DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਡੀਕਲ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਪੀਡ਼ਤਾ ਨੂੰ ਕਾਲਜ ਕੈਂਪਸ ’ਚੋਂ ਬਾਹਰ ਲਿਜਾਣ ਵਾਲਾ ਦੋਸਤ ਵੀ ਸ਼ੱਕ ਦੇ ਘੇਰੇ ਵਿੱਚ; ਉਡ਼ੀਸਾ ਮਹਿਲਾ ਕਮਿਸ਼ਨ ਵੱਲੋਂ ਸਾਰੇ ਦੋਸ਼ੀਆਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ। -ਫੋਟੋ: ਪੀਟੀਆਈ
Advertisement
ਪੱਛਮੀ ਬੰਗਾਲ ਦੇ ਪੱਛਮੀ ਬਰਧਮਾਨ ਜ਼ਿਲ੍ਹੇ ਵਿੱਚ ਨਿੱਜੀ ਮੈਡੀਕਲ ਕਾਲਜ ਦੀ ਵਿਦਿਆਰਥਣ ਨਾਲ ‘ਸਮੂਹਿਕ ਜਬਰ-ਜਨਾਹ’ ਮਾਮਲੇ ਵਿੱਚ ਪੁਲੀਸ ਨੇ ਅੱਜ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਧਰ, ਉੜੀਸਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੋਵਨਾ ਮੋਹੰਤੀ ਨੇ ਸਮੂਹਿਕ ਜਬਰ-ਜਨਾਹ ਦੇ ਸਾਰੇ ਦੋਸ਼ੀਆਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।ਪੁਲੀਸ ਅਧਿਕਾਰੀ ਨੇ ਦੱਸਿਆ, ‘‘ਅਸੀਂ ਇਸ ਮਾਮਲੇ ਸਬੰਧੀ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਅਸੀਂ ਬਾਅਦ ਵਿੱਚ ਹੋਰ ਵੇਰਵੇ ਦੇਵਾਂਗੇ।’’ ਉੜੀਸਾ ਦੇ ਜਲੇਸ਼ਵਰ ਦੀ ਰਹਿਣ ਵਾਲੀ ਵਿਦਿਆਰਥਣ ਨਾਲ ਦੁਰਗਾਪੁਰ ਵਿੱਚ ਕੁਝ ਵਿਅਕਤੀਆਂ ਵੱਲੋਂ ਕਥਿਤ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਦੁਰਗਾਪੁਰ ਦੇ ਪ੍ਰਾਈਵੇਟ ਮੈਡੀਕਲ ਕਾਲਜ ਕੈਂਪਸ ਦੇ ਬਾਹਰ ਉਸ ਸਮੇਂ ਵਾਪਰੀ ਜਦੋਂ ਦੂਜੇ ਸਾਲ ਦੀ ਵਿਦਿਆਰਥਣ ਆਪਣੇ ਇੱਕ ਦੋਸਤ ਨਾਲ ਖਾਣਾ ਖਾਣ ਗਈ ਸੀ। ਅਧਿਕਾਰੀ ਨੇ ਕਿਹਾ ਕਿ ਪੀੜਤਾ ਦੀ ਸਿਹਤ ਵਿੱਚ ‘ਸੁਧਾਰ’ ਹੋ ਰਿਹਾ ਹੈ ਕਿਉਂਕਿ ਉਹ ਉਸ ਨਿੱਜੀ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਹੈ ਜਿੱਥੇ ਉਹ ਪੜ੍ਹ ਰਹੀ ਸੀ। ਉਸ ਨੇ ਪੁਲੀਸ ਨੂੰ ਆਪਣਾ ਬਿਆਨ ਦਿੱਤਾ ਹੈ।

ਉਧਰ ਇੱਕ ਪੁਲੀਸ ਸੂਤਰ ਨੇ ਕਿਹਾ, ‘‘ਤਿੰਨਾਂ ਮੁਲਜ਼ਮਾਂ ਨੂੰ ਮੋਬਾਈਲ ਫੋਨ ਟਾਵਰ ਡੰਪਿੰਗ ਵਿਧੀ ਰਾਹੀਂ ਟਰੇਸ ਕੀਤਾ ਗਿਆ ਸੀ। ਅਪਰਾਧ ਵਿੱਚ ਹੋਰ ਲੋਕ ਸ਼ਾਮਲ ਹੋ ਸਕਦੇ ਹਨ ਅਤੇ ਤਲਾਸ਼ੀ ਜਾਰੀ ਹੈ। ਅਸੀਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਇਹ ਮੁਲਜ਼ਮ ਪੀੜਤਾ ਜਾਂ ਉਸ ਦੇ ਦੋਸਤ ਨੂੰ ਜਾਣਦੇ ਸਨ ਜਿਸ ਨਾਲ ਉਹ ਕਾਲਜ ਤੋਂ ਬਾਹਰ ਗਈ ਸੀ। ਉਸ ਦੇ ਦੋਸਤ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।’’

Advertisement

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪੀੜਤਾ ਦੇ ਮੋਬਾਈਲ ਫੋਨ ਦੀ ਵਰਤੋਂ ਕਿਸੇ ਹੋਰ ਮੁਲਜ਼ਮ ਨੂੰ ਅਪਰਾਧ ਵਾਲੀ ਥਾਂ ’ਤੇ ਬੁਲਾਉਣ ਲਈ ਕੀਤੀ ਸੀ। ਇਸ ਨਾਲ ਉਨ੍ਹਾਂ ਨੂੰ ਸਾਰੇ ਮੁਲਜ਼ਮਾਂ ਦੀ ਪੈੜ ਨੱਪਣ ਵਿਚ ਮਦਦ ਮਿਲੀ। ਮੁਲਜ਼ਮਾਂ ਨੂੰ ਫੜਨ ਲਈ ਸ਼ਨਿੱਚਰਵਾਰ ਨੂੰ ਨਿੱਜੀ ਕਾਲਜ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਈ ਛਾਪੇ ਮਾਰੇ ਗਏ। ਇਸ ਦੌਰਾਨ ਫੋਰੈਂਸਿਕ ਮਾਹਿਰਾਂ ਨੇ ਜੰਗਲ ਤੋਂ ਵੀ ਸਬੂਤ ਇਕੱਠੇ ਕੀਤੇ ਜਿੱਥੇ ਇਹ ਘਟਨਾ ਵਾਪਰੀ ਸੀ।

Advertisement

ਇਸ ਦੌਰਾਨ ਪੱਛਮੀ ਬੰਗਾਲ ਮਹਿਲਾ ਕਮਿਸ਼ਨ ਦੇ ਨੁਮਾਇੰਦਿਆਂ ਵੱਲੋਂ ਕਾਲਜ ਦਾ ਦੌਰਾ ਅਤੇ ਪੀੜਤਾ ਤੇ ਉਸ ਦੇ ਮਾਪਿਆਂ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਡਾਕਟਰਜ਼ ਫੋਰਮ (ਬਡਲਿਊ ਬੀ ਡੀ ਐੱਫ) ਅਤੇ ਅਭੈ ਮੰਚ ਨੇ ਐੱਮ ਬੀ ਬੀ ਐੱਸ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਦੀ ਨਿਖੇਧੀ ਕੀਤੀ।

ਰਾਤ ਨੂੰ ਹੋਸਟਲਾਂ ਵਿੱਚੋਂ ਬਾਹਰ ਨਾ ਨਿਕਲਣ ਵਿਦਿਆਰਥਣਾਂ: ਮਮਤਾ

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਹੋਸਟਲ ਵਿੱਚ ਰਹਿ ਰਹੀਆਂ, ਖਾਸ ਕਰ ਬਾਹਰਲੇ ਸੂਬਿਆਂ ਦੀਆਂ ਵਿਦਿਆਰਥਣਾਂ ਨੂੰ ਹੋਸਟਲ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੇਰ ਰਾਤ ਤੱਕ ਬਾਹਰ ਨਹੀਂ ਨਿਕਲਣਾ ਚਾਹੀਦਾ। ਮਮਤਾ ਦਾ ਇਹ ਬਿਆਨ ਉੜੀਸਾ ਦੀ ਮੈਡੀਕਲ ਵਿਦਿਆਰਥਣ ਨਾਲ ਦੁਰਗਾਪੁਰ ਦੇ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਕੈਂਪਸ ਦੇ ਬਾਹਰ ਕਥਿਤ ਸਮੂਹਿਕ ਜਬਰ-ਜਨਾਹ ਦੀ ਘਟਨਾ ਮਗਰੋਂ ਆਇਆ ਹੈ। ਉਨ੍ਹਾਂ ਕਿਹਾ, ‘‘ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀ, ਖ਼ਾਸ ਕਰ ਜੋ ਬਾਹਰਲੇ ਸੂਬਿਆਂ ਤੋਂ ਪੱਛਮੀ ਬੰਗਾਲ ਪੜ੍ਹਾਈ ਕਰਨ ਲਈ ਆਉਂਦੇ ਹਨ, ਤੋਂ ਹੋਸਟਲਾਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦੇਰ ਰਾਤ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਨੂੰ ਕਿਤੇ ਵੀ ਜਾਣ ਦਾ ਮੌਲਿਕ ਅਧਿਕਾਰ ਹੈ। ਪਰ ਪੁਲੀਸ ਕੋਲ ਹਰ ਵਿਅਕਤੀ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੀਆਂ ਕੁੱਝ ਸੀਮਾਵਾਂ ਹਨ। ਪੁਲੀਸ ਅਧਿਕਾਰੀ ਇਹ ਪਤਾ ਨਹੀਂ ਕਰ ਸਕਦਾ ਕਿ ਰਾਤ ਨੂੰ ਕੌਣ ਘਰੋਂ ਬਾਹਰ ਨਿਕਲ ਰਿਹਾ ਹੈ ਅਤੇ ਉਹ ਹਰ ਘਰ ਅੱਗੇ ਪਹਿਰਾ ਨਹੀਂ ਦੇ ਸਕਦੇ।’’ ਉਹ ਕੁਦਰਤੀ ਆਫ਼ਤ ਪ੍ਰਭਾਵਿਤ ਉੱਤਰੀ ਬੰਗਾਲ ਵਿੱਚ ਰਾਹਤ ਤੇ ਪੁਨਰਵਾਸ ਕਾਰਜਾਂ ਦੀ ਸਮੀਖਿਆ ਲਈ ਰਵਾਨਾ ਹੋਣ ਤੋਂ ਪਹਿਲਾਂ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਮਮਤਾ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲੀ ਦੱਸਦਿਆਂ ਕਿਹਾ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। -ਪੀਟੀਆਈ

ਲਖਨਊ ’ਚ ਦਲਿਤ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ

ਲਖਨਊ: ਇੱਥੇ ਪੰਜ ਅਣਪਛਾਤੇ ਵਿਅਕਤੀਆਂ ਨੇ 11ਵੀਂ ਜਮਾਤ ਦੀ 16 ਸਾਲਾ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਕ੍ਰਿਸ਼ਨਾਨਗਰ ਦੇ ਸਹਾਇਕ ਪੁਲੀਸ ਕਮਿਸ਼ਨਰ ਵਿਕਾਸ ਕੁਮਾਰ ਪਾਂਡੇ ਨੇ ਦੱਸਿਆ ਕਿ ਦਲਿਤ ਲੜਕੀ ਬੀਤੇ ਦਿਨ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਇੱਕ ਜਾਣਕਾਰ ਨਾਲ ਮੋਟਰਸਾਈਕਲ ’ਤੇ ਜਾ ਰਹੀ ਸੀ।

ਪਾਂਡੇ ਨੇ ਕਿਹਾ, ‘ਲੜਕੀ ਅਤੇ ਉਸ ਦਾ ਜਾਣਕਾਰ ਬੰਥਰਾ ਥਾਣੇ ਅਧੀਨ ਪੈਂਦੇ ਪੈਟਰੋਲ ਪੰਪ ਨੇੜੇ ਇੱਕ ਅੰਬ ਦੇ ਬਾਗ ਵਿੱਚ ਗੱਲ ਕਰਨ ਲਈ ਰੁਕੇ ਤਾਂ ਪੰਜ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਜਾਣਕਾਰ ਦੀ ਕੁੱਟਮਾਰ ਕੀਤੀ, ਜਿਸ ਮਗਰੋਂ ਉਹ ਮੌਕੇ ਤੋਂ ਭੱਜ ਗਿਆ। ਇਸ ਤੋਂ ਬਾਅਦ ਅਣਪਛਾਤਿਆਂ ਨੇ ਲੜਕੀ ਨਾ ਜਬਰ-ਜਨਾਹ ਕੀਤਾ।’ ਘਟਨਾ ਤੋਂ ਬਾਅਦ ਪੀੜਤ ਨੇ ਆਪਣੇ ਰਿਸ਼ਤੇਦਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਸਪਾ ਮੁਖੀ ਮਾਇਆਵਤੀ ਨੇ ਇਸ ਘਟਨਾ ਨੂੰ ‘ਬਹੁਤ ਦੁਖਦਾਈ ਅਤੇ ਸ਼ਰਮਨਾਕ’ ਦੱਸਿਆ ਹੈ। ਉਨ੍ਹਾਂ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਵੱਡੇ ਕਦਮ ਚੁੱਕਣ ਦੀ ਅਪੀਲ ਵੀ ਕੀਤੀ। ਉਨ੍ਹਾਂ ਐਕਸ ’ਤੇ ਕਿਹਾ, ‘ਔਰਤਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।’ -ਪੀਟੀਆਈ

ਬੰਗਾਲ ’ਚ ਧੀ ਦੀ ਜਾਨ ਨੂੰ ਖ਼ਤਰਾ: ਪਿਤਾ

ਭੁਬਨੇਸ਼ਵਰ: ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਕਥਿਤ ਜਬਰ-ਜਨਾਹ ਦਾ ਸ਼ਿਕਾਰ 23 ਸਾਲਾ ਵਿਦਿਆਰਥਣ ਦੇ ਪਿਤਾ ਨੇ ਆਪਣੀ ਧੀ ਦੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕਰਦਿਆਂ ਅੱਜ ਉੜੀਸਾ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਨੂੰ ਇਲਾਜ ਲਈ ਭੁਵਨੇਸ਼ਵਰ ਲਿਆਂਦਾ ਜਾਵੇ। -ਪੀਟੀਆਈ

Advertisement
×