DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਰ ਮਚਾਏ ਸ਼ੋਰ: ਭਾਜਪਾ ਵੱਲੋਂ ਰਾਹੁਲ ਦੀ ਸੰਸਦੀ ਸੀਟ ’ਤੇ ਵੋਟਰ ਸੂਚੀ ’ਚ ਫ਼ਰਜ਼ੀਵਾੜੇ ਦੇ ਦੋਸ਼

ਵੱਖ-ਵੱਖ ਸੀਟਾਂ ’ਤੇ ਵੋਟਰ ਰਜਿਸਟਰੇਸ਼ਨ ’ਚ ਅਨਿਯਮਤਾਵਾਂ ਤਹਿਤ ਰਾਹੁਲ, ਪ੍ਰਿਯੰਕਾ, ਅਭਿਸ਼ੇਕ ਬੈਨਰਜੀ ਤੇ ਅਖਿਲੇਸ਼ ਯਾਦਵ ਦੇ ਅਸਤੀਫੇ ਮੰਗੇ
  • fb
  • twitter
  • whatsapp
  • whatsapp
featured-img featured-img
ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਏਐੱਨਆਈ
Advertisement
ਭਾਰਤੀ ਜਨਤਾ ਪਾਰਟੀ ਨੇ ਰਾਏਬਰੇਲੀ, ਵਾਇਨਾਡ, ਡਾਇਮੰਡ ਹਾਰਬਰ ਅਤੇ ਕੰਨੌਜ ਸੰਸਦੀ ਸੀਟਾਂ ’ਤੇ ਵੋਟਰ ਰਜਿਸਟਰੇਸ਼ਨ ਵਿੱਚ ਅਨਿਯਮਤਾਵਾਂ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਅਭਿਸ਼ੇਕ ਬੈਨਰਜੀ ਅਤੇ ਅਖਿਲੇਸ਼ ਯਾਦਵ ਤੋਂ ਲੋਕ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫੇ ਦੇਣ ਦੀ ਮੰਗ ਕੀਤੀ ਹੈ। ਭਾਜਪਾ ਦਾ ਦੋਸ਼ ਹੈ ਕਿ ਵਿਰੋਧੀ ਧਿਰ ਦੇ ਇਨ੍ਹਾਂ ਆਗੂਆਂ ਨੇ ‘ਵੋਟ ਚੋਰੀ’ ਰਾਹੀਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ।

ਭਾਜਪਾ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ’ਤੇ ਕੌਮੀ ਸੁਰੱਖਿਆ ਨਾਲ ਸਮਝੌਤੇ ਕਰਦਿਆਂ ਇਮਾਨਦਾਰ ਤੇ ਅਸਲ ਭਾਰਤੀਆਂ ਦਾ ਬਹੁਮਤ ਚੋਰੀ ਕਰਨ ਲਈ ਚੋਣ ਕਮਿਸ਼ਨ ਖ਼ਿਲਾਫ਼ ਇਕ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ। ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਭਾਜਪਾ ਹੈੱਡਕੁਆਰਟਰ ਵਿੱਚ ਇਸ ਮੁੱਦੇ ’ਤੇ ਇਕ ਸਲਾਈਡ ਸ਼ੋਅ ਦੀ ਪੇਸ਼ਕਾਰੀ ਰਾਹੀਂ ਵਿਰੋਧੀ ਧਿਰ ਦੇ ਆਗੂਆਂ ਦੀ ਨੁਮਾਇੰਦਗੀ ਵਾਲੇ ਇਨ੍ਹਾਂ ਚੋਣ ਖੇਤਰਾਂ ਵਿੱਚ ਵੋਟਰ ਸੂਚੀਆਂ ਦਾ ਵਿਸ਼ਲੇਸ਼ਣ ਕਰ ਕੇ ਇਹ ਦੋਸ਼ ਲਗਾਏ। ਠਾਕੁਰ ਨੇ ਤਾਮਿਲਨਾਡੂ ਦੀ ਕੋਲਾਥੁਰ ਵਿਧਾਨ ਸਭਾ ਸੀਟ ਅਤੇ ਉੱਤਰ ਪ੍ਰਦੇਸ਼ ਦੀ ਮੈਨਪੁਰੀ ਲੋਕ ਸਭਾ ਸੀਟ ’ਤੇ ਵੋਟਰ ਰਜਿਸਟਰੇਸ਼ਨ ਵਿੱਚ ਕਥਿਤ ਅਨਿਯਮਤਾਵਾਂ ਦਾ ਮੁੱਦਾ ਵੀ ਉਠਾਇਆ ਅਤੇ ਚੋਣਾਂ ਵਿੱਚ ਧਾਂਦਲੀ ਲਈ ਮੁੱਖ ਮੰਤਰੀ ਤੇ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਅਤੇ ਸਮਾਜਵਾਦੀ ਪਾਰਟੀ ਦੀ ਆਗੂ ਡਿੰਪਲ ਯਾਦਵ ਤੋਂ ਅਸਤੀਫਾ ਮੰਗਿਆ। ਉਨ੍ਹਾਂ ਚੋਣ ਕਮਿਸ਼ਨ ’ਤੇ ਸਵਾਲ ਉਠਾਉਣ ਲਈ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਡੀਐੱਮਕੇ ਆਗੂਆਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ’ਤੇ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਖ਼ਿਲਾਫ਼ ਮਾੜੇ ਪ੍ਰਚਾਰ ਦਾ ਦੋਸ਼ ਲਗਾਇਆ। ਭਾਜਪਾ ਆਗੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਆਪਣੇ ‘ਗੈਰ-ਕਾਨੂੰਨੀ ਘੁਸਪੈਠ ਦੇ ਵੋਟ ਬੈਂਕ’ ਅਤੇ ਹੋਰ ‘ਘੁਸਪੈਠੀਆਂ’ ਦੀ ਰੱਖਿਆ ਲਈ ਚੋਣ ਕਮਿਸ਼ਨ ’ਤੇ ਇਹ ਦੋਸ਼ ਲਗਾ ਰਹੇ ਹਨ।

Advertisement

ਜੇ ਵੋਟਰ ਸੂਚੀਆਂ ਫ਼ਰਜ਼ੀ ਤਾਂ ਲੋਕ ਸਭਾ ਚੋਣਾਂ ਰੱਦ ਹੋਣ: ਕਾਂਗਰਸ

ਨਵੀਂ ਦਿੱਲੀ: ਭਾਜਪਾ ’ਤੇ ਵਰ੍ਹਦਿਆਂ ਕਾਂਗਰਸ ਨੇ ਕਿਹਾ ਕਿ ਹੁਕਮਰਾਨ ਧਿਰ ਵੱਲੋਂ ਸਾਂਝੇ ਕੀਤੇ ਗਏ ਅੰਕੜੇ ਉਸ ਦੇ ਚੋਣ ਕਮਿਸ਼ਨ ਨਾਲ ਗੰਢ-ਤੁਪ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ 2024 ਦੀਆਂ ਲੋਕ ਸਭਾ ਚੋਣਾਂ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ‘ਵੋਟਰ ਸੂਚੀਆਂ ਫ਼ਰਜ਼ੀ’ ਸਨ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਦੀ ਇਲੈਕਟ੍ਰਾਨਿਕ ਵੋਟਰ ਸੂਚੀ ਦੀ ਵੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਉਹ ਅਸਲ ’ਚ ਚੋਣ ਜਿੱਤੇ ਹਨ ਜਾਂ ਨਹੀਂ। ਭਾਜਪਾ ਵੱਲੋਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਅਭਿਸ਼ੇਕ ਬੈਨਰਜੀ ਅਤੇ ਅਖਿਲੇਸ਼ ਯਾਦਵ ਦੇ ‘ਵੋਟ ਚੋਰੀ’ ਨਾਲ ਜਿੱਤਣ ਕਰਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਕਾਂਗਰਸ ਦੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਪਾਰਟੀ ਨੂੰ ਇਕ ਵਿਧਾਨ ਸਭਾ ਹਲਕੇ ਦੇ ਅੰਕੜੇ ਇਕੱਤਰ ਕਰਨ ’ਚ ਛੇ ਮਹੀਨੇ ਲੱਗ ਗਏ ਪਰ ਭਾਜਪਾ ਨੂੰ ਪੰਜ-ਛੇ ਲੋਕ ਸਭਾ ਹਲਕਿਆਂ ਦੀ ਇਲੈਕਟ੍ਰਾਨਿਕ ਵੋਟਰ ਸੂਚੀ ਏਨੀ ਛੇਤੀ ਕਿਥੋਂ ਮਿਲ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਆਗੂਆਂ ਦੀ ਚੋਣ ਕਮਿਸ਼ਨ ਨਾਲ ਗੰਢ-ਤੁਪ ਹੈ। ਖੇੜਾ ਨੇ ਕਿਹਾ ਕਿ ਇਹ ਅਪਰਾਧ ਦਾ ਪੁਖ਼ਤਾ ਸਬੂਤ ਹੈ ਜੋ ਸਾਨੂੰ 24 ਘੰਟਿਆਂ ’ਚ ਮਿਲਣਾ ਚਾਹੀਦਾ ਹੈ ਤਾਂ ਜੋ ਉਸ ਦੀ ਜਾਂਚ ਕਰਵਾਈ ਜਾ ਸਕੇ। -ਪੀਟੀਆਈ

‘ਸੋਨੀਆ ਗਾਂਧੀ ਭਾਰਤੀ ਨਾਗਰਿਕਤਾ ਲੈਣ ਤੋਂ ਪਹਿਲਾਂ ਹੀ ਵੋਟਰ ਬਣੀ’

ਨਵੀਂ ਦਿੱਲੀ: ਵਿਰੋਧੀ ਧਿਰ ਵੱਲੋਂ ਸਰਕਾਰ ਅਤੇ ਚੋਣ ਕਮਿਸ਼ਨ ’ਤੇ ਲਗਾਏ ਗਏ ‘ਵੋਟ ਚੋਰੀ’ ਦੇ ਦੋਸ਼ਾਂ ਵਿਚਾਲੇ ਭਾਜਪਾ ਨੇ ਆਪਣਾ ਜਵਾਬੀ ਹਮਲਾ ਤੇਜ਼ ਕਰਦਿਆਂ ਅੱਜ ਦੋਸ਼ ਲਗਾਇਆ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਭਾਰਤੀ ਨਾਗਰਿਕ ਬਣਨ ਤੋਂ ਪਹਿਲਾਂ ਹੀ ਵੋਟਰ ਵਜੋਂ ਰਜਿਸਟਰਡ ਹੋ ਗਈ ਸੀ। ਭਾਜਪਾ ਦੇ ਸੂਚਨਾ ਤਕਨਾਲੋਜੀ ਵਿੰਗ ਦੇ ਮੁਖੀ ਅਮਿਤ ਮਾਲਵੀਆ ਨੇ ‘ਐਕਸ’ ਉੱਤੇ ਕਿਹਾ, ‘‘ਭਾਰਤ ਦੀ ਵੋਟਰ ਸੂਚੀ ਨਾਲ ਸੋਨੀਆ ਗਾਂਧੀ ਦਾ ਰਿਸ਼ਤਾ ਚੋਣ ਕਾਨੂੰਨਾਂ ਦੀ ਘੋਰ ਉਲੰਘਣਾ ਨਾਲ ਭਰਪੂਰ ਹੈ। ਸ਼ਾਇਦ ਇਹੀ ਕਾਰਨ ਹੈ ਕਿ ਰਾਹੁਲ ਗਾਂਧੀ ਅਯੋਗ ਤੇ ਗੈਰ-ਕਾਨੂੰਨੀ ਵੋਟਰਾਂ ਨੂੰ ਨਿਯਮਤ ਕਰਨ ਦੇ ਪੱਖ ਵਿੱਚ ਹਨ ਅਤੇ ਵਿਸ਼ੇਸ਼ ਵਿਆਪਕ ਸੁਧਾਈ ਮੁਹਿੰਮ ਦਾ ਵਿਰੋਧ ਕਰ ਰਹੇ ਹਨ।’’ -ਪੀਟੀਆਈ

Advertisement
×