ਮੋਦੀ ’ਚ ਕੋਈ ਦਮ ਨਹੀਂ: ਰਾਹੁਲ ਗਾਂਧੀ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਵਾਰ ਮਿਲ ਚੁੱਕੇ ਹਨ ਅਤੇ ਉਨ੍ਹਾਂ ’ਚ ਕੋਈ ਦਮ ਨਹੀਂ ਹੈ। ਉਨ੍ਹਾਂ ਇੱਥੇ ਤਾਲਕਟੋਰਾ ਸਟੇਡੀਅਮ ’ਚ ‘ਓਬੀਸੀ ਭਾਗੀਦਾਰੀ ਨਿਆਂ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਜਦੋਂ ਸਵਾਲ ਕੀਤਾ ਕਿ ਦੇਸ਼ ’ਚ ਸਭ ਤੋਂ ਵੱਡੀ ਸਮੱਸਿਆ ਕੀ ਹੈ ਤਾਂ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਪ੍ਰਧਾਨ ਮੰਤਰੀ ਦਾ ਨਾਂ ਲਿਆ। ਇਸ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਨਰਿੰਦਰ ਮੋਦੀ ਕੋਈ ਵੱਡੀ ਸਮੱਸਿਆ ਨਹੀਂ ਹੈ। ਮੀਡੀਆ ਵਾਲਿਆਂ ਨੇ ਸਿਰਫ਼ ਗੁਬਾਰਾ ਬਣਾ ਰੱਖਿਆ ਹੈ।’ ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਦੱਸ ਰਿਹਾ ਹਾਂ, ਇਹ ਤੁਸੀਂ ਅਪਣੇ ਸਿਰ ’ਤੇ ਚੜ੍ਹਾ ਰੱਖਿਆ ਹੈ। ਇਹ ਕੋਈ ਸਮੱਸਿਆ ਨਹੀਂ ਹੈ। ਇਹ ਜੋ ਮੀਡੀਆ ਵਾਲੇ ਹਨ, ਇਨ੍ਹਾਂ ਨੇ ਇਸ ਦਾ ਗੁਬਾਰਾ ਬਣਾ ਰੱਖਿਆ ਹੈ। ਇਹ ਕੋਈ ਸਮੱਸਿਆ ਨਹੀਂ ਹੈ।’ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਓਬੀਸੀ ਵਰਗ ਦੇ ਨੌਜਵਾਨਾਂ ਨੂੰ ਆਪਣੀ ਤਾਕਤ ਪਛਾਣਨ ਦਾ ਸੱਦਾ ਵੀ ਦਿੱਤਾ। ‘ਜਦੋਂ ਇੱਕ ਵਾਰ ਤੁਹਾਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਗਿਆ ਤਾਂ ਸਭ ਕੁੱਝ ਬਦਲ ਜਾਵੇਗਾ।’