DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਬਾ ਫਰੀਦ ਦੀ ਬਾਣੀ ਵਿੱਚ ਮਨੁੱਖੀ ਜੀਵਨ ਦਾ ਮਨੋਰਥ

ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਸ਼ੇਖ ਫਰੀਦ ਭਾਰਤ ਵਿੱਚ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਤੀਜੇ ਪ੍ਰਸਿੱਧ ਸੂਫੀ ਹੋਏ ਹਨ। ਉਨ੍ਹਾਂ ਦਾ ਜਨਮ 1173 ਈ. ਅਰਥਾਤ 1231 ਬਿਕਰਮੀ ਵਿੱਚ ਪਿੰਡ ਖੋਤਵਾਲ (ਮੁਲਤਾਨ) ਵਿੱਚ ਹੋਇਆ। ਬਾਬਾ ਫਰੀਦ ਦੀ ਪ੍ਰਮਾਣਿਕ ਰਚਨਾ, ਜੋ ਗੁਰੂ...
  • fb
  • twitter
  • whatsapp
  • whatsapp
Advertisement

ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਸ਼ੇਖ ਫਰੀਦ ਭਾਰਤ ਵਿੱਚ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਤੀਜੇ ਪ੍ਰਸਿੱਧ ਸੂਫੀ ਹੋਏ ਹਨ। ਉਨ੍ਹਾਂ ਦਾ ਜਨਮ 1173 ਈ. ਅਰਥਾਤ 1231 ਬਿਕਰਮੀ ਵਿੱਚ ਪਿੰਡ ਖੋਤਵਾਲ (ਮੁਲਤਾਨ) ਵਿੱਚ ਹੋਇਆ। ਬਾਬਾ ਫਰੀਦ ਦੀ ਪ੍ਰਮਾਣਿਕ ਰਚਨਾ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਿਲਦੀ ਹੈ, ਵਿੱਚ 112 ਸਲੋਕ ਅਤੇ ਚਾਰ ਸ਼ਬਦ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਸ਼ਬਦ ਰਾਗ ਸੂਹੀ ਤੇ ਦੋ ਰਾਗ ਆਸਾ ਵਿੱਚ ਹਨ।

ਬਾਬਾ ਸ਼ੇਖ ਫਰੀਦ ਦੀ ਰਚਨਾ ’ਚੋਂ ਪ੍ਰਗਟ ਹੁੰਦਾ ਹੈ ਕਿ ਉਨ੍ਹਾਂ ਦਾ ਵਿਵਹਾਰ ਮਨੁੱਖਤਾਵਾਦੀ ਦ੍ਰਿਸ਼ਟੀ ਵਾਲਾ ਹੈ। ਉਨ੍ਹਾਂ ਦੇ ਨਿੱਗਰ, ਨਿੱਘੇ, ਜ਼ਿੰਦਗੀ ਦੀ ਲੋਅ ਨਾਲ ਧੜਕਦੇ ਵਿਚਾਰ/ਅਨੁਭਵ ਮਨੁੱਖੀ ਜੀਵਨ ਦੇ ਸੱਚ ਅਤੇ ਉਦੇਸ਼ ਦੀ ਥਾਹ ਪਾਉਂਦੇ ਹਨ। ਬਾਬਾ ਫਰੀਦ ਦੀ ਰਚਨਾ ਵਿੱਚ ਨਿੱਤ ਦੇ ਕਾਰਾਂ-ਵਿਹਾਰਾਂ, ਧੰਦਿਆਂ, ਰੁਝੇਵਿਆਂ, ਜੀਵਨ ਦੇ ਝਮੇਲਿਆਂ, ਜੀਵਨ ਦੇ ਮਨੋਰਥ ਆਦਿ ਮੂੰਹੋਂ ਬੋਲਦੇ ਅਨੇਕ ਚਿੱਤਰ ਸਾਂਭੇ ਹੋਏ ਹਨ। ਵਿਦਵਾਨ ਡਾ. ਅਤਰ ਸਿੰਘ ਅਨੁਸਾਰ, ‘ਫਰੀਦ ਬਾਣੀ ਵਿੱਚ ਮਨੁੱਖੀ ਸੰਸਕਾਰਾਂ, ਵਿਹਾਰਾਂ ਤੇ ਜਜ਼ਬਿਆਂ ਦੇ ਜਿਸ ਪ੍ਰਭਾਵ ਮੰਡਲ ਦੀ ਉਸਾਰੀ ਕੀਤੀ ਗਈ ਹੈ, ਉਸ ਦੀ ਮੂਲ ਸੁਰ ਜੀਵਨ ਤੋਂ ਤਿਆਗ ਤੇ ਉਪਰਾਮਤਾ ਦੀ ਹੈ। ਜੀਵਨ ਦੇ ਅੰਤਿਮ ਸਤਿ ਤੱਕ ਦੀ ਯਾਤਰਾ ਮਨੁੱਖੀ ਜੀਵਨ ਦੇ ਰੰਗ ਤਮਾਸ਼ਿਆਂ ਦੇ ਵਿੱਚੋਂ ਦੀ ਲੰਘ ਕੇ ਸੰਪੂਰਨ ਹੁੰਦੀ ਹੈ। ਫਰੀਦ ਬਾਣੀ ਵਿੱਚ ਭਿੰਨ ਭਿੰਨ ਜੀਵਨ ਸਥਿਤੀਆਂ ਦਾ ਅਜਿਹਾ ਵਰਨਣ ਹੈ, ਜਿਸ ਵਿੱਚੋਂ ਸਮੁੱਚਾ ਮਨੁੱਖੀ ਵਿਹਾਰ ਖ਼ੁਦ ਅਰਥ ਬਣ ਕੇ ਉੱਭਰਦਾ ਹੈ।’

Advertisement

ਬਾਬਾ ਫਰੀਦ ਜੀਵ ਨੂੰ ਪਰਮ ਜੋਤ ਤੋਂ ਨਿਖੜਿਆ ਅੰਸ਼ ਮੰਨਦੇ ਹਨ। ਮਨੁੱਖ ਨੂੰ ਜੀਵਨ ਇਸ ਲਈ ਮਿਲਿਆ ਹੈ ਕਿ ਉਹ ਆਪਣੇ ਅਸਲ ਨਾਲ, ਜਿਸ ਤੋਂ ਉਹ ਵਿਛੜਿਆ ਹੋਇਆ ਹੈ, ਬੰਦਗੀ ਰਾਹੀਂ ਮਿਲ ਸਕੇ! ਜੀਵਨ ਦੀਆਂ ਥੋੜ੍ਹ ਚਿਰੀਆਂ ਖੁਸ਼ੀਆਂ ਪ੍ਰਾਪਤ ਕਰਨਾ ਉਸ ਦਾ ਟੀਚਾ ਨਹੀਂ ਹੋਣਾ ਚਾਹੀਦਾ, ਸਗੋਂ ਮਨੁੱਖਾ ਜੀਵਨ ਤਾਂ ਜੀਵਾਤਮਾ ਨੂੰ ਪਰਮਜੋਤ ਵਿੱਚ ਲੀਨ ਹੋਣ ਲਈ ਭਗਤੀ ਕਰਨ ਦਾ ਅਦੁੱਤਾ ਮੌਕਾ ਦਿੰਦਾ ਹੈ। ਬਾਬਾ ਫਰੀਦ ਅਨੁਸਾਰ ‘ਵਿਸੁ ਗੰਦਲਾਂ’ ਭਗਤੀ ਕਰਨ ਵਿੱਚ ਵੱਡੀ ਰੁਕਾਵਟ ਬਣਦੀਆਂ ਹਨ। ਪਰ ਸੱਚਾ ਸਾਧਕ ਦੁਨਿਆਵੀ ਕਾਰ-ਵਿਹਾਰ ਕਰਦਿਆਂ ਹੋਇਆਂ ਵੀ ਉਨ੍ਹਾਂ ਵੱਲ ਨਹੀਂ ਖਿੱਚਿਆ ਜਾਂਦਾ, ਕਿਉਂ ਜੋ ਉਸ ਦੀ ਬਿਰਤੀ ਕਿਸੇ ਉਚੇਰੇ ਮੰਡਲ ਵੱਲ ਲੱਗੀ ਰਹਿੰਦੀ ਹੈ। ਭਗਤ ਰੂਪੀ ਹੰਸ ਕੱਲਰੀ ਛੱਪੜੀ ’ਤੇ ਉਤਰ ਕੇ ਵੀ ਛੱਪੜੀ ਦਾ ਗੰਦਾ ਪਾਣੀ ਨਹੀਂ ਪੀਂਦਾ। ਬਾਬਾ ਫਰੀਦ ਅਨੁਸਾਰ ਭਗਤ ਉਨ੍ਹਾਂ ਪੰਛੀਆਂ ਵਰਗੇ ਹੁੰਦੇ ਹਨ, ਜਿਨ੍ਹਾਂ ਦਾ ਵਾਸਾ ਜੰਗਲਾਂ ਵਿੱਚ ਹੁੰਦਾ ਹੈ। ਉਹ ਰੋੜ ਚੁਗਦੇ ਹਨ, ਧਰਤੀ ’ਤੇ ਵਸਦੇ ਹਨ ਪਰ ਰੱਬ ਦਾ ਆਸਰਾ ਨਹੀਂ ਛੱਡਦੇ। ਅਸਲ ਵਿੱਚ ਸੱਚਾ ਭਗਤ ਉਹੀ ਹੈ, ਜਿਸ ਨੂੰ ਪ੍ਰਭੂ ਨਾਲ ਦਿਲੋਂ ਪਿਆਰ ਹੈ, ਜਿਹੜਾ ਪ੍ਰਭੂ ਪਿਆਰ ਨੂੰ ਆਪਣੇ ਨਿੱਤ ਦੇ ਵਿਹਾਰ ਤੇ ਅਭਿਆਸ ਵਿੱਚ ਢਾਲ ਲੈਂਦਾ ਹੈ। ਅਜਿਹਾ ਭਗਤ ਉਹ ਹੀ ਹੋ ਸਕਦਾ ਹੈ, ਜਿਸ ਨੂੰ ਪ੍ਰਭੂ ਨੇ ਆਪਣੀ ਕਿਰਪਾ ਰਾਹੀਂ ਆਪਣੇ ਲੜ ਲਾ ਲਿਆ ਹੈ। ਅਜਿਹੇ ਭਗਤਾਂ ਦਾ ਇਸ ਲੋਕ ਵਿੱਚ ਆਗਮਨ ਧੰਨ ਹੈ ਤੇ ਉਨ੍ਹਾਂ ਦੀ ਜਣਨੀ ਵੀ ਧੰਨ ਹੈ।

ਬਾਬਾ ਫਰੀਦ ਸਮਕਾਲੀਨ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਕੀਮਤ ਪ੍ਰਬੰਧ ਉਪਰ ਟਿੱਪਣੀਆਂ ਕਰਦਿਆਂ ਸਾਦਗੀ ਭਰਪੂਰ ਜੀਵਨ ਨਿਰਵਾਹ ਕਰਨ ਨੂੰ ਤਰਜੀਹ ਦਿੰਦੇ ਹਨ। ਅਜਿਹਾ ਸਾਧਾਰਨ ਜੀਵਨ ‘ਉਸ ਦੀ’ ਪ੍ਰਾਪਤੀ ਲਈ ਬਲ ਪ੍ਰਦਾਨ ਕਰਦਾ ਹੈ। ਸਾਧਾਰਨ ਮਨੁੱਖ ਮੋਟੀ ਪੁਸ਼ਾਕ ਪਹਿਨਦਾ ਹੈ, ਜਿਸ ਦੇ ਕੱਪੜੇ ਦੀਆਂ ਕੰਨੀਆਂ ਤੋਪਿਆਂ ਨਾਲ ਸੀਤੀਆਂ ਹੁੰਦੀਆਂ ਹਨ। ਬਾਬਾ ਫਰੀਦ ਰੁੱਖੀ-ਸੁੱਕੀ ਖਾਣ ਅਰਥਾਤ ਸਾਦਾ ਭੋਜਨ ਖਾਣ ਲਈ ਕਹਿੰਦੇ ਹਨ। ਬਾਬਾ ਫਰੀਦ ਅਮੀਰ ਜਮਾਤ ਦੇ ਵਿਲਾਸਮਈ ਜੀਵਨ ਤੇ ਐਸ਼ੋ-ਇਸ਼ਰਤ ਵਿੱਚ ਗਲਤਾਨ ਹੋ ਕੇ ਜਿਊਣ ਦੀ ਨਿਖੇਧੀ ਕਰਦੇ ਹਨ। ਅਮੀਰ/ਵੱਡੇ ਲੋਕਾਂ ਵੱਲੋਂ ਖਾਧੇ ਜਾਂਦੇ ਸਵਾਦਿਸ਼ਟ ਪਕਵਾਨ ਸਰੀਰ ਨੂੰ ਵਿਕਾਰੀ ਬਣਾਉਂਦੇ ਹਨ:

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ।

ਅਸਾਵੀਂ ਆਰਥਿਕ ਵੰਡ ਹੋਣ ਕਰਕੇ ਕੋਈ ਬਹੁਤ ਅਮੀਰ ਹੈ ਤੇ ਕੋਈ ਬਹੁਤ ਗ਼ਰੀਬ। ਜਦੋਂ ਬਾਬਾ ਫਰੀਦ ,‘ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ’ ਕਹਿੰਦੇ ਹਨ ਤਾਂ ਬਹੁਤੇ ਆਟੇ ਜਾਂ ਅੰਨ ਨੂੰ ਅਮੀਰੀ ਦਾ ਪ੍ਰਤੀਕ ਦੱਸਦੇ ਹਨ। ਜਦ ਕਿ ਲੂਣ ਤੱਕ ਦਾ ਨਾ ਹੋਣਾ ਅਤਿ ਦੀ ਗ਼ਰੀਬੀ ਨੂੰ ਦਰਸਾਉਂਦਾ ਹੈ। ਉੱਚੇ ਮਹਿਲ ਮਾੜੀਆਂ ਅਮੀਰ ਹੀ ਬਣਾਉਂਦੇ ਹਨ। ਬਾਬਾ ਫਰੀਦ ਅਨੁਸਾਰ ਇਹ ਉਸਾਰੀ ਝੂਠੀ ਹੈ ਕਿਉਂ ਜੋ ਇਹ ਹੱਕ ਹਲਾਲ ਦੀ ਕਮਾਈ ਨਾਲ ਨਹੀਂ, ਸਗੋਂ ਪਰਾਏ ਹੱਕ ਮਾਰ ਕੇ ਕੀਤੀ ਗਈ ਹੈ। ਬਾਬਾ ਫਰੀਦ ਅਮੀਰੀ ਦੇ ਸੁੱਖਾਂ ਨੂੰ ਤਿਆਗ ਕੇ ਧੀਰਜ, ਸਬਰ, ਸ਼ੁਕਰ, ਰਜ਼ਾ, ਨਿਮਰਤਾ ਅਤੇ ਭਰਮ ਨਿਵਾਰਣ ਵਾਲਾ ਜੀਵਨ/ਵਿਹਾਰ ਧਾਰਨ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹਨ।

ਬਾਬਾ ਫਰੀਦ ਅਨੁਸਾਰ ਭਗਤੀ ਮਾਰਗ ਦਾ ਪਾਂਧੀ ਆਪਣੇ ਤਨ ਨੂੰ ਬਿਰਹੋਂ ਦੀ ਅਗਨੀ ਵਿੱਚ ਤਪਾਉਂਦਾ ਹੈ, ਹੱਡਾਂ ਦਾ ਬਾਲਣ ਬਾਲਦਾ ਹੈ, ਪੈਰਾਂ ਦੇ ਸੱਤਿਆਹੀਣ ਹੋਣ ’ਤੇ ਸਿਰ ਭਾਰ ਤੁਰ ਕੇ ਵੀ ਪ੍ਰਭੂ ਪ੍ਰਾਪਤੀ ਲਈ ਤਾਂਘਦਾ ਰਹਿੰਦਾ ਹੈ। ਸੰਸਾਰ ਰੂਪੀ ਤਲਾਬ ਵਿੱਚ ਮਨੁੱਖ ਕਿਸੇ ਅਜਿਹੇ ਪੰਛੀ ਦੀ ਨਿਆਈਂ ਹੈ, ਜਿਸ ਨੂੰ ਫਸਾਉਣ ਵਾਲੇ ਅਨੇਕਾਂ ਜਾਲ ਮੌਜੂਦ ਹਨ। ਜੀਵਾਤਮਾ ਸਰੀਰ ਰੂਪੀ ਤਲਾਬ ਦੀਆਂ ਵਿਕਾਰ ਰੂਪੀ ਲਹਿਰਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੀ ਪ੍ਰਭੂ ਮਿਲਾਪ ਦੀ ਆਸ ਨਹੀਂ ਛੱਡਦੀ।

ਬਾਬਾ ਫਰੀਦ ਦੀ ਬਾਣੀ ਨੂੰ ਸਮਝਣ ਦਾ ਯਤਨ ਕਰੀਏ ਤਾਂ ਉਨ੍ਹਾਂ ਦੇ ਵਿਹਾਰ ਦਾ ਲੋਭ-ਲਾਲਚ ਦੀ ਦੁਨੀਆ ਨਾਲ ਤੀਬਰ ਵਿਰੋਧ ਹੈ। ਬਾਬਾ ਜੀ ਅਨੁਸਾਰ ਜਿਥੇ ਲੋਭ ਹੈ, ਉਥੇ ਪ੍ਰੇਮ ਨਹੀਂ ਹੁੰਦਾ। ਜੇ ਹੁੰਦਾ ਹੈ ਤਾਂ ਕੂੜਾ, ਕੱਚਾ, ਛਲਾਵੇ ਭਰਪੂਰ ਤੇ ਥੋੜ੍ਹ ਚਿਰਾ ਹੋਵੇਗਾ। ਪ੍ਰਭੂ ਭਗਤੀ ਦਾ ਆਧਾਰ ਤਾਂ ਚਿਰ ਸਥਾਈ ਪ੍ਰੇਮ ਹੈ। ਪ੍ਰਭੂ ਤਾਂ ਹਿਰਦੇ ਵਿੱਚ ਵੱਸਦਾ ਹੈ, ਜਿਸ ਨੇ ਵੀ ਉਸ ਦੇ ਅਗੰਮੀ ਰੂਪ ਦੀ ਝਲਕ ਪਾਉਣੀ ਹੈ, ਹਿਰਦੇ ਦੇ ਅੰਦਰੋਂ ਹੀ ਪਾਈ ਜਾ ਸਕਦੀ ਹੈ। ਉਸ ਨੂੰ ਬਾਹਰ ਲੱਭਣਾ ਵਿਅਰਥ ਹੈ।

ਬਾਬਾ ਫਰੀਦ ਨੇ ਆਪਣੀ ਬਾਣੀ ਵਿੱਚ ਮੌਤ ਦਾ ਜ਼ਿਕਰ/ਚਿੰਤਨ ਕਈ ਥਾਈਂ ਕੀਤਾ ਹੈ। ਮੌਤ ਦੇ ਜ਼ਿਕਰ ਦਾ ਇਹ ਅਰਥ ਨਹੀਂ ਕਿ ਉਹ ਮਨੁੱਖ ਨੂੰ ਮੌਤ ਦਾ ਭਿਆਨਕ ਦ੍ਰਿਸ਼ ਵਿਖਾ ਕੇ ਜੀਵਨ ਤੋਂ ਮੁੱਖ ਮੋੜ ਲੈਣ ਲਈ ਜਾਂ ਨਿਰਾਸ਼ ਹੋ ਕੇ ਬੈਠ ਜਾਣ ਲਈ ਕਹਿੰਦੇ ਹਨ। ਸਗੋਂ ਉਹ ਤਾਂ ਮਾਇਆ ਵਿੱਚ ਫਸੇ ਮਨੁੱਖ ਨੂੰ ਜ਼ਿੰਦਗੀ ਦੀ ਕੌੜੀ ਸਚਾਈ ਤੋਂ ਜਾਣੂੰ ਕਰਵਾ ਕੇ ਇਹ ਦੱਸਣਾ ਚਾਹੁੰਦੇ ਹਨ ਕਿ ਜਿਨ੍ਹਾਂ ਵਿਕਾਰਾਂ ਵਿੱਚ ਫਸ ਕੇ ਉਹ ਆਪਣੇ ਸ਼ਹੁ ਨੂੰ ਭੁਲਾ ਬੈਠਾ ਹੈ, ਉਨ੍ਹਾਂ ਦੀ ਕੋਈ ਸਥਿਰਤਾ ਨਹੀਂ ਹੈ। ਅੰਤ ਵਿੱਚ ਸਭ ਕੁਝ ਇਥੇ ਹੀ ਰਹਿ ਜਾਣਾ ਹੈ। ਬਾਬਾ ਫਰੀਦ ਤਾਂ ਪਾਪਾਂ, ਵਿਕਾਰਾਂ, ਦੁਰਾਚਾਰਾਂ ਆਦਿ ਦੀ ਦਲਦਲ ਵਿੱਚ ਫਸੇ ਮਨੁੱਖ ਨੂੰ ਜੀਵਨ ਦਾ ਅਸਲ ਪ੍ਰਯੋਜਨ ਸਮਝਾਉਂਦੇ ਹਨ।

ਬਾਬਾ ਫਰੀਦ ਦਾ ਵਿਹਾਰ ਜੀਵਨ ਤੋਂ ਭਾਂਜ ਮੰਨਣ ਵਾਲਾ ਨਹੀਂ। ਸਗੋਂ ਉਹ ਤਾਂ ਮਨੁੱਖ ਦੀ ਸੂਝ ਨੂੰ ਕੁਰੇਦਣ ਦੇ ਯਤਨ ਵਿੱਚ ਰਹਿੰਦੇ ਹਨ। ਮਨੁੱਖ ਨੂੰ ਉਹ ਜੀਵਨ ਦੀ ਅਸਲ ਖੱਟੀ ਖੱਟਣ ਦੇ ਵੇਲੇ ਦੀ ਯਾਦ ਦਿਵਾਉਂਦੇ ਰਹਿੰਦੇ ਹਨ। ਗੁਜ਼ਰਦੇ ਜਾ ਰਹੇ ਕੀਮਤੀ ਸਮੇਂ ਬਾਰੇ ਉਹ ਸੁਚੇਤ ਕਰਦੇ ਰਹਿੰਦੇ ਹਨ ਤੇ ਜੀਵਨ ਦੀਆਂ ਰੰਗ-ਖੁਸ਼ੀਆਂ ਦੀ ਅਸਥਿਰਤਾ ਦਾ ਬੋਧ ਕਰਵਾ ਕੇ ਮਨੁੱਖ ਨੂੰ ਪ੍ਰਭੂ ਪ੍ਰੇਮ ਵੱਲ ਮੁੜਨ ਦੀ ਪ੍ਰੇਰਨਾ ਦਿੰਦੇ ਹਨ। ਮਨੁੱਖ ਨੂੰ ਉਹ ਸੱਚੀ ਸੁੱਚੀ ਕਿਰਤ ਕਰਨ ਅਤੇ ਸਾਤਵਿਕ ਕਰਮ ਕਰਨ ਲਈ ਕਹਿੰਦੇ ਹਨ।

ਬਾਬਾ ਫਰੀਦ ਦੀ ਬਾਣੀ ਸੱਚ ਕਹਿਣ ਦੀ ਦਲੇਰੀ ਦਾ ਪ੍ਰਤੱਖ ਪ੍ਰਮਾਣ ਹੈ। ਬਾਬਾ ਜੀ ਸਿਰਫ ਸਿੱਖਿਆ ਹੀ ਨਹੀਂ ਦਿੰਦੇ ਸਗੋਂ ਸੱਚ ਨੂੰ ਵਿਹਾਰ ਵਿੱਚ ਢਾਲਣ ਦੇ ਢੰਗ-ਤਰੀਕੇ ਵੀ ਸਮਝਾਉਂਦੇ ਹਨ। ਉਹ ਜੀਵਨ ਦੇ ਗਿਆਨ ਦੀ ਵਿਆਪਕ ਸੋਝੀ ਕਰਵਾਉਂਦੇ ਹਨ। ਪ੍ਰਤੱਖ ਪਿੱਛੇ ਲੁਕੇ ਡੂੰਘੇ ਅਰਥਾਂ ਦੀ ਪਛਾਣ ਕਰਨ ਦੀ ਪ੍ਰੇਰਨਾ ਵੀ ਦਿੰਦੇ ਹਨ। ਬਾਬਾ ਫਰੀਦ ਮਨੁੱਖ ਦੇ ਬਾਹਰੀ ਦਿਖਾਵੇ ਨੂੰ ਉਸ ਦੇ ਅੰਦਰਲੇ ਯਥਾਰਥ ਦੇ ਸਨਮੁਖ ਲਿਆ ਕੇ ਉਸ ਨੂੰ ਅਸਲੀਅਤ ਤੋਂ ਜਾਣੂੰ ਕਰਵਾਉਂਦੇ ਹਨ।

ਬਾਬਾ ਸ਼ੇਖ ਫਰੀਦ ਦੀ ਧਾਰਨਾ ਹੈ ਕਿ ਨਿਰਾਸ਼ਾਵਾਦੀ ਮਨੁੱਖ ਦਾ ਵਿਹਾਰ ਕਦੇ ਵੀ ਮਾਨਵਵਾਦੀ ਨਹੀਂ ਹੋ ਸਕਦਾ। ਨਿਰਾਸ਼ਾਵਾਦੀ ਮਨੁੱਖ ਦੁਨੀਆ ਦੇ ਵਿਹਾਰ ਤੋਂ ਤੰਗ ਆ ਕੇ ਸਭ ਨੂੰ ਨਫਰਤ ਕਰਦਾ ਹੈ। ਬਾਬਾ ਫਰੀਦ ਨਫਰਤ ਕਰਨ ਵਾਲਿਆਂ ਤੇ ਬੁਰਾ ਸਲੂਕ/ਵਿਹਾਰ ਕਰਨ ਵਾਲਿਆਂ ਪ੍ਰਤੀ ਵੀ ਪ੍ਰੇਮ ਭਾਵਨਾ ਪ੍ਰਗਟ ਕਰਦੇ ਹਨ ਤੇ ਨਿਮਰਤਾ ਨਾਲ ਪੇਸ਼ ਆਉਂਦੇ ਹਨ। ਉਹ ਮਨੁੱਖ ਨੂੰ ਹਮੇਸ਼ਾ ਨਿਮਰ ਲਹਿਜ਼ਾ ਅਪਣਾਉਣ ਤੇ ਨੇਕੀ ਦੇ ਰਸਤੇ ’ਤੇ ਚੱਲਣ ਦੀ ਸਲਾਹ ਦਿੰਦੇ ਹਨ:

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ।

ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ।

ਬਾਬਾ ਫਰੀਦ ਦੀ ਬਾਣੀ ’ਚੋਂ ਪੰਜਾਬੀ ਸੱਭਿਆਚਾਰ ਦੀਆਂ ਕਈ ਝਲਕੀਆਂ ਵੀ ਮਿਲ ਜਾਂਦੀਆਂ ਹਨ। ਵਿਆਹ ਦੇ ਦਿਨ ਲਈ ਸਾਹਾ ਕਢਾਉਣ ਦੀ ਗੱਲ, ਵਿਆਹ ਤੋਂ ਬਾਅਦ ‘ਤਿਲ ਖੇਡਣ’ ਦੀ ਰਸਮ ਦੀ ਗੱਲ ਵੱਲ ਸੰਕੇਤ ਕਰਨ ਤੋਂ ਉਨ੍ਹਾਂ ਦੀ ਤੀਖਣ ਸੱਭਿਆਚਾਰਕ ਸੂਝ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਨਵੀਂ ਵਿਆਹੀ ਲੜਕੀ ਜਦੋਂ ਪੇਕੇ ਘਰੋਂ ਵਿਦਾ ਹੋਣ ਲੱਗਦੀ ਸੀ ਤਾਂ ਲਾੜੇ-ਲਾੜੀ ਨੂੰ ਪਲੰਘ ’ਤੇ ਬਿਠਾ ਕੇ ਲਾੜੇ ਦੇ ਲੜ ਤੇ ਲਾੜੀ ਦੇ ਦੁਪੱਟੇ ਨੂੰ ਗੰਢ ਮਾਰੀ ਜਾਂਦੀ ਸੀ। ਇਸ ਨੂੰ ‘ਗੰਢ ਚਿਤ੍ਰਾਵਾ’ ਕਿਹਾ ਜਾਂਦਾ ਸੀ। ਬਾਬਾ ਫਰੀਦ ਇਸ ਰਸਮ ਨੂੰ ਰੱਬੀ ਪਿਆਰ ਲਈ ਅੰਕਿਤ ਕਰਦਿਆਂ ਲਿਖਦੇ ਹਨ:

ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ।

ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ।

ਜਦੋਂ ਬਾਬਾ ਫਰੀਦ ‘ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ’ ਲਿਖਦੇ ਹਨ ਤਾਂ ਪੰਜਾਬੀ ਸੱਭਿਆਚਾਰ ਵਿੱਚ ਗੋਰੀ ਅਤੇ ਛੈਲ ਦੇ ਰਿਸ਼ਤੇ ਨੂੰ, ਭਾਵ ਵਿਅੰਜਨਾਂ ਲਈ ਉਹ ਬਿੰਬ ਦੇ ਤੌਰ ’ਤੇ ਵਰਤਦੇ ਹਨ। ਇਥੇ ‘ਛੈਲ’ ਸੰਤ ਆਤਮਾ ਦਾ ਲਖਾਇਕ ਹੈ। ਬਾਬਾ ਫਰੀਦ ਦੀਆਂ ਨਜ਼ਰਾਂ ਵਿੱਚ ਸਾਹਿਬ ਮਾਲਕ ਹੈ ਤੇ ਮਨੁੱਖ ਉਸ ਦਾ ਚਾਕਰ। ਇਸੇ ਲਈ ਬਾਬਾ ਫਰੀਦ ਮਨੁੱਖ ਨੂੰ ‘ਸਾਹਿਬ’ ਦੀ ਚਾਕਰੀ ਕਰਨ ਲਈ ਆਖਦੇ ਹਨ।

ਅਧਿਆਤਮਕ ਕਾਵਿ ਵਿੱਚ ਮਨੁੱਖ ਦੀ ਅਸਲ ਕਮਾਈ ਰੱਬ ਦੀ ਬੰਦਗੀ ਕਰਨ ਨੂੰ ਮੰਨਿਆ ਗਿਆ ਹੈ। ਇਹ ਕਮਾਈ ਸਮੇਂ ਸਿਰ ਕੀਤੀ ਜਾਣੀ ਚਾਹੀਦੀ ਹੈ:

ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ।

ਬਾਬਾ ਫਰੀਦ ਨੇ ਵਪਾਰ, ਖੇਤੀ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਜਿਵੇਂ ਪਿਆਲੇ, ਕੁੰਨੇ, ਮਟਕੀ, ਬਾਲਣ, ਤੰਦੂਰ, ਕੱਪੜੇ, ਲੜ, ਰੇਸ਼ਮ, ਪੱਗ, ਬੇੜਾ, ਮਲਾਹ, ਚਿੱਲਾ, ਤੀਰ, ਕਮਾਨ ਆਦਿ ਦਾ ਜ਼ਿਕਰ ਵੀ ਕੀਤਾ ਹੈ।

ਮੁਸਲਮਾਨੀ ਧਾਰਮਿਕ ਵਿਸ਼ਵਾਸਾਂ ਨਾਲ ਸਬੰਧਤ ਬਹੁਤ ਅਰਥ ਭਰਪੂਰ ਗੱਲਾਂ ਨੂੰ ਬਾਬਾ ਫਰੀਦ ਨੇ ਭਾਵ ਯੁਕਤ ਸੰਕੇਤਾਂ ਰਾਹੀਂ ਪੇਸ਼ ਕੀਤਾ ਹੈ। ਕੁਝ ਬਿੰਬ ਵੇਖਣਯੋਗ ਹਨ: ਉਜੂ, ਤਸਬੀ, ਨਮਾਜ਼, ਮਸੀਤ, ਕਬਰ, ਗੋਰ ਆਦਿ। ਬਾਬਾ ਫਰੀਦ ਸਹੁਰਾ ਘਰ, ਪੇਕਾ ਘਰ, ਹੰਸ, ਸਰਵਰ, ਛੱਪੜੀ, ਦੋਹਾਗਣ, ਕੋਠੇ, ਮੰਡਪ, ਮਾੜੀਆ ਆਦਿ ਸ਼ਬਦ ਤੇ ਸੰਕਲਪਾਂ ਦੀ ਵਰਤੋਂ ਕਈ ਥਾਈਂ ਕਰਦੇ ਹਨ। ਅਜਿਹੇ ਸ਼ਬਦ ਪੰਜਾਬੀ ਸੱਭਿਆਚਾਰ ਵਿੱਚ ਰਚੇ-ਮਿਚੇ ਹਨ।

ਬਾਬਾ ਫਰੀਦ ਦਾ ਬਹੁਤਾ ਜੀਵਨ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਬੀਤਿਆ। ਪੰਜਾਬੀ ਨਾਲ ਬਹੁਤ ਕਰੀਬੀ ਤੇ ਡੂੰਘਾ ਰਿਸ਼ਤਾ ਹੋਣ ਕਰਕੇ ਉਨ੍ਹਾਂ ਦੀ ਬਾਣੀ ਵਿੱਚ ਪੰਜਾਬੀ ਭਾਸ਼ਾ ਦੀ ਮਿਠਾਸ ਅਤੇ ਲੋਕ ਭਾਸ਼ਾ ਦੇ ਗੂੜ੍ਹੇ ਤੱਤ ਮੌਜੂਦ ਹਨ। ਫਰੀਦ ਬਾਣੀ ਨੂੰ ਪੰਜਾਬੀ ਦੀਆਂ ਪੁਰਾਣੀਆਂ ਤੇ ਪ੍ਰਮਾਣਿਕ ਕਿਰਤਾਂ ’ਚੋਂ ਹੋਣ ਦਾ ਮਾਣ ਹਾਸਲ ਹੈ। ਇਹ ਮਨੁੱਖੀ ਜੀਵਨ ਦੇ ਮਨੋਰਥ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ।

ਸੰਪਰਕ: 98885-10185

Advertisement
×