ਹੜ੍ਹਾਂ ਦਾ ਮੰਜ਼ਰ: ਮੋਇਆਂ ਦੀ ਰੁਲ ਗਈ ਮਿੱਟੀ ..!
ਪੰਜਾਬ ਲਈ ਇਹ ਦਿਨ ਕਿਆਮਤ ਤੋਂ ਘੱਟ ਨਹੀਂ ਕਿ ਮੋਇਆਂ ਦੀ ਮਿੱਟੀ ਵੀ ਰੁਲ ਰਹੀ ਹੈ। ਹੜ੍ਹਾਂ ਦੇ ਇਸ ਮੰਜ਼ਰ ’ਚ ਉਹ ਕਿੰਨੇ ਅਭਾਗੇ ਹਨ, ਜਿਨ੍ਹਾਂ ਨੂੰ ਪਿੰਡ ਦੀ ਭੌਂਇ ਵੀ ਨਸੀਬ ਨਹੀਂ ਹੋਈ। ਪੰਜਾਬ ’ਚ ਹੜ੍ਹਾਂ ’ਚ ਹੁਣ ਤੱਕ ਪੰਜਾਹ ਵਿਅਕਤੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ’ਚੋਂ ਬਹੁਤਿਆਂ ਨੂੰ ਸਸਕਾਰ ਲਈ ਦੂਰ-ਦੁਰਾਡੇ ਲਿਜਾਣਾ ਪਿਆ ਕਿਉਂਕਿ ਇਨ੍ਹਾਂ ਪਿੰਡਾਂ ਵਿਚਲੇ ਸਿਵੇ ਪਾਣੀ ’ਚ ਹੜ੍ਹ ਗਏ। ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਦੀ ਕੁਲਵਿੰਦਰ ਕੌਰ, ਜਿਸ ਦਾ ਹੜ੍ਹਾਂ ਦੇ ਪਾਣੀ ’ਚ ਪੈਰ ਕੀ ਫਿਸਲਿਆ, ਹੱਥੋਂ ਜ਼ਿੰਦਗੀ ਦੀ ਡੋਰ ਹੀ ਛੁੱਟ ਗਈ। ਪਾਣੀ ’ਚ ਰੁੜ੍ਹੇ ਉਸ ਦੇ ਭਰਾ ਨੂੰ ਮੌਕੇ ’ਤੇ ਬਚਾਅ ਲਿਆ ਗਿਆ।
ਕੁਲਵਿੰਦਰ ਕੌਰ ਨੇ ਬਚਪਨ ਤੋਂ ਹੀ ਹੜ੍ਹਾਂ ਦਾ ਕਹਿਰ ਝੱਲਿਆ। ਉਸ ਦੀ ਜ਼ਿੰਦਗੀ ’ਚ ਕਾਲਾ ਅਧਿਆਇ ਉਦੋਂ ਸ਼ੁਰੂ ਹੋ ਗਿਆ, ਜਦੋਂ ਸਹੁਰੇ ਘਰ ਦੀ ਥਾਂ ਪੇਕੇ ਘਰ ਹੀ ਢਾਰਸ ਲੈਣੀ ਪੈ ਗਈ। ਕੁੱਝ ਦਿਨ ਪਹਿਲਾਂ ਹੜ੍ਹਾਂ ’ਚ ਖ਼ੁਦ ਜ਼ਿੰਦਗੀ ਹੱਥੋਂ ਹਾਰ ਬੈਠੀ ਤਾਂ ਪਿੰਡ ’ਚ ਸਸਕਾਰ ਲਈ ਕੋਈ ਸੁੱਕੀ ਜਗ੍ਹਾ ਹੀ ਨਾ ਲੱਭੀ। ਪਿੰਡ ਵਾਲੇ ਦੱਸਦੇ ਹਨ ਕਿ ਪਿੰਡ ਤਾਂ 25 ਅਗਸਤ ਤੋਂ ਪਾਣੀ ’ਚ ਡੁੱਬਿਆ ਹੋਇਆ ਹੈ ਅਤੇ ਪਿੰਡ ਦੇ ਸ਼ਮਸ਼ਾਨਘਾਟ ’ਚ ਪੂਰੇ ਨੌਂ-ਨੌਂ ਫੁੱਟ ਪਾਣੀ ਸੀ। ਕਿਸੇ ਪਾਸੇ ਸਸਕਾਰ ਲਈ ਜਗ੍ਹਾ ਨਾ ਲੱਭੀ ਤਾਂ ਮ੍ਰਿਤਕਾ ਦੀ ਕਰੀਬ ਤਿੰਨ ਕਿਲੋਮੀਟਰ ਦੂਰ ਇੱਕ ਨਾਲੇ ਦੇ ਕੰਢੇ ’ਤੇ ਮਿੱਟੀ ਸਮੇਟਣੀ ਪਈ।
ਜ਼ਿਲ੍ਹਾ ਪਠਾਨਕੋਟ ਦਾ ਪਿੰਡ ਰਾਜਪੁਰਾ, ਜਿੱਥੋਂ ਦੀ ਰੇਸ਼ਮਾ ਰਾਵੀ ਦਰਿਆ ਦੇ ਪਾਣੀ ’ਚ ਹੀ ਰੁੜ੍ਹ ਗਈ। ਰੇਸ਼ਮਾ ਦਾ ਸਕੂਲ ਪੜ੍ਹਦਾ ਭਤੀਜਾ ਪਾਣੀ ’ਚ ਫਿਸਲ ਗਿਆ। ਰੇਸ਼ਮਾ ਆਪਣੇ ਭਤੀਜੇ ਕੇਸ਼ਵ ਨੂੰ ਬਚਾਉਣ ਲੱਗੀ ਤਾਂ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਨਾ ਕੇਸ਼ਵ ਬਚਿਆ, ਨਾ ਰੇਸ਼ਮਾ। ਪਿੰਡ ਦਾ ਸ਼ਮਸ਼ਾਨਘਾਟ ਵੀ ਰਾਵੀ ਦੀ ਭੇਟ ਚੜ੍ਹ ਗਿਆ। ਪਿੰਡੋਂ ਦੂਰ ਸ਼ਾਹਪੁਰ ਕੰਢੀ ’ਚ ਦੋਵਾਂ ਦਾ ਸਿਵਾ ਬਲਿਆ।
ਅੰਮ੍ਰਿਤਸਰ ਦਾ ਬਲਾਕ ਰਮਦਾਸ ਤੇ ਇਸ ਬਲਾਕ ਦਾ ਪਿੰਡ ਪੈੜੇਵਾਲ। ਕਈ ਦਿਨਾਂ ਤੋਂ ਇਸ ਪਿੰਡ ’ਚ ਗੋਡੇ-ਗੋਡੇ ਪਾਣੀ ਹੈ। ਰਾਵੀ ਦਰਿਆ ਤੋਂ ਛੇ ਕਿੱਲੋਮੀਟਰ ਦੂਰੀ ’ਤੇ ਪੈਂਦੇ ਇਸ ਪਿੰਡ ਦੀ ਕਹਾਣੀ ਵੀ ਬਾਕੀ ਪੰਜਾਬ ਨਾਲੋਂ ਵੱਖਰੀ ਨਹੀਂ। ਪਾਣੀ ’ਚ ਪੈਰ ਕਾਹਦਾ ਰੱਖਿਆ, ਹੋਣੀ ਨੇ ਅੱਖ ਦੇ ਫੋਰੇ ਇਸ ਪਿੰਡ ਦੇ ਗੁਰਜੋਤ ਸਿੰਘ ਨੂੰ ਧੂਹ ਲਿਆ। ਪਲਾਂ ’ਚ ਗੁਰਜੋਤ ਮਿੱਟੀ ਹੋ ਗਿਆ। ਇਸ ਮਿੱਟੀ ਨੂੰ ਫਿਰ ਵੀ ਪਿੰਡ ਦੀ ਮਿੱਟੀ ਨਾ ਜੁੜ ਸਕੀ। ਪਿੰਡ ਪੈੜੇਵਾਲ ਦੇ ਕੰਵਲਜੀਤ ਸਿੰਘ ਗਿੱਲ ਆਖਦੇ ਹਨ ਕਿ ਜਦੋਂ ਕਿਧਰੇ ਵੀ ਕੋਈ ਸੁੱਕੀ ਥਾਂ ਨਾ ਮਿਲੀ ਤਾਂ ਗੁਰਜੋਤ ਦੀ ਦੇਹ ਨੂੰ ਸਸਕਾਰ ਲਈ 25 ਕਿੱਲੋਮੀਟਰ ਦੂਰ ਰਾਜਾਸਾਂਸੀ ਲਿਜਾਣਾ ਪਿਆ। ਹੜ੍ਹਾਂ ਦੀ ਮਾਰ ਏਨੀ ਤੀਬਰ ਹੈ ਕਿ ਕਈ ਦਿਨਾਂ ਤੋਂ ਧਰਤੀ ਹੀ ਨਹੀਂ ਦਿਖੀ। ਮੰਡ ਖੇਤਰ ਦੇ 16 ਪਿੰਡਾਂ ਦੀ ਹੋਣੀ ਵੀ ਕਦੇ ਟਲੀ ਨਹੀਂ। ਰਾਵੀ ਦਾ ਬੰਨ੍ਹ ਕੀ ਟੁੱਟਿਆ, ਪਠਾਨਕੋਟ ਦੇ ਪਿੰਡ ਕੋਹਲੀਆਂ ਦੇ ਬਾਗ਼ ਹੁਸੈਨ ਦਾ ਬਾਗ਼ ਹੀ ਉੱਜੜ ਗਿਆ। ਬਾਗ਼ ਹੁਸੈਨ ਦੇ ਤਿੰਨ ਬੱਚੇ ਅਤੇ ਬਿਰਧ ਮਾਂ, ਰਾਵੀ ਦੇ ਪਾਣੀ ’ਚ ਹੀ ਸਮਾ ਗਏ। ਗੁੱਜਰਾਂ ਦਾ ਇਹ ਪਰਿਵਾਰ ਤੀਲ੍ਹਾ-ਤੀਲ੍ਹਾ ਹੋ ਗਿਆ।ਦਾਦੀ ਆਪਣੇ ਦੋ ਪੋਤਿਆ ਸਮੇਤ ਪਾਣੀ ’ਚ ਐਸੀ ਲੀਨ ਹੋਈ ਕਿ ਅੱਜ ਤੱਕ ਕਿਧਰੋਂ ਵੀ ਨਹੀਂ ਲੱਭੇ। ਬਾਗ਼ ਹੁਸੈਨ ਜਦ ਇਕੱਲਾ ਘਰ ਪਰਤਿਆ, ਮ੍ਰਿਤਕ ਬੱਚੀ ਨੂੰ ਮੋਢੇ ਲਾਇਆ ਹੋਇਆ ਸੀ। ਕਿਧਰੇ ਕੋਈ ਸੁੱਕੀ ਥਾਂ ਨਾ ਲੱਭੀ ਤਾਂ ਦੂਰ-ਦੁਰਾਡੇ ਵਾਲੀਆਂ ਕਬਰਾਂ ’ਚ ਬੱਚੀ ਨੂੰ ਦਫ਼ਨਾ ਆਇਆ। ਅਜਨਾਲਾ ਦੇ ਪਿੰਡ ਮਾਛੀਵਾਹਲਾ ਦਾ ਬਜ਼ੁਰਗ ਅਜੀਤ ਸਿੰਘ ਪਾਣੀ ’ਚ ਰੁੜ੍ਹ ਗਿਆ। ਬਾਗ਼ ’ਚੋਂ ਤੈਰਦੀ ਹੋਈ ਲਾਸ਼ ਮਿਲੀ। ਪਿੰਡ ਦੇ ਸਿਵਿਆਂ ’ਚ ਪਾਣੀ ਹੀ ਪਾਣੀ ਸੀ। ਇਕਲੌਤਾ ਪੁੱਤਰ ਲਵਪ੍ਰੀਤ ਸਿੰਘ ਆਪਣੇ ਬਾਪ ਦੀ ਮਿੱਟੀ ਚਾਰ ਕਿੱਲੋਮੀਟਰ ਦੂਰ ਰਮਦਾਸ ਦੇ ਸ਼ਮਸ਼ਾਨਘਾਟ ’ਚ ਸਮੇਟ ਕੇ ਆਇਆ।