ਕੋਇੰਬਟੂਰ ਹਵਾਈ ਅੱਡੇ ਨੇੜੇ ਕਾਲਜ ਵਿਦਿਆਰਥਣ ਨਾਲ ਜਿਨਸੀ ਦੁਰਾਚਾਰ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਪੁਲੀਸ ਨੇ ਮੁਕਾਬਲੇ ਦੌਰਾਨ ਮੁਲਜ਼ਮਾਂ ਨੂੰ ਕਾਬੂ ਕੀਤਾ; ਮੁਲਜ਼ਮਾਂ ਦੀਆਂ ਲੱਤਾਂ ’ਤੇ ਗੋਲੀ ਮਾਰੀ, ਹਸਪਤਾਲ ਦਾਖ਼ਲ
ਕੋਇੰਮਬਟੂਰ ਹਵਾਈ ਅੱਡੇ ਨੇੜੇ ਕਾਲਜ ਵਿਦਿਆਰਥਣ ਨਾਲ ਕਥਿਤ ਜਿਨਸੀ ਦੁਰਾਚਾਰ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਥਾਵਾਸੀ, ਕਾਰਤਿਕ ਤੇ ਕਾਲੀਸਵਰਨ ਵਜੋਂ ਹੋਈ ਹੈ ਤੇ ਪੁਲੀਸ ਨੇ ਮੰਗਲਵਾਰ ਤੜਕੇ ਇਕ ਮੁਕਾਬਲੇ ਮਗਰੋਂ ਇਨ੍ਹਾਂ ਨੂੰ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਦੌਰਾਨ ਇਨ੍ਹਾਂ ਤਿੰਨਾਂ ਦੀਆਂ ਲੱਤਾਂ ’ਤੇ ਗੋਲੀ ਮਾਰੀ ਗਈ ਤੇ ਇਨ੍ਹਾਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ।
ਪੁੁਲੀਸ ਮੁਤਾਬਕ ਮੁਲਜ਼ਮਾਂ ਨੇ 19 ਸਾਲਾ ਮਹਿਲਾ ਵਿਦਿਆਰਥਣ ਦੇ ਪੁਰਸ਼ ਮਿੱਤਰ ’ਤੇ ਹਮਲਾ ਕਰਕੇ ਉਸ ਨੂੰ ਭਜਾ ਦਿੱਤਾ ਅਤੇ 2 ਨਵੰਬਰ ਦੀ ਰਾਤ ਨੂੰ ਸੁੰਨਸਾਨ ਥਾਂ ’ਤੇ ਵਿਦਿਆਰਥਣ ਨਾਲ ਕਥਿਤ ਜਿਨਸੀ ਦੁਰਾਚਾਰ ਕੀਤਾ। ਮੁਲਜ਼ਮਾਂ ਦੀ ਪੈੜ ਨੱਪਣ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੱਤ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਵਿਦਿਆਰਥੀ ਤੇ ਉਸ ਦੀ ਮਹਿਲਾ ਦੋਸਤ ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਘਟਨਾ ਨੇ ਰਾਜ ਭਰ ਵਿੱਚ ਸਨਸਨੀ ਅਤੇ ਰਾਜਨੀਤਕ ਰੋਸ ਪੈਦਾ ਕਰ ਦਿੱਤਾ। ਵੱਖ-ਵੱਖ ਪਾਰਟੀਆਂ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾਵਾਂ ਦੀ ਸੁਰੱਖਿਆ ਨੂੰ ਕਥਿਤ ਤੌਰ ’ਤੇ ਕਮਜ਼ੋਰ ਕਰਨ ਲਈ ਸੂਬਾ ਸਰਕਾਰ ਦੀ ਨਿਖੇਧੀ ਕਰਦੇ ਹੋਏ, ਏਆਈਏਡੀਐਮਕੇ ਦੇ ਜਨਰਲ ਸਕੱਤਰ ਏਡਾਪੱਡੀ ਕੇ. ਪਲਾਨੀਸਵਾਮੀ ਨੇ ਕਿਹਾ ਕਿ ਏਆਈਏਡੀਐਮਕੇ ਦੇ ਸ਼ਾਸਨ ਦੌਰਾਨ, ਤਾਮਿਲਨਾਡੂ ਭਾਰਤ ਦਾ ਮੋਹਰੀ ਰਾਜ ਸੀ ਜਿੱਥੇ ਮਹਿਲਾਵਾਂ ਸੁਰੱਖਿਅਤ ਸਨ। ਉਨ੍ਹਾਂ ਕਿਹਾ ਕਿ ਅੰਮਾ (ਮਰਹੂਮ ਮੁੱਖ ਮੰਤਰੀ ਜੇ. ਜੈਲਲਿਤਾ) ਸਰਕਾਰ ਨੇ ਮਹਿਲਾਵਾਂ ਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਸੀ।
ਸਾਬਕਾ ਮੁੱਖ ਮੰਤਰੀ ਨੇ X ’ਤੇ ਕਿਹਾ, ‘‘ਕੁਝ ਮਹੀਨੇ ਪਹਿਲਾਂ, ਮੈਂ AIADMK ਵੱਲੋਂ ਚੇਨਈ ਵਿੱਚ ਇੱਕ ਸਮਾਗਮ ਦਾ ਉਦਘਾਟਨ ਕੀਤਾ ਸੀ, ਜਿੱਥੇ ਮਹਿਲਾਵਾਂ ਨੂੰ ਮਿਰਚ ਸਪਰੇਅ, ਇੱਕ ਟਾਰਚ ਅਤੇ ਹੋਰ ਸੁਰੱਖਿਆ ਉਪਕਰਣਾਂ ਵਾਲਾ ਇੱਕ ਡੱਬਾ ਦਿੱਤਾ ਗਿਆ ਸੀ। ਪਾਰਟੀ ਦੇ ਅਧਿਕਾਰੀਆਂ ਨੇ ਪੂਰੇ ਤਾਮਿਲਨਾਡੂ ਵਿੱਚ ਇਹ ਕਿੱਟਾਂ ਵੰਡਣ ਦਾ ਸਿਲਸਿਲਾ ਜਾਰੀ ਰੱਖਿਆ।’’
ਉਧਰ ਕੇਂਦਰੀ ਮੰਤਰੀ ਐਲ. ਮੁਰੂਗਨ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਭਿਆਨਕ ਘਟਨਾ ਇਸ ਗੱਲ ਦੀ ਉਦਾਹਰਣ ਹੈ ਕਿ ਤਾਮਿਲਨਾਡੂ ਵਿੱਚ ਮਹਿਲਾਵਾਂ ਵਿਰੁੱਧ ਘਿਨਾਉਣੇ ਅਪਰਾਧਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ।
ਮੁਰੂਗਨ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਕੋਇੰਬਟੂਰ ਜ਼ਿਲ੍ਹੇ ਦੇ ਇੱਕ ਪ੍ਰਮੁੱਖ ਖੇਤਰ ਵਿੱਚ ਇੱਕ ਨੌਜਵਾਨ ਵਿਦਿਆਰਥਣ ’ਤੇ ਜਿਨਸੀ ਹਮਲਾ ਤਾਮਿਲਨਾਡੂ ਸਰਕਾਰ ਅਤੇ ਪੁਲੀਸ ਦੀ ਅਯੋਗਤਾ ਨੂੰ ਦਰਸਾਉਂਦਾ ਹੈ।’’ ਉਨ੍ਹਾਂ ਕਿਹਾ ਕਿ ਇਹ ਦੁਖਦਾਈ ਹੈ ਕਿ ਪੁਲੀਸ, ਜਿਸ ਦੀ ਤੁਲਨਾ ਅਕਸਰ ਕੌਮਾਂਤਰੀ ਪੁਲੀਸ ਨਾਲ ਕੀਤੀ ਜਾਂਦੀ ਸੀ, ਮੁੱਖ ਮੰਤਰੀ ਐਮਕੇ ਸਟਾਲਿਨ ਦੇ ਸ਼ਾਸਨ ਦੌਰਾਨ ਬਹੁਤ ਜ਼ਿਆਦਾ ਨਿਘਾਰ ਦਾ ਸਾਹਮਣਾ ਕਰ ਰਹੀ ਹੈ। ਕੇਂਦਰੀ ਮੰਤਰੀ ਨੇ ਤਾਮਿਲ ਨਾਡੂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥਣ ਨੂੰ ਲੋੜੀਂਦਾ ਇਲਾਜ ਤੇ ਮੁਆਵਜ਼ਾ ਮੁਹੱਈਆ ਕਰੇ।

