ਜੋ ਜਾਂਚ ਕਰਦੇ ਹਨ, ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਖ਼ਿਲਾਫ਼ ਦੋ ਦਹਾਕੇ ਪੁਰਾਣੇ ਇੱਕ ਮਾਮਲੇ ’ਚ ਐੱਫ ਆਈ ਆਰ ਦਰਜ ਕਰਨ ਦਾ ਹੁਕਮ ਦਿੰਦਿਆਂ ਅੱਜ ਕਿਹਾ ਕਿ ਜੋ ਲੋਕ ਜਾਂਚ ਕਰਦੇ ਹਨ, ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ’ਚ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੇ ਜਾਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਹਨ। ਇਹ ਮਾਮਲਾ 2001 ਦੀ ਘਟਨਾ ਨਾਲ ਜੁੜਿਆ ਹੋਇਆ ਹੈ ਜਦੋਂ ਨੀਰਜ ਕੁਮਾਰ ਸੀ ਬੀ ਆਈ ਦੇ ਜੁਆਇੰਟ ਡਾਇਰੈਕਟਰ ਸਨ ਅਤੇ ਉਨ੍ਹਾਂ ’ਤੇ ਇੱਕ ਮਾਮਲੇ ’ਚ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਦਿੱਲੀ ਹਾਈ ਕੋਰਟ ਨੇ 13 ਮਾਰਚ 2019 ਨੂੰ ਆਪਣੇ ਸਿੰਗਲ ਬੈਂਚ ਦੇ ਸਾਲ 2006 ਦੇ ਉਸ ਹੁਕਮ ਖ਼ਿਲਾਫ਼ ਅਪੀਲ ਖਾਰਜ ਕਰ ਦਿੱਤੀ ਜਿਸ ਤਹਿਤ ਕੁਮਾਰ ਤੇ ਤਤਕਾਲੀ ਸੀ ਬੀ ਆਈ ਅਧਿਕਾਰੀ ਵਿਨੋਦ ਪਾਂਡੇ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਜਸਟਿਸ ਪੰਕਜ ਮਿਥਲ ਤੇ ਜਸਟਿਸ ਪੀ ਬੀ ਵਰਾਲੇ ਦੇ ਬੈਂਚ ਨੇ ਕਿਹਾ, ‘ਹੁਣ ਸਮਾਂ ਆ ਗਿਆ ਹੈ ਕਿ ਜਾਂਚ ਕਰਨ ਵਾਲਿਆਂ ਦੀ ਵੀ ਕਦੀ-ਕਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਜਨਤਾ ਦਾ ਸਿਸਟਮ ’ਚ ਭਰੋਸਾ ਬਣਿਆ ਰਹੇ।’ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਬੈਂਚ ਨੇ ਨਿਰਦੇਸ਼ ਦਿੱਤਾ ਕਿ ਦਿੱਲੀ ਪੁਲੀਸ ਦਾ ਵਿਸ਼ੇਸ਼ ਸੈੱਲ ਮਾਮਲੇ ਦੀ ਜਾਂਚ ਕਰੇ। ਬੈਂਚ ਨੇ ਸਪੱਸ਼ਟ ਕੀਤਾ ਕਿ ਜਾਂਚ ਸਹਾਇਕ ਪੁਲੀਸ ਕਮਿਸ਼ਨਰ (ਏ ਸੀ ਪੀ) ਰੈਂਕ ਤੋਂ ਹੇਠਾਂ ਦੇ ਅਧਿਕਾਰੀ ਵੱਲੋਂ ਨਹੀਂ ਕੀਤੀ ਜਾਣੀ ਚਾਹੀਦੀ।