DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦੇ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਮੋਦੀ ਸਰਕਾਰ: ਕੇਂਦਰ

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਫਸਲ ਦਾ ਦਾਣਾ-ਦਾਣਾ ਖਰੀਦਣ ਦਾ ਦਿੱਤਾ ਭਰੋਸਾ

  • fb
  • twitter
  • whatsapp
  • whatsapp
Advertisement

ਆਦਿਤੀ ਟੰਡਨ/ਏਐੱਨਆਈ

ਨਵੀਂ ਦਿੱਲੀ, 27 ਅਕਤੂਬਰ

Advertisement

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਉਹ ਉਨ੍ਹਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦੇਗੀ। ਕੇਂਦਰੀ ਮੰਤਰੀ ਨੇ ਇਹ ਗੱਲ ਉਦੋਂ ਕਹੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਖਰੀਦ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਆਪਣਾ ਰੋਸ ਮੁਜ਼ਾਹਰਾ ਜਾਰੀ ਰੱਖਿਆ।

Advertisement

ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਕਿਹਾ, ‘ਮੋਦੀ ਸਰਕਾਰ ਲਈ ਕਿਸਾਨ ਸਭ ਤੋਂ ਪਹਿਲੀ ਤਰਜੀਹ ਹਨ। ਮੈਂ ਤੁਹਾਨੂੰ (ਕਿਸਾਨਾਂ ਨੂੰ) ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਤੁਹਾਡੇ ਤੋਂ ਅਨਾਜ ਖਰੀਦਾਂਗੇ ਅਤੇ ਜਿੰਨੀ ਥਾਂ ਦੀ ਤੁਹਾਨੂੰ ਜ਼ਰੂਰਤ ਹੈ, ਤਿਆਰ ਕੀਤੀ ਜਾਵੇਗੀ। ਅਸੀਂ ਅਨਾਜ ਦੀ ਚੁਕਾਈ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਹੈ।’ ਕੇਂਦਰੀ ਮੰਤਰੀ ਨੇ ਅੱਗੇ ਕਿਹਾ, ‘ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਕੋਲ ਆਏ ਤਾਂ ਮੈਂ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨਿਰਦੇਸ਼ ਦਿੱਤੇ ਕਿ ਜੇ ਐੱਫਸੀਆਈ ਦੇ ਗੁਦਾਮਾਂ ’ਚ ਉਨ੍ਹਾਂ (ਪੰਜਾਬ) ਨੂੰ ਅਲਾਟ ਕੀਤੀ ਥਾਂ ਖਾਲੀ ਨਹੀਂ ਹੈ ਤਾਂ ਫਿਰ ਐੱਫਸੀਆਈ ਨੂੰ ਟਰਾਂਸਪੋਰਟੇਸ਼ਨ ਤੁਰੰਤ ਆਪਣੇ ਹੱਥ ’ਚ ਲੈਣੀ ਪਵੇਗੀ। ਸਾਲ 2013-14 ’ਚ ‘ਏ’ ਗਰੇਡ ਝੋਨੇ ਲਈ ਐੱਮਐੱਸਪੀ 1,345 ਰੁਪਏ ਜਦਕਿ ਸਧਾਰਨ ਗਰੇਡ ਦੇ ਝੋਨੇ ਲਈ ਐੱਮਐੱਸਪੀ 1,310 ਸੀ। ਅੱਜ ਅਸੀਂ ਕੁੱਲ 2300 ਰੁਪਏ ਦੇ ਰਹੇ ਹਾਂ। ਦਸ ਸਾਲਾਂ ਅੰਦਰ ਅਸੀਂ ਬਹੁਤ ਭਾਅ ਵਧਾਇਆ ਹੈ।’ ਉਨ੍ਹਾਂ ਕਿਹਾ, ‘ਮੈਂ ਮੁੱਖ ਮੰਤਰੀ ਮਾਨ ਨੂੰ ਸਬੰਧਤ ਧਿਰਾਂ ਨਾਲ ਗੱਲ ਕਰਨ ਅਤੇ ਖਰੀਦ ਵਧਾਉਣ ਲਈ ਵੀ ਕਿਹਾ। ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੇ ਹਾਂ। ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ। ਅਸੀਂ ਜੋ ਵੀ ਵਾਅਦੇ ਕੀਤੇ ਹਨ, ਉਹ ਪੂਰੇ ਕਰਾਂਗੇ।’ ਜ਼ਿਕਰਯੋਗ ਹੈ ਕਿ ਕਿਸਾਨੀ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਸੀ। ਕੇਂਦਰੀ ਮੰਤਰੀ ਨੇ ਭੰਡਾਰਨ ਦੇ ਸੰਕਟ ਬਾਰੇ ਅਫਵਾਹਾਂ ’ਤੇ ਯਕੀਨ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ, ‘ਅਜਿਹਾ ਕੋਈ ਸੰਕਟ ਨਹੀਂ ਹੈ। ਅਸੀਂ ਹੋਰ ਥਾਂ ਤਿਆਰ ਕਰਨ ਦੀ ਯੋਜਨਾ ਪੰਜਾਬ ਸਰਕਾਰ ਨਾਲ ਪਹਿਲਾਂ ਹੀ ਸਾਂਝੀ ਕਰ ਲਈ ਹੈ। ਫਸਲ ਸੂਬੇ ’ਚੋਂ ਬਾਹਰ ਲਿਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਜ਼ਮੀਨੀ ਪੱਧਰ ’ਤੇ ਕੋਈ ਪ੍ਰੇਸ਼ਾਨੀ ਨਹੀਂ ਹੈ। ਅਫਵਾਹਾਂ ਜਾਂ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਅੱਜ ਦੀ ਤਰੀਕ ਤੱਕ ਐੱਫਸੀਆਈ ਕੋਲ 14 ਲੱਖ ਮੀਟਰਿਕ ਟਨ ਫਸਲ ਦੇ ਭੰਡਾਰਨ ਲਈ ਥਾਂ ਹੈ ਅਤੇ 1 ਨਵੰਬਰ ਤੱਕ ਇਹ ਥਾਂ ਵੱਧ ਕੇ 16 ਲੱਖ ਮੀਟਰਿਕ ਟਨ ਫਸਲ ਲਈ ਹੋ ਜਾਵੇਗੀ। ਫਸਲ ਦੀ ਚੁਕਾਈ ’ਚ ਦੇਰੀ ਹੋਣ ਸਬੰਧੀ ਜੋਸ਼ੀ ਨੇ ਕਿਹਾ ਕਿ ਇਸ ਸਾਲ ਭਾਰੀ ਮੀਹਾਂ ਕਾਰਨ ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਖਰੀਦ ਸ਼ੁਰੂ ਕਰਨ ਲਈ ਕਿਹਾ ਸੀ।

ਮੰਤਰੀ ਨੇ ਕਿਹਾ ਕਿ ਭੰਡਾਰਨ ਲਈ ਥਾਂ ਤਿਆਰ ਕਰਨਾ ਕੇਂਦਰੀ ਖੁਰਾਕ ਮੰਤਰਾਲੇ ਤੇ ਐੱਫਸੀਆਈ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਦਾ ਧਿਆਨ ਰੱਖਣਗੇ। ਉਨ੍ਹਾਂ ਕਿਹਾ ਕਿ ਉਹ 185 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦਾ ਆਪਣਾ ਵਾਅਦਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਝੋਨਾ ਖਰੀਦਣ ਵਾਲੀਆਂ ਏਜੰਸੀਆਂ ਨੂੰ 9820 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਅਤੇ ਉਹ ਅੱਗੇ ਕਿਸਾਨਾਂ ਨੂੰ 7640 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕੇ ਹਨ।

ਫਸਲ ਦੀ ਢੋਆ-ਢੁਆਈ ਦੀ ਨਿਗਰਾਨੀ ਲਈ ਕਮੇਟੀ ਬਣਾਈ

ਕੇਂਦਰ ਸਰਕਾਰ ਨੇ ਚਾਲੂ ਸਾਉਣੀ ਦੇ ਮੰਡੀ ਸੀਜ਼ਨ ਲਈ ਪੰਜਾਬ ਦੇ ਬਾਹਰ ਫਸਲ ਦੀ ਆਵਾਜਾਈ ਦੀ ਨਿਗਰਾਨੀ ਲਈ ਐੱਫਸੀਆਈ ਦੀ ਸੀਐੱਮਡੀ ਵਿਨੀਤਾ ਸ਼ਰਮਾ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕਮੇਟੀ ਦਾ ਵੀ ਗਠਨ ਕੀਤਾ ਹੈ। ਪੰਜਾਬ ਦੇ ਮਿੱਲਰਾਂ ਦੀਆਂ ਸ਼ਿਕਾਇਤਾਂ ਦੇ ਜਲਦੀ ਨਿਬੇੜੇ ਲਈ ਐੱਫਸੀਆਈ ਨੇ ਇੱਕ ਐਪਲੀਕੇਸ਼ਨ ਵੀ ਬਣਾਈ ਹੈ ਜਿਸ ’ਤੇ ਚੌਲ ਮਿੱਲਰਾਂ ਵੱਲੋਂ ਦਰਜ ਸ਼ਿਕਾਇਤਾਂ ਦਾ ਤਿੰਨ ਦਿਨ ਅੰਦਰ ਨਿਬੇੜਾ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਐੱਫਸੀਆਈ ਨਾਲ ਪਹਿਲਾਂ ਹੀ 3800 ਚੌਲ ਮਿੱਲਰ ਰਜਿਸਟਰਡ ਹਨ ਅਤੇ 3250 ਮਿੱਲਰਾਂ ਨੂੰ ਝੋਨਾ ਅਲਾਟ ਕੀਤਾ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ 4500 ਹੋਰ ਚੌਲ ਮਿੱਲਰ ਰਜਿਸਟਰਡ ਹੋਣਗੇ।

ਰਵਨੀਤ ਬਿੱਟੂ ਵੱਲੋਂ ਐੱਫਸੀਆਈ ਅਫ਼ਸਰਾਂ ਨਾਲ ਮੀਟਿੰਗ

ਚੰਡੀਗੜ੍ਹ (ਟਨਸ): ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਪੇਸ਼ ਆ ਰਹੀਆਂ ਸਮੱਸਿਆਵਾਂ ਦਰਮਿਆਨ ਅੱਜ ਕੇਂਦਰੀ ਫੂਡ ਪ੍ਰਾਸੈਸਿੰਗ ਉਦਯੋਗ ਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਡੀਗੜ੍ਹ ਵਿੱਚ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪੰਜਾਬ ਵਿੱਚ ਅਨਾਜ ਲਿਆਉਣ ਸਬੰਧੀ ਆਵਾਜਾਈ ਤੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਪੰਜਾਬ ਐੱਫਸੀਆਈ ਦੇ ਜਨਰਲ ਮੈਨੇਜਰ ਬੀ ਸ੍ਰੀਨਿਵਾਸਨ ਤੇ ਐੱਫਸੀਆਈ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਸ੍ਰੀ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸੀਜ਼ਨ ਵਿੱਚ ਝੋਨੇ ਦੀ ਪੈਦਾਵਾਰ 186 ਲੱਖ ਮੀਟ੍ਰਿਕ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਵਿੱਚੋਂ ਲਗਪਗ 49.88 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਪੰਜਾਬ ਵਿੱਚ 174 ਐੱਲਐੱਮਟੀ ਦਾ ਭੰਡਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਵਿੱਚ 116.20 ਲੱਖ ਮੀਟ੍ਰਿਕ ਟਨ ਚੌਲ ਤੇ 58.07 ਲੱਖ ਮੀਟ੍ਰਿਕ ਟਨ ਕਣਕ ਯਾਨੀ ਕੁੱਲ 174.27 ਲੱਖ ਮੀਟ੍ਰਿਕ ਟਨ ਭੰਡਾਰ ਹੈ। ਸ੍ਰੀ ਬਿੱਟੂ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪਰੈਲ ਤੋਂ ਅਕਤੂਬਰ ਤੱਕ ਪੰਜਾਬ ਤੋਂ 95.16 ਲੱਖ ਮੀਟ੍ਰਿਕ ਟਨ ਝੋਨਾ ਅਤੇ ਕਣਕ 2,684 ਸਮਰਪਿਤ ਰੈਕਾਂ ਰਾਹੀਂ ਲਿਜਾਇਆ ਗਿਆ ਹੈ ਜਿਸ ਨਾਲ ਸੂਬੇ ਵਿੱਚ ਭੰਡਾਰਨ ਸਮਰੱਥਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿੱਚ 31 ਲੱਖ ਮੀਟ੍ਰਿਕ ਟਨ ਨਵੀਂ ਸਟੋਰੇਜ ਸਮਰੱਥਾ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚੋਂ 9 ਲੱਖ ਮੀਟ੍ਰਿਕ ਟਨ ਸਮਰੱਥਾ ਨੂੰ ਪਿਛਲੇ ਸਾਲ ਮਨਜ਼ੂਰ ਕੀਤਾ ਗਿਆ ਸੀ। ਇਸ ਦੇ ਟੈਂਡਰ ਨੂੰ ਰਾਜ ਸਰਕਾਰ ਵੱਲੋਂ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ ਅਤੇ 22 ਲੱਖ ਮੀਟ੍ਰਿਕ ਟਨ ਸਮਰੱਥਾ ਨੂੰ ਪਿਛਲੇ ਹਫ਼ਤੇ ਮਨਜ਼ੂਰੀ ਦਿੱਤੀ ਗਈ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਉਣੀ ਦੇ ਮੰਡੀਕਰਨ ਸੀਜ਼ਨ ਦੌਰਾਨ ਪੰਜਾਬ ਵਿੱਚੋਂ 185 ਲੱਖ ਮੀਟ੍ਰਿਕ ਟਨ ਝੋਨਾ ਆਉਣ ਦੀ ਉਮੀਦ ਹੈ, ਜਿਸ ਨੂੰ ਪੂਰੀ ਤਰ੍ਹਾਂ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦਾ ਇੱਕ ਦਾਣਾ ਵੀ ਛੱਡਿਆ ਨਹੀਂ ਜਾਵੇਗਾ। ਸ੍ਰੀ ਬਿੱਟੂ ਨੇ ਐਲਾਨ ਕੀਤਾ ਕਿ ਰਾਈਸ ਮਿੱਲਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਆਨਲਾਈਨ ਪੋਰਟਲ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।

Advertisement
×