DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ’ਚ ਗਰਮੀ ਨੇ ਦਹਾਕਿਆਂ ਦਾ ਰਿਕਾਰਡ ਤੋੜਿਆ

ਤਾਪਮਾਨ 48.4 ਡਿਗਰੀ ਤੋਂ ਟੱਪਿਆ; ਮੌਸਮ ਵਿਭਾਗ ਵੱਲੋਂ 29 ਮਈ ਤੱਕ ਰੈੱਡ ਅਲਰਟ ਜਾਰੀ
  • fb
  • twitter
  • whatsapp
  • whatsapp
featured-img featured-img
ਮੁਹਾਲੀ ਦੇ ਲਾਂਡਰਾ ਚੌਕ ’ਤੇ ਸੋਮਵਾਰ ਨੂੰ ਧੁੱਪ ਤੋਂ ਬਚਣ ਲਈ ਕਿਤਾਬਾਂ ਦਾ ਸਹਾਰਾ ਲੈਂਦੇ ਹੋਏ ਵਿਦਿਆਰਥੀ। -ਫੋਟੋ:ਵਿੱਕੀ ਘਾਰੂ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 27 ਮਈ

Advertisement

ਪੰਜਾਬ ਵਿੱਚ ਜੇਠ ਮਹੀਨੇ ਦੇ ਅੱਧ ਵਿੱਚ ਗਰਮੀ ਨੇ ਆਪਣੇ ਅਸਲ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 10-15 ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਪੰਜਾਬ ਦੇ ਬਠਿੰਡਾ ਸ਼ਹਿਰ ਨੇ ਅੱਜ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ ਜਿੱਥੇ ਅੱਜ ਦਿਨ ਸਮੇਂ ਤਾਪਮਾਨ 48.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 7.1 ਡਿਗਰੀ ਵੱਧ ਸੀ। ਬਠਿੰਡਾ ਵਿੱਚ ਲੰਘੇ ਦਿਨ ਵੀ ਤਾਪਮਾਨ 46.9 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰ ਵਿੱਚ ਸਾਲ 1981 ਵਿੱਚ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਸੀ। ਸੂਬੇ ਦੇ ਅੱਧਾ ਦਰਜਨ ਤੋਂ ਵੱਧ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 4 ਤੋਂ 7 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਨੇ 29 ਮਈ ਤੱਕ ਅਤਿ ਦੀ ਗਰਮੀ ਪੈਣ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਗਰਮ ਹਵਾਵਾਂ ਚੱਲਣ ਦੇ ਨਾਲ-ਨਾਲ ਤਾਪਮਾਨ 46-47 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਜਾਵੇਗਾ।

ਅੰਮ੍ਰਿਤਸਰ ਦੇ ਸ੍ਰੀ ਦੁਰਗਿਆਣਾ ਮੰਦਰ ਵਿੱਚ ਸ਼ਨਿੱਚਰਵਾਰ ਨੂੰ ਗਰਮੀ ਤੋਂ ਰਾਹਤ ਪਾਉਣ ਲਈ ਪੱਖੇ ਦੀ ਹਵਾ ਲੈਂਦਾ ਹੋਇਆ ਇੱਕ ਪਰਿਵਾਰ। -ਫੋਟੋ: ਸੁਨੀਲ ਕੁਮਾਰ

ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੰਤਾਂ ਦੀ ਗਰਮੀ ਨੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ ਹੈ। ਗਰਮੀ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲੋਕ ਮਜਬੂਰੀ ਵੱਸ ਹੀ ਘਰੋਂ ਬਾਹਰ ਨਿਕਲ ਰਹੇ ਹਨ। ਉਧਰ ਤਿੱਖੀ ਧੁੱਪ ਕਰਕੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਕਰਕੇ ਸਬਜ਼ੀਆਂ ਸੁੱਕ ਗਈਆਂ ਹਨ। ਦੂਜੇ ਪਾਸੇ ਲਗਾਤਾਰ ਗਰਮੀ ਪੈਣ ਕਰਕੇ ਸੂਬੇ ਵਿੱਚ ਬਿਜਲੀ ਦੀ ਮੰਗ ਵੀ 12 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ ਹੈ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਫਰੀਦਕੋਟ ਤੇ ਚੰਡੀਗੜ੍ਹ ਵਿੱਚ ਲੂ ਚੱਲਣ ਕਰਕੇ ਸੜਕਾਂ ’ਤੇ ਸੰਨਾਟਾ ਪਸਰਿਆ ਸੀ। ਮੌਸਮ ਵਿਭਾਗ ਅਨੁਸਾਰ ਅੱਜ ਰਾਜਧਾਨੀ ਚੰਡੀਗੜ੍ਹ ਵਿੱਚ ਤਾਪਮਾਨ 45.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 45.4 ਡਿਗਰੀ, ਪਟਿਆਲਾ ਵਿੱਚ 45.4 ਡਿਗਰੀ, ਪਠਾਨਕੋਟ ਵਿੱਚ 47.1 ਡਿਗਰੀ, ਫਰੀਦਕੋਟ ਵਿੱਚ 45.6 ਡਿਗਰੀ, ਬਰਨਾਲਾ ਵਿੱਚ 45.9 ਡਿਗਰੀ ਤੇ ਫਿਰੋਜ਼ਪੁਰ ਵਿੱਚ 45.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

Advertisement
×