅਰੋੜਾ ਨੂੰ ਮੈਂਬਰ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਡਾਇੰਗ ਅਤੇ ਫਿਨਿਸ਼ਿੰਗ ਯੂਨਿਟ ਕਮੇਟੀ ਦਾ ਚੇਅਰਮੈਨ ਰਜਨੀਸ਼ ਗੁਪਤਾ ਨੂੰ ਲਾਇਆ ਗਿਆ ਹੈ। ਇਸ ਕਮੇਟੀ ਵਿੱਚ ਏਡੀਸੀ (ਜਨਰਲ) ਲੁਧਿਆਣਾ ਨੂੰ ਮੈਂਬਰ ਸਕੱਤਰ, ਜਦਕਿ ਅਭਿਨਵ ਓਸਵਾਲ, ਅਸ਼ੋਕ ਮੱਕੜ, ਬੌਬੀ ਜਿੰਦਲ, ਡੀਸੀ ਚਾਵਲਾ, ਡੀਕੇ ਰਾਮਪਾਲ, ਮਨਦੀਪ ਸਿੰਘ, ਰਾਹੁਲ ਵਰਮਾ, ਸੰਚਿਤ ਸੂਦ, ਸੁਭਾਂਸ਼ੂ ਗੁਪਤਾ ਤੇ ਸੁਭਾਸ਼ ਸੈਣੀ ਨੂੰ ਮੈਂਬਰ ਚੁਣਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਭਵਿਖ ਵਿੱਚ ਹੋਰ ਖੇਤਰਾਂ ਨਾਲ ਸਬੰਧਤ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਇਨ੍ਹਾਂ ਕਮੇਟੀਆਂ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਨਵੀਂ ਸਨਅਤੀ ਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਲਦ ਹੀ 5 ਹਜ਼ਾਰ ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਆਉਣ ਵਾਲੀ ਹੈ।