ਦੁਨੀਆ ਸਾਡੀ ਪ੍ਰਤਿਭਾ ਤੋਂ ਡਰਦੀ ਹੈ: ਪਿਊਸ਼ ਗੋਇਲ
ਅਮਰੀਕਾ ਵੱਲੋਂ ਐੱਚ1ਬੀ ਵੀਜ਼ਾ ਫੀਸ ਵਿੱਚ ਇੱਕ ਲੱਖ ਡਾਲਰ ਦੇ ਵਾਧੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੁਨੀਆ ‘ਸਾਡੀ ਪ੍ਰਤਿਭਾ ਤੋਂ ਥੋੜ੍ਹਾ ਡਰਦੀ ਹੈ।’ ਗੋਇਲ ਦਾ ਬਿਆਨ ਉਨ੍ਹਾਂ ਦੀ ਭਲਕੇ 22 ਸਤੰਬਰ ਲਈ ਨਿਰਧਾਰਤ ਅਮਰੀਕਾ ਦੀ ਯਾਤਰਾ ਤੋਂ ਪਹਿਲਾਂ ਆਇਆ ਹੈ। ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦ ਟੈਕਸ ਲਾਏ ਜਾਣ ਮਗਰੋਂ ਇਹ ਗੋਇਲ ਦੀ ਪਹਿਲੀ ਅਮਰੀਕਾ ਯਾਤਰਾ ਹੈ।
ਪਿਊਸ਼ ਗੋਇਲ ਦੀ ਅਗਵਾਈ ਹੇਠਲੇ ਵਫ਼ਦ ਦੀ ਇਸ ਯਾਤਰਾ ਦਾ ਮਕਸਦ ਦੋਵਾਂ ਦੇਸ਼ਾਂ ਲਈ ਲਾਹੇਵੰਦ ਵਪਾਰ ਸਮਝੌਤੇ ’ਤੇ ਚਰਚਾ ਨੂੰ ਅੱਗੇ ਵਧਾਉਣਾ ਹੈ। ਕੇਂਦਰੀ ਮੰਤਰੀ ਗੋਇਲ ਨਿਊਯਾਰਕ ਜਾਣਗੇ ਅਤੇ ਉਨ੍ਹਾਂ ਨਾਲ ਮੰਤਰਾਲੇ ’ਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਤੇ ਹੋਰ ਅਧਿਕਾਰੀ ਵੀ ਹੋਣਗੇ। ਅਮਰੀਕੀ ਅਧਿਕਾਰੀਆਂ ਦਾ ਇੱਕ ਵਫ਼ਦ ਲੰਘੀ 16 ਸਤੰਬਰ ਨੂੰ ਭਾਰਤ ਆਇਆ ਸੀ। ਇਸ ਦੌਰਾਨ ਵਪਾਰ ਸਮਝੌਤੇ ਦੇ ਵੱਖ ਵੱਖ ਪੱਖਾਂ ’ਤੇ ਸਕਾਰਾਤਮਕ ਚਰਚਾ ਹੋਈ ਸੀ ਅਤੇ ਸਮਝੌਤੇ ਨੂੰ ਜਲਦੀ ਨੇਪਰੇ ਚਾੜ੍ਹਨ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
ਗੋਇਲ ਨੇ ਕਿਹਾ, ‘ਉਹ (ਅਮਰੀਕਾ) ਭਾਰਤ ਨਾਲ ਵਪਾਰ ਵਧਾਉਣਾ ਚਾਹੁੰਦੇ ਹਨ। ਉਹ ਸਬੰਧ ਸੁਧਾਰਨਾ ਚਾਹੁੰਦੇ ਹਨ।’ ਉਨ੍ਹਾਂ ਕਿਹਾ, ‘ਉਹ (ਅਮਰੀਕਾ) ਸਾਡੀ ਪ੍ਰਤਿਭਾ ਤੋਂ ਥੋੜ੍ਹਾ ਡਰਦੇ ਵੀ ਹਨ। ਸਾਨੂੰ ਇਸ ’ਤੇ ਵੀ ਕੋਈ ਇਤਰਾਜ਼ ਨਹੀਂ ਹੈ।’ ਉਨ੍ਹਾਂ ਇਹ ਟਿੱਪਣੀ ਆਲਮੀ ਪੱਧਰ ’ਤੇ ਭਾਰਤ ਨਾਲ ਮੁਕਤ ਵਪਾਰ ਸਮਝੌਤਿਆਂ (ਐੱਫ ਟੀ ਏ) ਵਿੱਚ ਵਧਦੀ ਦਿਲਚਸਪੀ ਦਾ ਜ਼ਿਕਰ ਕਰਦੇ ਹੋਏ ਕੀਤੀ, ਜੋ ਦੇਸ਼ ਦੇ ਆਰਥਿਕ ਵਿਕਾਸ ਨੂੰ ਦਰਸਾਉਂਦੀ ਹੈ। 2025 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਜੀ ਡੀ ਪੀ 7.8 ਫੀਸਦ ਦੀ ਦਰ ਨਾਲ ਵਧੀ ਜੋ ਕਿ ਆਰਥਿਕ ਮਾਹਿਰਾਂ ਦੇ ਅਨੁਮਾਨ ਨਾਲੋਂ ਵੀ ਵੱਧ ਸੀ। ਇੱਥੇ ਦੱਸਣਾ ਬਣਦਾ ਹੈ ਕਿ ਲੰਘੇ ਸ਼ੁੱਕਰਵਾਰ ਅਮਰੀਕੀ ਰਾਸ਼ਟਰਪਤੀ ਨੇ ਐੱਚ1ਬੀ ਵੀਜ਼ਾ ਲਈ ਫੀਸ ਇੱਕ ਲੱਖ ਡਾਲਰ ਕਰਨ ਸਬੰਧੀ ਹੁਕਮ ’ਤੇ ਦਸਤਖ਼ਤ ਕੀਤੇ ਸਨ ਜਿਸ ਦਾ ਮੁੱਖ ਮਕਸਦ ਭਾਰਤ ਵਰਗੇ ਮੁਲਕਾਂ ਦੇ ਉੱਚ ਹੁਨਰਮੰਦ ਕਾਮਿਆਂ ਨੂੰ ਨਿਸ਼ਾਨਾ ਬਣਾਉਣਾ ਹੈ।