ਮਹਾਂਕੁੰਭ ’ਚ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 60 ਕਰੋੜ ਤੋਂ ਪਾਰ
ਪ੍ਰਯਾਗਰਾਜ, 22 ਫਰਵਰੀ
ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਦਾਅਵਾ ਕੀਤਾ ਕਿ ਪ੍ਰਯਾਗਰਾਜ ’ਚ 13 ਜਨਵਰੀ ਤੋਂ ਸ਼ੁਰੂ ਹੋਏ ਮਹਾਂਕੁੰਭ ’ਚ ਹੁਣ ਤੱਕ 60 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕੀਤਾ ਹੈ। ਇਸੇ ਦੌਰਾਨ ਅੱਜ ਕੇਂਦਰੀ ਮੰਤਰੀ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪਰਿਵਾਰ ਸਮੇਤ ਅਤੇ ਤਾਮਿਲ ਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਵੀ ਤ੍ਰਿਵੇਣੀ ’ਚ ਇਸ਼ਨਾਨ ਕੀਤਾ। ਮੇਲਾ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਸ਼ਾਮ ਚਾਰ ਵਜੇ ਤੱਕ ਕੁੱਲ 1.11 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ ਤੇ ਸੰਗਮ ’ਚ ਇਸ਼ਨਾਨ ਕੀਤਾ ਜਦਕਿ 13 ਜਨਵਰੀ ਤੋਂ ਹੁਣ ਤੱਕ ਕੁੱਲ 60.42 ਕਰੋੜ ਸ਼ਰਧਾਲੂ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ। ਸ਼ਿਵਰਾਤਰੀ ਮੌਕੇ 26 ਫਰਵਰੀ ਨੂੰ ਹੋਣ ਵਾਲੇ ਆਖਰੀ ਅਹਿਮ ਇਸ਼ਨਾਨ ਤੱਕ ਇਹ ਗਿਣਤੀ 65 ਕਰੋੜ ਤੋਂ ਵੀ ਉੱਪਰ ਪਹੁੰਚ ਸਕਦੀ ਹੈ। ਮਹਾਂਕੁੰਭ ’ਚ 73 ਦੇਸ਼ਾਂ ਦੇ ਆਗੂ ਤੇ ਭੂਟਾਨ ਨਰੇਸ਼ ਨਾਮਗਿਆਲ ਵਾਂਗਚੁਕ ਸਮੇਤ ਕਈ ਮੁਲਕਾਂ ਦੇ ਮਹਿਮਾਨ ਇੱਥੇ ਅੰਮ੍ਰਿਤ ਇਸ਼ਨਾਨ ਕਰਨ ਪੁੱਜੇ। ਨੇਪਾਲ ਤੋਂ ਵੀ 50 ਲੱਖ ਤੋਂ ਵੱਧ ਲੋਕ ਹੁਣ ਤੱਕ ਤ੍ਰਿਵੇਣੀ ’ਚ ਇਸ਼ਨਾਨ ਕਰ ਚੁੱਕੇ ਹਨ।
ਇਸੇ ਦੌਰਾਨ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸੰਗਮ ’ਚ ਪਰਿਵਾਰ ਸਮੇਤ ਇਸ਼ਨਾਨ ਕੀਤਾ। ਇਸ ਮਗਰੋਂ ਉਨ੍ਹਾਂ ਸੂਰਜ ਨੂੰ ਅਰਘ ਦਿੱਤਾ। ਨੱਢਾ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ, ਸੂਬੇ ਦੇ ਮੰਤਰੀ ਸਵਤੰਤਰ ਦੇਵ ਸਿੰਘ ਤੇ ਮੰਤਰੀ ਨੰਦ ਗੋਪਾਲ ਗੁਪਤਾ ਨੇ ਵੀ ਇਸ਼ਨਾਨ ਕੀਤਾ। ਉਹ ਅੱਜ ਦੁਪਹਿਰ ਸਮੇਂ ਪ੍ਰਯਾਗਰਾਜ ਹਵਾਈ ਅੱਡੇ ਪੁੱਜੇ। ਇਸ਼ਨਾਨ ਕਰਨ ਵਾਲਿਆਂ ਵਿੱਚ ਨੱਢਾ ਦੇ ਪਰਿਵਾਰ ਦੇ ਦੋ ਬੱਚੇ ਵੀ ਸ਼ਾਮਲ ਸਨ। -ਪੀਟੀਆਈ
ਸ਼ਰਧਾਲੂਆਂ ਦੀ ਸੁਰੱਖਿਆ ਲਈ ਏਆਈ ਦੀ ਵਰਤੋਂ
ਮਹਾਂਕੁੰਭ ’ਚ ਮਸਨੂਈ ਬੌਧਿਕਤਾ (ਏਆਈ) ਆਧਾਰਿਤ ਨਿਗਰਾਨੀ ਪ੍ਰਣਾਲੀ ਦੀ ਵਰਤੋਂ ਆਉਣ ਵਾਲੇ ਸਾਲਾਂ ’ਚ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਭਗਦੜ ਦੀਆਂ ਘਟਨਾਵਾਂ ਰੋਕਣ ਤੇ ਇਸ ਸਾਲ ਜਿਹੀ ਤ੍ਰਾਸਦੀ ਤੋਂ ਬਚਣ ’ਚ ਮਦਦ ਕਰੇਗੀ। ਮੇਲਾ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਹਾਂਕੁੰਭ ’ਚ 29 ਜਨਵਰੀ ਨੂੰ ਮਚੀ ਭਗਦੜ ’ਚ ਘੱਟੋ ਘੱਟ 30 ਜਣੇ ਮਾਰੇ ਗਏ ਸਨ ਤੇ 90 ਤੋਂ ਵੱਧ ਜ਼ਖ਼ਮੀ ਹੋਏ ਸਨ। ਉਨ੍ਹਾਂ ਦੱਸਿਆ ਕਿ 4 ਹਜ਼ਾਰ ਏਕੜ ਦੇ ਮੇਲਾ ਮੈਦਾਨ ’ਤੇ 2750 ਸੀਸੀਟੀਵੀ ਨਿਗਰਾਨੀ ਕਰ ਰਹੇ ਹਨ ਜਿਨ੍ਹਾਂ ’ਚੋਂ ਤਕਰੀਬਨ 250 ਏਆਈ ਨਾਲ ਲੈਸ ਹਨ। ਇਹ ਕੈਮਰੇ ਮੇਲੇ ਦੇ ਏਕੀਕ੍ਰਿਤ ਕੰਟਰੋਲ ਤੇ ਕਮਾਨ ਕੇਂਦਰ ਨੂੰ ਸੂਚਨਾਵਾਂ ਭੇਜ ਰਹੇ ਹਨ। -ਪੀਟੀਆਈ