ਜੰਮੂ, 24 ਜੂਨ
ਇੱਥੇ ਅੱਜ ਹਸਪਤਾਲ ਦੇ ਬਾਹਰ ਫੜੇ ਚੋਰ ਦੇ ਹੱਥ ਬੰਨ੍ਹ ਕੇ ਅਤੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਸੜਕਾਂ ’ਤੇ ਘੁਮਾਇਆ ਗਿਆ। ਇਸ ਦੌਰਾਨ ਕੁਝ ਸਮੇਂ ਲਈ ਉਸ ਨੂੰ ਪੁਲੀਸ ਦੀ ਚੱਲਦੀ ਗੱਡੀ ਦੇ ਬੋਨਟ ’ਤੇ ਵੀ ਬਿਠਾਇਆ ਗਿਆ। ਇਸ ਸਬੰਧੀ ਇੰਟਰਨੈੱਟ ’ਤੇ ਵੀਡੀਓ ਵੀ ਵਾਇਰਲ ਹੋਈ ਹੈ। ਜੰਮੂ ਦੇ ਐੱਸਐੱਸਪੀ ਜੋਗਿੰਦਰ ਸਿੰਘ ਨੇ ਇਸ ਦੀ ਨਿਖੇਧੀ ਕਰਦਿਆਂ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਬਖਸ਼ੀ ਨਗਰ ਥਾਣੇ ਦੇ ਐੱਸਐੱਚਓ ਆਜ਼ਾਦ ਮਨਹਾਸ ਨੇ ਦੱਸਿਆ ਕਿ ਚੋਰ ਕਸ਼ਮੀਰ ਦਾ ਰਹਿਣ ਵਾਲਾ ਸੀ ਤੇ ਉਸ ਨੇ ਸ਼ਰਾਬ ਪੀਤੀ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦਵਾਈ ਖਰੀਦਦੇ ਸਮੇਂ ਇੱਕ ਵਿਅਕਤੀ ਤੋਂ ਉਸ ਨੇ 40,000 ਰੁਪਏ ਚੋਰੀ ਕਰ ਲਏ ਸਨ। ਜਦੋਂ ਉਸ ਵਿਅਕਤੀ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਚੋਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਮਗਰੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਗਸ਼ਤ ਕਰ ਰਹੇ ਪੁਲੀਸ ਮੁਲਾਜ਼ਮਾਂ ਨੇ ਚੋਰ ਦਾ ਕਾਫ਼ੀ ਦੇਰ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਫੜ ਲਿਆ। ਅਧਿਕਾਰੀ ਨੇ ਕਿਹਾ ਕਿ ਕੁਝ ਸਥਾਨਕ ਨੌਜਵਾਨਾਂ ਨੇ ਚੋਰ ਨੂੰ ਜੁੱਤੀਆਂ ਦਾ ਹਾਰ ਪਾਇਆ ਅਤੇ ਉਸ ਨੂੰ ਪੁਲੀਸ ਦੀ ਗੱਡੀ ਦੇ ਬੋਨਟ ’ਤੇ ਬਿਠਾ ਕੇ ਘੁਮਾਇਆ ਗਿਆ। ਮੁਲਜ਼ਮ ਨੂੰ ਜਨਤਕ ਤੌਰ ’ਤੇ ਅਪਮਾਨਿਤ ਕਰਨ ਲਈ ਕੁੱਝ ਲੋਕਾਂ ਨੇ ਪੁਲੀਸ ਅਧਿਕਾਰੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ, ਜਿਸ ਦੀ ਕੁੱਝ ਲੋਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਦੇ ਕੌਮੀ ਕਨਵੀਨਰ ਨਾਸਿਰ ਖੁਏਹਾਮੀ ਨੇ ਐਕਸ ’ਤੇ ਕਿਹਾ, ‘ਪੁਲੀਸ ਭੀੜ ਦਾ ਹਿੱਸਾ ਨਹੀਂ ਹੈ। ਪੁਲੀਸ ਅਧਿਕਾਰੀ ਕਾਨੂੰਨ ਦੇ ਰਖਵਾਲੇ ਹਨ। ਐੱਸਐੱਚਓ ਦਾ ਫਰਜ਼ ਜਾਂਚ ਕਰਨਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਨਾ ਹੈ। -ਪੀਟੀਆਈ