DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦੇਸ਼ ਮੰਤਰਾਲੇ ਨੇ ਕੈਨੇਡਾ ’ਚ ਰਹਿਣ ਵਾਲੇ ਭਾਰਤੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ

ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਜੰਮੂ ਕਸ਼ਮੀਰ, ਅਸਾਮ ਤੇ ਮਨੀਪੁਰ ਨਾ ਜਾਣ ਲਈ ਕਿਹਾ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 20 ਸਤੰਬਰ

ਭਾਰਤ ਨੇ ਕੈਨੇਡਾ ’ਚ ਆਪਣੇ ਨਾਗਰਿਕਾਂ ਅਤੇ ਉਥੇ ਜਾਣ ਦਾ ਵਿਚਾਰ ਬਣਾ ਰਹੇ ਲੋਕਾਂ ਨੂੰ ਦੇਸ਼ ਦੇ ਕੁਝ ਹਿੱਸਿਆਂ ’ਚ ਭਾਰਤ ਵਿਰੋਧੀ ਸਰਗਰਮੀਆਂ ਦੇ ਮੱਦੇਨਜ਼ਰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਖਾੜਕੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ‘ਸੰਭਾਵਿਤ ਸ਼ਮੂਲੀਅਤ’ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਦੋਵੇਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ’ਚ ਵਿਗਾੜ ਦਰਮਿਆਨ ਇਹ ਸਲਾਹ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਜੰਮੂ ਕਸ਼ਮੀਰ, ਅਸਾਮ ਤੇ ਮਨੀਪੁਰ ਜਾਣ ਤੋਂ ਗੁਰੇਜ਼ ਕਰਨ ਲਈ ਆਖਿਆ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਕੈਨੇਡਾ ’ਚ ਵਧਦੀਆਂ ਭਾਰਤ ਵਿਰੋਧੀ ਸਰਗਰਮੀਆਂ ਅਤੇ ਸਿਆਸੀ ਸ਼ਹਿ ਵਾਲੇ ਨਫ਼ਰਤੀ ਅਪਰਾਧਾਂ ਤੇ ਹਿੰਸਾ ਨੂੰ ਦੇਖਦਿਆਂ ਉਥੇ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਅਤੇ ਯਾਤਰਾ ’ਤੇ ਜਾਣ ਦਾ ਵਿਚਾਰ ਕਰਨ ਵਾਲਿਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ’ਚ ਕਿਹਾ ਗਿਆ ਹੈ ਹੁਣੇ ਜਿਹੇ ਧਮਕੀਆਂ ਰਾਹੀਂ ਉਚੇਚੇ ਤੌਰ ’ਤੇ ਭਾਰਤੀ ਡਿਪਲੋਮੈਟਾਂ ਅਤੇ ਭਾਰਤੀ ਫਿਰਕੇ ਦੇ ਉਨ੍ਹਾਂ ਵਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਭਾਰਤ ਵਿਰੋਧੀ ਏਜੰਡੇ ਦਾ ਵਿਰੋਧ ਕਰਦੇ ਹਨ। ਇਸ ਲਈ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਦੇ ਉਨ੍ਹਾਂ ਇਲਾਕਿਆਂ ਅਤੇ ਸੰਭਾਵਿਤ ਸਥਾਨਾਂ ਦੀ ਯਾਤਰਾ ਕਰਨ ਤੋਂ ਬਚਣ ਜਿਥੇ ਅਜਿਹੀਆਂ ਘਟਨਾਵਾਂ ਦੇਖੀਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਅਤੇ ਕੌਂਸੁਲੇਟ ਜਨਰਲ ਕੈਨੇਡਾ ’ਚ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੈਨੇਡਾ ਦੇ ਅਧਿਕਾਰੀਆਂ ਦੇ ਸੰਪਰਕ ’ਚ ਰਹਿਣਗੇ। ਇਸ ਤੋਂ ਪਹਿਲਾਂ ਕੈਨੇਡਾ ਨੇ ਦਹਿਸ਼ਤੀ ਹਮਲੇ ਦਾ ਹਵਾਲਾ ਦਿੰਦਿਆਂ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਕਿਹਾ ਕਿ ਉਹ ਭਾਰਤ ’ਚ ਸਫ਼ਰ ਦੌਰਾਨ ਵਧੇਰੇ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਹੈ ਕਿ ਜੰਮੂ ਕਸ਼ਮੀਰ, ਅਸਾਮ ਅਤੇ ਮਨੀਪੁਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ, ਰਾਜਸਥਾਨ ਅਤੇ ਗੁਜਰਾਤ ਜਿਹੇ ਸੂਬਿਆਂ ’ਚ ਪਾਕਿਸਤਾਨ ਨਾਲ ਲਗਦੀ ਸਰਹੱਦ ਦੇ 10 ਕਿਲੋਮੀਟਰ ਦੇ ਘੇਰੇ ’ਚ ਸਫ਼ਰ ਕਰਨ ਤੋਂ ਗੁਰੇਜ਼ ਕੀਤਾ ਜਾਵੇ। -ਆਈਏਐੱਨਐੱਸ/ -ਪੀਟੀਆਈ

Advertisement

ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਾਲ ਵਿਚਾਰਿਆ ਕੈਨੇਡਾ ਦਾ ਮੁੱਦਾ

ਨਵੀਂ ਦਿੱਲੀ: ਖਾਲਿਸਤਾਨੀ ਖਾੜਕੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ’ਤੇ ਭਾਰਤ ਅਤੇ ਕੈਨੇਡਾ ਵਿਚਕਾਰ ਪੈਦਾ ਹੋਏ ਕੂਟਨੀਤਕ ਟਕਰਾਅ ਦਰਮਿਆਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਸੂਤਰਾਂ ਮੁਤਾਬਕ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਾਲ ਸੰਸਦ ’ਚ ਮੁਲਾਕਾਤ ਕੀਤੀ ਅਤੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਮੋਦੀ ਨੂੰ ਕੈਨੇਡਾ ਨਾਲ ਸਬੰਧਤ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਉਧਰ ਭਾਰਤ ਅਤੇ ਕੈਨੇਡਾ ਦੇ ਵਿਗੜਦੇ ਕੂਟਨੀਤਕ ਸਬੰਧਾਂ ਵਿਚਕਾਰ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਆਗੂ ਸੁਪ੍ਰਿਯਾ ਸੂਲੇ ਨੇ ਸਰਕਾਰ ਨੂੰ ਇਸ ਮੁੱਦੇ ’ਤੇ ਸੰਸਦ ਦੇ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਚਰਚਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਦੇ ਅਖ਼ਬਾਰਾਂ ਵਿੱਚ ਕੈਨੇਡਾ ਨਾਲ ਸਬੰਧਤ ਘਟਨਾਕ੍ਰਮ ਬਾਰੇ ਸੁਰਖੀਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਇਜਲਾਸ ਦੌਰਾਨ ਸਮਕਾਲੀ ਮੁੱਦਿਆਂ ’ਤੇ ਵੀ ਚਰਚਾ ਹੋਣੀ ਚਾਹੀਦੀ ਹੈ ਜਿਨ੍ਹਾਂ ’ਚੋਂ ਕੈਨੇਡਾ ਦਾ ਮੁੱਦਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੁਲਕ ਦੀ ਸੰਸਦ ’ਚ 19 ਸਤੰਬਰ ਨੂੰ ਇਹ ਦੋਸ਼ ਲਾਏ ਗਏ ਸਨ ਕਿ ਜੂਨ ’ਚ ਬ੍ਰਿਟਿਸ਼ ਕੋਲੰਬੀਆ ’ਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਹੋਈ ਹੱਤਿਆ ’ਚ ਭਾਰਤ ਸਰਕਾਰ ਦੇ ਏਜੰਟਾਂ ਦੀ ਭੂਮਿਕਾ ਦੀ ਕੈਨੇਡੀਅਨ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਭਾਰਤੀ ਡਿਪਲੋਮੈਟ ਨੂੰ ਮੁਲਕ ’ਚੋਂ ਕੱਢਣ ਦੀ ਜਾਣਕਾਰੀ ਦਿੱਤੀ ਸੀ। ਭਾਰਤ ਨੇ ਵੀ ਮੰਗਲਵਾਰ ਨੂੰ ਕੈਨੇਡਾ ਦੇ ਸੀਨੀਅਰ ਡਿਪਲੋਮੈਟ ਨੂੰ ਮੁਲਕ ’ਚੋਂ ਕੱਢਣ ਦਾ ਐਲਾਨ ਕਰਦਿਆਂ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਨੂੰ ਬਕਵਾਸ ਤੇ ਮਨਘੜਤ ਕਰਾਰ ਦਿੱਤਾ ਸੀ। -ਆਈਏਐੱਨਐੱਸ

Advertisement
×