ਅਤਿਵਾਦ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ: NSA ਡੋਵਾਲ
ਬੀਜਿੰਗ, 24 ਜੂਨ
ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨੇ ਸ਼ੰਘਾਈ ਸਹਿਯੋਗ ਸੰਗਠਨ (SCO) ਨੂੰ ਸਰਹੱਦ ਪਾਰ ਅਤਿਵਾਦ ਦੇ ਦੋਸ਼ੀਆਂ, ਪ੍ਰਬੰਧਕਾਂ, ਵਿੱਤੀ ਸਹਿਯੋਗੀਆਂ ਨੂੰ ਜਵਾਬਦੇਹ ਠਹਿਰਾਉਣ ਦੀ ਅਪੀਲ ਕੀਤੀ, ਜਿਸ ਨੂੰ ਪਾਕਿਸਤਾਨ-ਸਮਰਥਿਤ ਅਤਿਵਾਦ ਵਿਰੁੱਧ ਕਾਰਵਾਈ ਕਰਨ ਦੀ ਮੰਗ ਵਜੋਂ ਵੇਖਿਆ ਜਾ ਰਿਹਾ ਹੈ।
SCO ਦੇ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਦੇ ਇੱਕ ਸੰਮੇਲਨ ਵਿੱਚ ਆਪਣੇ ਸੰਬੋਧਨ ਦੌਰਾਨ ਡੋਵਾਲ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅਤਿਵਾਦੀ ਸਮੂਹਾਂ ਜਿਵੇਂ ਕਿ ਲਸ਼ਕਰ-ਏ-ਤੋਇਬਾ (LeT), ਜੈਸ਼-ਏ-ਮੁਹੰਮਦ (JeM), ਅਲ ਕਾਇਦਾ, ਆਈਐੱਸਆਈਐੱਸ ਅਤੇ ਇਸਦੇ ਸਹਿਯੋਗੀਆਂ ਤੋਂ ਲਗਾਤਾਰ ਖ਼ਤਰੇ ਬਾਰੇ ਡੂੰਘੀ ਚਿੰਤਾ ਵਿੱਚ ਹੈ।
NSA ਨੇ ਕਿਹਾ ਕਿ ਨਵੀਂ ਦਿੱਲੀ ਨੇ ਪਹਿਲਗਾਮ ਹਮਲੇ ਤੋਂ ਬਾਅਦ ਅਤਿਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਅਤੇ ਭਾਰਤ ਵਿੱਚ ਹਮਲੇ ਕਰਨ ਤੋਂ ਰੋਕਣ ਲਈ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ। ਡੋਵਾਲ ਨੇ ਕਿਹਾ ਕਿ ਭਾਰਤ ਦੀਆਂ ਕਾਰਵਾਈਆਂ ਨਪੀਆਂ ਤੁਲੀਆਂ ਸਨ।
ਡੋਵਾਲ ਨੇ ਅਤਿਵਾਦ ਵਿਰੁੱਧ ਲੜਾਈ ਵਿੱਚ ਦੋਹਰੇ ਮਾਪਦੰਡਾਂ ਨੂੰ ਛੱਡਣ ਅਤੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਅਤਿਵਾਦੀਆਂ ਅਤੇ ਸੰਸਥਾਵਾਂ ਅਤੇ ਉਨ੍ਹਾਂ ਲਈ ਕੰਮ ਕਰਨ ਵਾਲਿਆਂ ਵਿਰੁੱਧ ਫੈਸਲਾਕੁੰਨ ਕਾਰਵਾਈਆਂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। -ਏਐੱਨਆਈ