ਭਾਰਤੀ ਨਾਗਰਿਕਾਂ ਨਾਲ ਉਲਝਣ ਵਾਲਿਆਂ ਨੂੰ ਨਤੀਜੇ ਭੁਗਤਣੇ ਪੈਣਗੇ: ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਨੇ ਦੁਨੀਆਂ ਨੂੰ ਸਖ਼ਤ ਸੁਨੇਹਾ ਦਿੱਤਾ ਹੈ ਕਿ ਕਿਸੇ ਨੂੰ ਵੀ ਭਾਰਤੀ ਨਾਗਰਿਕਾਂ ਜਾਂ ਮੁਲਕ ਦੀਆਂ ਸਰਹੱਦਾਂ ਜਾਂ ਇਸ ਦੀਆਂ ਫੌਜਾਂ ਨਾਲ ਨਹੀਂ ਉਲਝਣਾ ਚਾਹੀਦਾ ਅਤੇ ਜੋ ਵੀ ਅਜਿਹਾ ਕਰੇਗਾ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤੀ ਫੌਜਾਂ ਵੱਲੋਂ ਪਾਕਿਸਤਾਨ ’ਚ ਦਹਿਸ਼ਤੀ ਕੈਂਪਾਂ ’ਤੇ ਕਾਰਵਾਈ ਲਈ ਚਲਾਏ ‘ਅਪਰੇਸ਼ਨ ਸਿੰਧੂਰ’ ਦਾ ਹਵਾਲਾ ਦਿੰਦਿਆਂ ਸ਼ਾਹ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਕਰਨ ਲਈ ਸਭ ਤੋਂ ਵੱਡਾ ਕੰਮ ਕੀਤਾ ਹੈ। ਕਾਂਗਰਸ ਦਾ ਰਾਜ ’ਚ ਦੇਸ਼ ਨੂੰ ਹਰ ਦਿਨ ਦਹਿਸ਼ਤੀ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਸੀ। ਸ਼ਾਹ ਇੱਥੇ ਕੌਮਾਂਤਰੀ ਸਹਿਕਾਰਤਾ ਸਾਲ-2025 ਮੌਕੇ ਸਮਾਗਮ ’ਚ ਸ਼ਾਮਲ ਹੋਣ ਆਏ ਸਨ।
ਸ਼ਾਹ ਨੇ ਆਖਿਆ, ‘‘ਪਹਿਲਾਂ ਉੜੀ ’ਚ ਹਮਲਾ ਹੋਇਆ ਤਾਂ ਮੋਦੀ ਨੇ ਫ਼ੈਸਲਾਕੁਨ ਕਰਵਾਈ ਕੀਤੀ ਅਤੇ ਸਰਜੀਕਲ ਸਟਰਾਈਕ ਕੀਤੀ ਗਈ। ਪੁਲਵਾਮਾ ’ਚ ਹਮਲਾ ਹੋਇਆ ਤਾਂ ਏਅਰਸਟਰਾਈਕ ਕੀਤੀ ਅਤੇ ਪਹਿਲਗਾਮ ’ਚ ਹਮਲਾ ਕੀਤਾ ਗਿਆ ਤਾਂ ‘ਆਪਰੇਸ਼ਨ ਸਿੰਧੂਰ’ ਰਾਹੀਂ ਪਾਕਿਸਤਾਨ ਦੀ ਹੱਦ ’ਚ ਜਾ ਕੇ ਅਤਿਵਾਦੀਆਂ ਨੂੰ ਮਾਰਿਆ ਗਿਆ।’’ ਉਨ੍ਹਾਂ ਕਿਹਾ, ‘ਮੋਦੀ ਦੀਆਂ ਕਰਵਾਈਆਂ ਨੇ ਦੁਨੀਆ ਨੂੰ ਇੱਕ ਸਖਤ ਸੁਨੇਹਾ ਦਿੱਤਾ ਹੈ ਕਿ ਭਾਰਤ ਦੇ ਨਾਗਰਿਕਾਂ, ਭਾਰਤ ਦੀ ਫੌਜ ਤੇ ਭਾਰਤ ਦੀ ਸਰਹੱਦ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ। ਜੋ ਵੀ ਅਜਿਹਾ ਕਰਨ ਦੀ ਹਿੰਮਤ ਕਰੇਗਾ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।’’