DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿਮਾਚਲ ਦੀ ਕਮਲਾ ਦਾ ਕਮਾਲ

ਹੌਸਲੇ ਦੀ ੳੁਡਾਣ: ਫ਼ਰਜ਼ ਪਹਿਲਾਂ, ਬਾਅਦ ’ਚ ਜਾਨ
  • fb
  • twitter
  • whatsapp
  • whatsapp
featured-img featured-img
ਹੜ੍ਹ ਕਾਰਨ ਚੜ੍ਹੇ ਨਾਲੇ ਨੂੰ ਜਾਨ ਜੋਖ਼ਮ ’ਚ ਪਾ ਕੇ ਪਾਰ ਕਰਦੀ ਹੋਈ ਸਿਹਤ ਵਰਕਰ ਕਮਲਾ।
Advertisement

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਟਿੱਕਰ ਪਿੰਡ ਦੀ ਮਹਿਲਾ ਸਿਹਤ ਕਰਮਚਾਰੀ ਕਮਲਾ ਨੇ ਹੜ੍ਹ ਪ੍ਰਭਾਵਿਤ ਚੌਹਾਰ ਘਾਟੀ ਦੇ ਸੁਧਾਰ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਵਿਚ ਆਪਣੀ ਡਿਊਟੀ ਕਰਨ ਲਈ ਨੱਕੋ ਨੱਕ ਭਰਿਆ ਨਾਲਾ ਪਾਰ ਕਰ ਕੇ ਆਪਣੀ ਜਾਨ ਖਤਰੇ ਵਿੱਚ ਪਾਈ। ਉਸ ਨੇ ਰਸਤੇ ਵਿਚ ਆਏ ਖਤਰਿਆਂ ਦੀ ਪ੍ਰਵਾਹ ਨਾ ਕਰਦਿਆਂ ਸਮੇਂ ਸਿਰ ਟੀਕਾਕਰਨ ਕੀਤਾ। ਕਮਲਾ ਦੀ ਹਿੰਮਤ ਦੇ ਸਭ ਪਾਸੇ ਚਰਚੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਹੜ੍ਹਾਂ ਕਾਰਨ ਇਸ ਖੇਤਰ ਦੀਆਂ ਸੜਕਾਂ ਤੇ ਪੁਲ ਨੁਕਸਾਨੇ ਗਏ ਹਨ ਤੇ ਸਥਾਨਕ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੇ ਸਰਕਾਰੀ ਕਾਮਿਆਂ ਨੂੰ ਡਿਊਟੀ ਕਰਨ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਿੱਕਰ ਪਿੰਡ ਦੀ ਰਹਿਣ ਵਾਲੀ ਮਹਿਲਾ ਸਿਹਤ ਕਰਮਚਾਰੀ ਕਮਲਾ ਇਨ੍ਹਾਂ ਔਖਿਆਈਆਂ ਦਾ ਸਾਹਮਣਾ ਕਰਦਿਆਂ ਸੁਧਾਰ ਦੇ ਸੀਐਚਸੀ ਵਿਚ ਡਿਊਟੀ ਲਈ ਪੁੱਜੀ। ਉਸ ਨੇ ਪਹਿਲਾਂ ਕੁਦਰਤੀ ਰੁਕਾਵਟਾਂ ਪਾਰ ਕੀਤੀਆਂ ਤੇ ਖ਼ਤਰਨਾਕ ਇਲਾਕਿਆਂ ਵਿੱਚੋਂ ਚਾਰ ਕਿਲੋਮੀਟਰ ਤੋਂ ਵੱਧ ਤੁਰੀ।

ਇਸ ਤੋਂ ਬਾਅਦ ਉਸ ਨੂੰ ਆਖਰੀ ਚੁਣੌਤੀ ਦਾ ਉਦੋਂ ਸਾਹਮਣਾ ਕਰਨਾ ਪਿਆ ਜਦੋਂ ਉਸ ਨੂੰ ਇੱਕ ਨੱਕੋਨੱਕ ਭਰੇ ਨਾਲੇ ਵਿਚ ਲੰਘਣਾ ਪਿਆ। ਉਸ ਨੇ ਹਿੰਮਤ ਜੁਟਾਈ ਅਤੇ ਪਾਣੀ ਨਾਲ ਭਰੀ ਖੱਡ ਪਾਰ ਕੀਤੀ। ਕਮਲਾ ਨੇ ਕਿਹਾ, ਇਹ ਖ਼ਤਰਨਾਕ ਜ਼ਰੂਰ ਸੀ ਪਰ ਡਿਊਟੀ ਕਰਨੀ ਮਹੱਤਵਪੂਰਨ ਹੈ। ਇਨ੍ਹਾਂ ਸਿਹਤ ਕੇਂਦਰਾਂ ਅਧੀਨ ਆਉਣ ਵਾਲੇ ਲੋਕ ਸਾਡੇ ’ਤੇ ਨਿਰਭਰ ਕਰਦੇ ਹਨ।’

Advertisement

ਜਾਣਕਾਰੀ ਅਨੁਸਾਰ ਸਿਲ੍ਹਬੁਹਾਨੀ ਅਤੇ ਸਰਸਾਵਨ ਦੇ ਖੇਤਰ ਹੜ੍ਹਾਂ ਦੀ ਮਾਰ ਹੇਠ ਆਏ ਹਨ। ਇਨ੍ਹਾਂ ਪਿੰਡਾਂ ਦੇ ਵਾਸੀ ਅਤੇ ਫਰੰਟਲਾਈਨ ਕਰਮਚਾਰੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇੱਥੇ ਹਾਲ ਹੀ ਵਿੱਚ ਮੋਹਲੇਧਾਰ ਮੀਂਹ ਅਤੇ ਅਚਾਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸ ਖੇਤਰ ਵਿੱਚ ਆਵਾਜਾਈ ਨਾ ਸਿਰਫ਼ ਔਖੀ ਹੋ ਗਈ ਹੈ ਸਗੋਂ ਜਾਨਲੇਵਾ ਵੀ ਬਣ ਗਈ ਹੈ। ਦੂਰ-ਦੁਰਾਡੇ ਪਿੰਡਾਂ ਲਈ ਸੰਪਰਕ ਦੇ ਇੱਕੋ ਇੱਕ ਸਾਧਨ ਵਜੋਂ ਕੰਮ ਕਰਨ ਵਾਲੀਆਂ ਖੱਡਾਂ (ਮੌਸਮੀ ਨਦੀਆਂ) ਅਤੇ ਨਾਲਿਆਂ (ਡਰੇਨ) ਉੱਤੇ ਬਣੇ ਅਸਥਾਈ ਪੁਲ (ਪੈਦਲ ਚੱਲਣ ਲਈ) ਅਤੇ ਰਸਤੇ ਪੂਰੀ ਤਰ੍ਹਾਂ ਰੁੜ੍ਹ ਗਏ ਹਨ।

ਇਸ ਕਾਰਨ ਸਰਕਾਰੀ ਕਰਮਚਾਰੀਆਂ ਨੂੰ ਹੁਣ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਖਤਰਨਾਕ ਰਸਤੇ ਜ਼ਰੀਏ ਡਿਊਟੀ ਦੇਣੀ ਪੈ ਰਹੀ ਹੈ ਤੇ ਉਹ ਇਨ੍ਹਾਂ ਖਤਰਨਾਕ ਰਸਤਿਆਂ ਰਾਹੀਂ ਹੀ ਘਰ ਵਾਪਸ ਆ ਰਹੇ ਹਨ। ਇਹ ਤੇਜ਼ ਵਗਦੇ ਪਾਣੀ ਵਿੱਚੋਂ ਲੰਘਣ ਦਾ ਜੋਖਮ ਲੈਣ ਲਈ ਵੀ ਮਜਬੂਰ ਹਨ।

ਬਾਕਸ

ਮੁਲਾਜ਼ਮਾਂ ਨੂੰ ਸੁਰੱਖਿਅਤ ਢੰਗ ਤਰੀਕੇ ਵਰਤਣ ਲਈ ਕਿਹਾ: ਮੁੱਖ ਮੈਡੀਕਲ ਅਧਿਕਾਰੀ

ਕਮਲਾ ਦੇ ਬਹਾਦਰੀ ਭਰੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੈਡੀਕਲ ਅਧਿਕਾਰੀ ਮੰਡੀ ਡਾ. ਦੀਪਾਲੀ ਸ਼ਰਮਾ ਨੇ ਕਿਹਾ ਕਿ ਉਹ ਮਹਿਲਾ ਸਿਹਤ ਕਰਮਚਾਰੀ ਕਮਲਾ ਦੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਦੀ ਕਦਰ ਕਰਦੀ ਹੈ। ਉਹ ਇੱਕ ਬੱਚੇ ਦਾ ਟੀਕਾਕਰਨ ਕਰਨ ਇੱਕ ਪਿੰਡ ਵਿਚ ਗਈ ਸੀ ਤੇ ਔਖੇ ਰਸਤੇ ਦੀ ਪ੍ਰਵਾਹ ਨਾ ਕਰਦਿਆਂ ਉਸ ਨੇ ਪਿੰਡ ਪੁੱਜ ਕੇ ਟੀਕਾਕਰਨ ਕੀਤਾ। ਸੀਐਮਓ ਨੇ ਕਿਹਾ ਕਿ ਉਨ੍ਹਾਂ ਆਪਣੇ ਸਿਹਤ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਸੁਰੱਖਿਅਤ ਢੰਗ ਤਰੀਕੇ ਵਰਤਣ ਅਤੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣ ਤੋਂ ਬਚਣ ਦੀ ਤਾਕੀਦ ਕੀਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਨਾਲਿਆਂ ਵਿਚ ਡੁੱਬਣ ਕਾਰਨ ਕਈ ਜਣੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

Advertisement
×