ਗੋਲੀਬਾਰੀ ’ਚ ਹੋਈਆਂ ਮੌਤਾਂ ਦੀ ਨਿਰਪੱਖ ਨਿਆਂਇਕ ਜਾਂਚ ਹੋਵੇ: ਵਾਂਗਚੁਕ
ਲੋਕਾਂ ਨੂੰ ਸ਼ਾਂਤੀ ਤੇ ਏਕਾ ਬਣਾ ਕੇ ਰੱਖਣ ਅਤੇ ਅਹਿੰਸਾ ਦੇ ਸੱਚੇ ਗਾਂਧੀਵਾਦੀ ਢੰਗ ਨਾਲ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ
ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਐੱਨ ਐੱਸ ਏ ਤਹਿਤ ਨਜ਼ਰਬੰਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਪਿਛਲੇ ਹਫ਼ਤੇ ਲੇਹ ਵਿੱਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਨਾਲ ਹੋਈ ਚਾਰ ਵਿਅਕਤੀਆਂ ਦੀ ਮੌਤ ਦੀ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਵਾਂਗਚੁਕ ਨੇ ਲੋਕਾਂ ਨੂੰ ਸ਼ਾਂਤੀ ਅਤੇ ਏਕਤਾ ਬਣਾ ਕੇ ਰੱਖਣ ਅਤੇ ਅਹਿੰਸਾ ਦੇ ਸੱਚੇ ਗਾਂਧੀਵਾਦੀ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖਣ ਲਈ ਕਿਹਾ ਹੈ।
ਵਾਂਗਚੁਕ ਨੇ ਜੋਧਪੁਰ ਦੀ ਕੇਂਦਰੀ ਜੇਲ੍ਹ ਤੋਂ ਆਪਣੇ ਵੱਡੇ ਭਰਾ ਸੇਤਨ ਦੋਰਜੇ ਲੀ ਅਤੇ ਵਕੀਲ ਮੁਸਤਫਾ ਹਜ ਰਾਹੀਂ ਭੇਜੇ ਆਪਣੇ ਸੁਨੇਹੇ ਵਿੱਚ ਕਿਹਾ ਹੈ, ‘‘ਮੈਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਠੀਕ ਹਾਂ ਅਤੇ ਸਾਰਿਆਂ ਦੀ ਚਿੰਤਾ ਤੇ ਪ੍ਰਾਰਥਨਾਵਾਂ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ ਜ਼ਖ਼ਮੀ ਹੋਏ ਤੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਲਈ ਮੇਰੀਆਂ ਪ੍ਰਾਰਥਨਾਵਾਂ ਹਨ।’’ ਸੋਨਮ ਨੇ ਕਿਹਾ, ‘‘ਸਾਡੇ ਚਾਰ ਵਿਅਕਤੀਆਂ ਦੀ ਹੱਤਿਆ ਦੀ ਨਿਰਪੱਖ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ‘ਜਦੋਂ ਤੱਕ ਅਜਿਹਾ ਨਹੀਂ ਹੁੰਦਾ ਮੈਂ ਜੇਲ੍ਹ ਵਿੱਚ ਰਹਿਣ ਲਈ ਤਿਆਰ ਹਾਂ।’ ਵਾਂਗਚੁਕ ਨੇ ਕਿਹਾ, ‘‘ਉਹ ਛੇਵੇਂ ਸ਼ਡਿਊਲ ਅਤੇ ਸੂਬੇ ਦੇ ਦਰਜੇ ਦੀ ਸਾਡੀ ਅਸਲ ਸੰਵਿਧਾਨਕ ਮੰਗ ਵਿੱਚ ਅਪੈਕਸ ਬਾਡੀ ਤੇ ਕੇ ਡੀ ਏ (ਕਾਰਗਿਲ ਡੈਮੋਕ੍ਰੈਟਿਕ ਅਲਾਇੰਸ) ਅਤੇ ਲੱਦਾਖ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਅਪੈਕਸ ਬਾਡੀ ਲੱਦਾਖ ਦੇ ਹਿੱਤ ਵਿੱਚ ਜੋ ਵੀ ਕਾਰਵਾਈ ਕਰਦੀ ਹੈ, ਮੈਂ ਪੂਰੇ ਦਿਲ ਨਾਲ ਉਨ੍ਹਾਂ ਦੇ ਨਾਲ ਹਾਂ।’’ ਵਾਤਾਵਰਨ ਕਾਰਕੁਨ ਨੇ ਕਿਹਾ, ‘‘ਮੈਂ ਲੋਕਾਂ ਨੂੰ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਅਤੇ ਆਪਣੇ ਸੰਘਰਸ਼ ਨੂੰ ਸ਼ਾਂਤੀਪੂਰਨ ਢੰਗ ਨਾਲ ਜਾਰੀ ਰੱਖਣ ਦੀ ਅਪੀਲ ਕਰਦਾ ਹਾਂ।’’
ਲੱਦਾਖ ਹਿੰਸਾ: ਵਾਂਗਚੁਕ ਨੂੰ ਨਜ਼ਰਬੰਦ ਕਰਨ ਖ਼ਿਲਾਫ਼ ਅਰਜ਼ੀ ’ਤੇ ਸੁਣਵਾਈ ਅੱਜ
ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਸੋਨਮ ਵਾਂਗਚੁਕ ਨੂੰ ਨਜ਼ਰਬੰਦ ਕੀਤੇ ਜਾਣ ਖ਼ਿਲਾਫ਼ ਉਸ ਦੀ ਪਤਨੀ ਗੀਤਾਂਜਲੀ ਜੇ ਐਂਗਮੋ ਵੱਲੋਂ ਦਾਇਰ ਕੀਤੀ ਗਈ ਅਰਜ਼ੀ ’ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਇਸ ਅਰਜ਼ੀ ਵਿੱਚ ਵਾਤਾਵਰਨ ਕਾਰਕੁਨ ਨੂੰ ਕੌਮੀ ਸੁਰੱਖਿਆ ਐਕਟ (ਐੱਨ ਐੱਸ ਏ) ਤਹਿਤ ਨਜ਼ਰਬੰਦ ਕੀਤੇ ਜਾਣ ਨੂੰ ਚੁਣੌਤੀ ਦੇਣ ਤੋਂ ਇਲਾਵਾ ਉਸ ਦੀ ਫੌਰੀ ਰਿਹਾਈ ਦੀ ਮੰਗ ਵੀ ਕੀਤੀ ਗਈ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐੱਨ ਵੀ ਅੰਜਾਰੀਆ ਦਾ ਬੈਂਚ ਪਟੀਸ਼ਨ ’ਤੇ ਸੁਣਵਾਈ ਕਰੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੂਬੇ ਦੇ ਦਰਜੇ ਅਤੇ ਲੱਦਾਖ ਲਈ ਛੇਵੇਂ ਸ਼ਡਿਊਲ ਦੇ ਦਰਜੇ ਦੀ ਮੰਗ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਦੋ ਦਿਨਾਂ ਬਾਅਦ ਵਾਂਗਚੁਕ ਨੂੰ 26 ਸਤੰਬਰ ਨੂੰ ਐੱਨ ਐੱਸ ਏ ਤਹਿਤ ਨਜ਼ਰਬੰਦ ਕੀਤਾ ਗਿਆ ਸੀ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋਈ ਸੀ ਅਤੇ 90 ਹੋਰ ਜ਼ਖ਼ਮੀ ਹੋਏ ਸਨ। ਵਾਂਗਚੁਕ ਇਸ ਵੇਲੇ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਹੈ। ਸੀਨੀਅਰ ਵਕੀਲ ਵਿਵੇਕ ਤਨਖ਼ਾ ਅਤੇ ਸਰਵਮ ਰਿਤਮ ਖਰੇ ਰਾਹੀਂ ਦਾਇਰ ਕੀਤੀ ਅਰਜ਼ੀ ਵਿੱਚ ਐਂਗਮੋ ਨੇ ਵਾਂਗਚੁਕ ਖ਼ਿਲਾਫ਼ ਐੱਨ ਐੱਸ ਏ ਲਗਾਉਣ ਦੇ ਫੈਸਲੇ ’ਤੇ ਵੀ ਸਵਾਲ ਚੁੱਕਿਆ ਹੈ। ਕਾਰਕੁਨ ਦੀ ਪਤਨੀ ਨੇ ਹੇੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਦੇ ਹੋਏ ਅਰਜ਼ੀ ’ਤੇ ਫੌਰੀ ਸੁਣਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਲੱਦਾਖ ਪ੍ਰਸ਼ਾਸਨ ਨੂੰ ਸੋਨਮ ਵਾਂਗਚੁਕ ਨੂੰ ਤੁਰੰਤ ਅਦਾਲਤ ਵਿੱਚ ਪੇਸ਼ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ ਹੈ। -ਪੀਟੀਆਈ