DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਜ਼ਾਮ ਦੀ ਖਾਮੋਸ਼ੀ ਨੇ ਨਿਗਲ ਲਿਆ ਨਿਆਂ

ਸਿੱਖ ਕਤਲੇਆਮ ਦੇ 41 ਵਰ੍ਹਿਆਂ ਬਾਅਦ ਵੀ ਜ਼ਖ਼ਮ ਅੱਲ੍ਹੇ

  • fb
  • twitter
  • whatsapp
  • whatsapp
Advertisement

ਸਿੱਖ ਕਤਲੇਆਮ ਦੇ ਜ਼ਖ਼ਮ 41 ਵਰ੍ਹਿਆਂ ਬਾਅਦ ਹਾਲੇ ਵੀ ਅੱਲ੍ਹੇ ਹਨ। ਕੌਮੀ ਰਾਜਧਾਨੀ ’ਚ ਉਸ ਸਮੇਂ (1984) 31 ਅਕਤੂਬਰ ਤੋਂ 7 ਨਵੰਬਰ ਦਰਮਿਆਨ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ। ਹਜੂਮੀਆਂ ਨੇ ਉਨ੍ਹਾਂ ਦੇ ਘਰਾਂ ਅਤੇ ਗੁਰਦੁਆਰਿਆਂ ਨੂੰ ਅੱਗ ਲਗਾ ਦਿੱਤੀ ਸੀ। ਸਰਕਾਰੀ ਰਿਕਾਰਡ ਮੁਤਾਬਕ ਦਿੱਲੀ ’ਚ 2,733 ਸਿੱਖ ਮਾਰੇ ਗਏ ਸਨ ਜਦਕਿ ਪੀੜਤਾਂ ਦਾ ਦਾਅਵਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਜ਼ਿਆਦਾ ਹੈ। ਸਿੱਖਾਂ ਨੂੰ ਹਾਲੇ ਤੱਕ ਇਨਸਾਫ਼ ਦੀ ਉਡੀਕ ਹੈ ਅਤੇ ਜ਼ਿਆਦਾਤਰ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ। ਸਿੱਖ ਕਤਲੇਆਮ ਦੇ 650 ਕੇਸ ਦਰਜ ਹੋਏ ਸਨ ਪਰ 362 ’ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਅਤੇ ਸਿਰਫ਼ 39 ਮਾਮਲਿਆਂ ’ਚ ਸਜ਼ਾ ਹੋਈ ਹੈ। ਗਵਾਹਾਂ, ਸਬੂਤਾਂ ਅਤੇ ਪੁਲੀਸ ਦੀ ਨਾਕਾਮੀ ਕਾਰਨ ਕਰੀਬ 300 ਕੇਸ ਰਫ਼ਾ-ਦਫ਼ਾ ਹੋ ਗਏ। ਹੁਣ ਸਿਰਫ਼ 20 ਕੇਸ ਚੱਲ ਰਹੇ ਹਨ, ਬਾਕੀ ਨਿਜ਼ਾਮ ਦੀ ਖਾਮੋਸ਼ੀ ਨੇ ਨਿਗਲ ਲਏ। ਸਿੱਖ ਕਤਲੇਆਮ ਲਈ ਦੋ ਵੱਡੇ ਆਗੂਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ’ਤੇ ਦੋਸ਼ ਲੱਗੇ ਹਨ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ’ਚ ਪੰਜ ਸਿੱਖਾਂ ਦੀ ਹੱਤਿਆ ਦੇ ਮਾਮਲੇ ’ਚ ਦਸੰਬਰ 2018 ’ਚ ਸਜ਼ਾ ਸੁਣਾਈ ਗਈ। ਉਸ ਦੀ ਅਪੀਲ ’ਤੇ ਦਿੱਲੀ ਹਾਈ ਕੋਰਟ ’ਚ 19 ਨਵੰਬਰ ਨੂੰ ਸੁਣਵਾਈ ਹੋਣੀ ਹੈ। ਦਿੱਲੀ ਹਾਈ ਕੋਰਟ ਨੇ ਕਤਲੇਆਮ ਨੂੰ ‘ਮਨੁੱਖਤਾ ਖ਼ਿਲਾਫ਼ ਅਪਰਾਧ’ ਕਰਾਰ ਦਿੱਤਾ ਅਤੇ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹ ਤਿਹਾੜ ਜੇਲ੍ਹ ’ਚ ਬੰਦ ਹੈ ਪਰ ਉਸ ਦੀ ਅਪੀਲ ਦਿੱਲੀ ਹਾਈ ਕੋਰਟ ’ਚ ਬਕਾਇਆ ਪਈ ਹੈ। ਅਦਾਲਤ ਨੇ ਇਕ ਹੋਰ ਮਾਮਲੇ ’ਚ ਇਸ ਵਰ੍ਹੇ ਬਿਆਨ ਦਰਜ ਕੀਤੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਕਿਵੇਂ ਅਤੀਤ ਦਿੱਲੀ ਦੀਆਂ ਅਦਾਲਤਾਂ ਅੰਦਰ ਸਹਿਕ ਰਿਹਾ ਹੈ। ਇਕ ਹੋਰ ਕਾਂਗਰਸੀ ਆਗੂ ਟਾਈਟਲਰ ਖ਼ਿਲਾਫ਼ ਸੀ ਬੀ ਆਈ ਨੇ 2023 ’ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਸ ’ਤੇ ਪਹਿਲੀ ਨਵੰਬਰ, 1984 ਨੂੰ ਭੀੜ ਨੂੰ ਭੜਕਾਉਣ ਦੇ ਦੋਸ਼ ਲੱਗੇ ਹਨ ਜਿਸ ਨੇ ਪੁਲ ਬੰਗਸ਼ ਗੁਰਦੁਆਰੇ ’ਤੇ ਹਮਲਾ ਕਰਕੇ ਤਿੰਨ ਸਿੱਖਾਂ ਦੀ ਹੱਤਿਆ ਕਰ ਦਿੱਤੀ ਸੀ। ਪਿਛਲੇ ਸਾਲ ਅਗਸਤ ’ਚ ਦਿੱਲੀ ਅਦਾਲਤ ਨੇ ਉਸ ਖ਼ਿਲਾਫ਼ ਹੱਤਿਆ, ਦੰਗੇ ਭੜਕਾਉਣ ਅਤੇ ਦੁਸ਼ਮਣੀ ਵਧਾਉਣ ਦੀਆਂ ਧਾਰਾਵਾਂ ਤਹਿਤ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਸਨ। ਉਹ ਇਸ ਸਮੇਂ ਜ਼ਮਾਨਤ ’ਤੇ ਹੈ।

Advertisement
Advertisement
×