ਵਕਫ਼ ਕਮੇਟੀ ਦਾ ਕਾਰਜਕਾਲ ਵਧਣ ਦੀ ਸੰਭਾਵਨਾ
ਵਿਰੋਧੀ ਧਿਰਾਂ ਦੇ ਆਗੂਆਂ ਨੇ ਕਾਰਵਾਈ ਨੂੰ ‘ਮਜ਼ਾਕ’ ਕਰਾਰ ਦਿੰਦਿਆਂ ਕੀਤਾ ਸੀ ਮੀਟਿੰਗ ’ਚੋਂ ਵਾਕਆਊਟ
ਨਵੀਂ ਦਿੱਲੀ, 27 ਨਵੰਬਰ
ਵਕਫ਼ (ਸੋਧ) ਬਿੱਲ ’ਤੇ ਚਰਚਾ ਕਰ ਰਹੀ ਸੰਸਦੀ ਕਮੇਟੀ ਦਾ ਕਾਰਜਕਾਲ ਅਗਲੇ ਬਜਟ ਸੈਸ਼ਨ ਦੇ ਅਖੀਰਲੇ ਦਿਨ ਤੱਕ ਵਧ ਸਕਦਾ ਹੈ। ਭਾਜਪਾ ਐੱਮਪੀ ਤੇ ਕਮੇਟੀ ਮੈਂਬਰ ਅਪਰਾਜਿਤਾ ਸਾਰੰਗੀ ਨੇ ਕਿਹਾ ਕਿ ਪੈਨਲ ਵੱਲੋਂ ਸਪੀਕਰ ਓਮ ਬਿਰਲਾ ਨੂੰ ਸਦਨ ਕੋਲ ਇਸਦੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਬਜਟ ਸੈਸ਼ਨ 2025 ਦੇ ਆਖ਼ਰੀ ਦਿਨ ਤੱਕ ਵਧਾਉਣ ਦੀ ਗੁਜ਼ਾਰਿਸ਼ ਕੀਤੀ ਜਾਵੇਗੀ। ਚੇਅਰਪਰਸਨ ਪਾਲ ਵੱਲੋਂ ਇਸ ਸਬੰਧੀ ਲੋਕ ਸਭਾ ਵਿੱਚ ਮਤਾ ਲਿਆਉਣ ਦੀ ਸੰਭਾਵਨਾ ਹੈ। ਕਮੇਟੀ ਵੱਲੋਂ ਕੁਝ ਸੂਬਿਆਂ ਵਿੱਚ ਵੱਖ-ਵੱਖ ਹਿੱਤਧਾਰਕਾਂ ਨਾਲ ਮਿਲ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਦਰਅਸਲ, ਇਸ ਤੋਂ ਪਹਿਲਾਂ ਕਮੇਟੀ ਚੇਅਰਪਰਸਨ ਜਗਦੰਬਿਕਾ ਪਾਲ ਵੱਲੋਂ ਕਮੇਟੀ ਰਿਪੋਰਟ ਜਮ੍ਹਾਂ ਕਰਵਾਏ ਜਾਣ ਤੋਂ ਨਾਰਾਜ਼ ਵਿਰੋਧੀ ਮੈਂਬਰ ਮੀਟਿੰਗ ਵਿੱਚੋਂ ਵਾਕਆਊਟ ਕਰ ਕੇ ਚਲੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੀ ਕਾਰਵਾਈ ਮਜ਼ਾਕ ਬਣ ਕੇ ਰਹਿ ਗਈ ਹੈ। ਹਾਲਾਂਕਿ, ਉਹ ਘੰਟੇ ਮਗਰੋਂ ਮੁੜ ਮੀਟਿੰਗ ਵਿੱਚ ਇਹ ਸੰਕੇਤ ਮਿਲਣ ਮਗਰੋਂ ਵਾਪਸ ਆ ਗਏ ਸਨ ਕਿ ਕਮੇਟੀ ਚੇਅਰਪਰਸਨ ਇਸ ਦੀ ਮਿਆਦ ਵਧਾਉਣੀ ਚਾਹੁੰਦੇ ਹਨ।
ਇਸ ਤੋਂ ਪਹਿਲਾਂ ਦਿਨ ’ਚ ਕਾਂਗਰਸ ਦੇ ਗੌਰਵ ਗੋਗੋਈ, ਡੀਐੱਮਕੇ ਦੇ ਏ. ਰਾਜਾ, ‘ਆਪ’ ਦੇ ਸੰਜੈ ਸਿੰਘ ਤੇ ਟੀਐੱਮਸੀ ਦੇ ਕਲਿਆਣ ਬੈਨਰਜੀ ਨੇ ਕਮੇਟੀ ਦੇ ਚੇਅਰਪਰਸਨ ਜਗਦੰਬਿਕਾ ਪਾਲ ਦੇ ਵਤੀਰੇ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਦੋਸ਼ ਲਾਇਆ ਕਿ ਉਹ ਤੈਅਸ਼ੁਦਾ ਪ੍ਰਕਿਰਿਆ ਪੂਰੀ ਕੀਤੇ ਬਿਨਾਂ 29 ਨਵੰਬਰ ਤੱਕ ਇਸ ਦੀ ਕਾਰਵਾਈ ਸਮੇਟਣੀ ਚਾਹੁੰਦੇ ਹਨ। ਸ੍ਰੀ ਗੋਗੋਈ ਨੇ ਕਿਹਾ ਕਿ ਸਪੀਕਰ ਓਮ ਬਿਰਲਾ ਨੇ ਸੰਕੇਤ ਦਿੱਤਾ ਹੈ ਕਿ ਕਮੇਟੀ ਦੀ ਮਿਆਦ ਵਧਾਈ ਜਾ ਸਕਦੀ ਹੈ ਪਰ ਇੰਝ ਜਾਪਦਾ ਹੈ ਕਿ ਜਿਵੇਂ ਕੋਈ ‘ਵੱਡਾ ਮੰਤਰੀ’ ਪਾਲ ਦੀ ਅਗਵਾਈ ਕਰ ਰਿਹਾ ਹੈ।
ਇਸ ਮਗਰੋਂ ਚੇਅਰਪਰਸਨ ਪਾਲ ਤੇ ਕਮੇਟੀ ਵਿੱਚ ਸ਼ਾਮਲ ਭਾਜਪਾ ਮੈਂਬਰਾਂ ਨੇ ਨਰਾਜ਼ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਜੇਪੀਸੀ ਦੀ ਡੈੱਡਲਾਈਨ (29 ਨਵੰਬਰ) ’ਚ ਵਾਧਾ ਕਰਨ ਸਬੰਧੀ ਸਹਿਮਤੀ ਪ੍ਰਗਟਾਈ। -ਪੀਟੀਆਈ