ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਹਵਾਈ ਆਜਾਵਾਈ ਕੰਟਰੋਲ (ਏ ਟੀ ਸੀ) ਤੇ ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਨਾਲ ਮਿਲ ਕੇ ਇਥੋਪੀਆ ’ਚ ਜਵਾਲਾਮੁਖੀ ਫਟਣ ਮਗਰੋਂ ਉੱਠੇ ਸੁਆਹ ਦੇ ਬੱਦਲ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ, ਜਿਸ ਨਾਲ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਸੁਆਹ ਦੇ ਬੱਦਲ ਕਾਰਨ ਕੁਝ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਤੇ ਕਈਆਂ ’ਚ ਦੇਰੀ ਹੋਈ ਹੈ।
ਮੰਤਰਾਲੇ ਨੇ ਕਿਹਾ ਕਿ ਫਿਲਹਾਲ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਮੰਤਰਾਲੇ ਨੇ ਕਿਹਾ, ‘‘ਇਥੋਪੀਆ ’ਚ 23 ਨਵੰਬਰ ਨੂੰ ਜਵਾਲਾਮੁਖੀ ਫਟਣ ਤੇ ਸੁਆਹ ਦਾ ਬੱਦਲ ਪੂਰਬ ਵੱਲ ਵਧਣ ਮਗਰੋਂ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਏ ਟੀ ਸੀ, ਆਈ ਐੱਮ ਡੀ, ਹਵਾਈ ਕੰਪਨੀਆਂ ਤੇ ਕੌਮਾਂਤਰੀ ਹਵਾਬਾਜ਼ੀ ਏਜੰਸੀਆਂ ਨਾਲ ਤਾਲਮੇਲ ਯਕੀਨੀ ਬਣਾ ਰਿਹਾ ਹੈ।’’ ਮੰਤਰਾਲੇ ਨੇ ਐਕਸ ’ਤੇ ਕਿਹਾ, ‘‘ਏ ਏ ਆਈ ਨੇ ਜ਼ਰੂਰੀ ਨੋਟਮ ਜਾਰੀ ਕਰ ਦਿੱਤਾ ਹੈ ਅਤੇ ਸਾਰੀਆਂ ਪ੍ਰਭਾਵਿਤ ਉਡਾਣਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੂਰੇ ਭਾਰਤ ’ਚ ਉਡਾਣਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ ਸਿਰਫ਼ ਕੁਝ ਉਡਾਣਾਂ ਦੇ ਇਹਤਿਆਤ ਵਜੋਂ ਰਾਹ ਤਬਦੀਲ ਕੀਤੇ ਗਏ ਹਨ ਜਾਂ ਹੇਠਾਂ ਉਤਾਰੀਆਂ ਗਈਆਂ ਹਨ।’’ ਇਸ ਤੋਂ ਪਹਿਲਾਂ ਦਿਨੇ ਏਅਰ ਇੰਡੀਆ ਨੇ 13 ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਸੀ। ਭਾਰਤੀ ਮੌਸਮ ਵਿਭਾਗ ਨੇ ਅੱਜ ਸਵੇਰੇ ਕਿਹਾ ਕਿ ਸੁਆਹ ਦੇ ਬੱਦਲ ਚੀਨ ਵੱਲ ਵਧ ਰਹੇ ਹਨ ਤੇ ਅੱਜ ਸ਼ਾਮ 7.30 ਵਜੇ ਤੱਕ ਭਾਰਤ ਤੋਂ ਦੂਰ ਚਲੇ ਜਾਣਗੇ। ਆਈ ਐੱਮ ਡੀ ਨੇ ਦੱਸਿਆ ਕਿ ਸੁਆਹ ਦੇ ਬੱਦਲ ਦਾ ਅਸਰ ਸਿਰਫ਼ ਉੱਚੇ ਅਸਮਾਨ ਤੱਕ ਹੀ ਸੀਮਤ ਹੈ। ਇਸ ਦਾ ਹਵਾ ਦੀ ਗੁਣਵੱਤਾ ਜਾਂ ਮੌਸਮ ’ਤੇ ਕੋਈ ਅਸਰ ਨਹੀਂ ਹੈ।

