ਜਗਦੇ ਦੀਵਿਓ: ਨਾ ਘਰ ਬਚੇ ਨੇ, ਨਾ ਹੀ ਬਨੇਰੇ!
ਇਸ ਦੀਵਾਲੀ ਨੂੰ ਬਲਣੇ ਦੁੱਖਾਂ ਦੇ ਦੀਵੇ; ਹੜ੍ਹਾਂ ਦੀ ਮਾਰ ਨੇ ਤਿਉਹਾਰੀ ਚਾਵਾਂ ’ਤੇ ਪਾਣੀ ਫੇਰਿਆ
ਪੰਜਾਬ ’ਚ ਜਿਨ੍ਹਾਂ ਘਰਾਂ ਨੂੰ ਹੜ੍ਹ ਹੀ ਹੂੰਝ ਗਏ, ਉਨ੍ਹਾਂ ਘਰਾਂ ’ਚ ਐਤਕੀਂ ਦੁੱਖਾਂ ਦੇ ਦੀਪ ਬਲਣਗੇ। ਉਨ੍ਹਾਂ ਦੇ ਨਾ ਘਰ ਬਚੇ ਨੇ ਅਤੇ ਨਾ ਹੀ ਬਨੇਰੇ; ਆਖ਼ਰ ਦੀਵੇ ਰੱਖਣ ਵੀ ਕਿੱਥੇ। ਐਤਕੀਂ ਸਰਹੱਦੀ ਜ਼ਿਲ੍ਹਿਆਂ ’ਚ ਤਿਉਹਾਰੀ ਖ਼ੁਸ਼ੀਆਂ ਅਤੇ ਚਾਵਾਂ-ਮਲ੍ਹਾਰਾਂ ’ਤੇ ਵੀ ਪਾਣੀ ਫਿਰ ਗਿਆ ਹੈ। ਕੁਦਰਤੀ ਆਫ਼ਤ ਨੇ ਅਗਸਤ-ਸਤੰਬਰ ਮਹੀਨੇ ’ਚ 6.87 ਲੱਖ ਲੋਕਾਂ ਨੂੰ ਬੇਘਰ ਕਰ ਦਿੱਤਾ ਅਤੇ 17 ਹਜ਼ਾਰ ਘਰ ਨੁਕਸਾਨੇ ਗਏ। ਇਸ ਵਾਰ ਪੰਜਾਬ ਦੇ 2614 ਪਿੰਡ ਵਖਤਾਂ ਮਾਰੇ ਹਨ ਅਤੇ ਇਨ੍ਹਾਂ ਪਿੰਡਾਂ ’ਚ ਦੀਵਾਲੀ ਵੀ ਔੜ ਹੀ ਝੱਲੇਗੀ।
ਪੰਜਾਬ ਦੇ 60 ਘਰਾਂ ’ਚ ਹੜ੍ਹ ਸੱਥਰ ਵਿਛਾ ਗਏ ਜਿਨ੍ਹਾਂ ’ਚ ਦੀਵਾਲੀ ਮੌਕੇ ਦੀਵੇ ਨਹੀਂ, ਦਿਲ ਬਲਣਗੇ। ਪਠਾਨਕੋਟ ਦੇ ਪਿੰਡ ਕੋਹਲੀਆਂ ਦਾ ਬਾਗ਼ ਹੁਸੈਨ ਆਪਣੇ ਤਿੰਨ ਬੱਚੇ ਅਤੇ ਬਿਰਧ ਮਾਂ ਨੂੰ ਪਾਣੀ ’ਚ ਗੁਆ ਚੁੱਕਾ ਹੈ। ਦੋ ਬੱਚਿਆਂ ਦੀ ਲਾਸ਼ ਹਾਲੇ ਵੀ ਨਹੀਂ ਲੱਭੀ। ਜਦੋਂ ਹੌਲ ਪੈਂਦਾ ਹੈ ਤਾਂ ਬਾਗ਼ ਹੁਸੈਨ ਗੁਆਚੇ ਲਾਲ ਲੱਭਣ ਲਈ ਅੱਧੀ ਰਾਤ ਨੂੰ ਰਾਵੀ ਕੰਢੇ ਜਾ ਪਹੁੰਚਦਾ ਹੈ। ਬਾਗ਼ ਹੁਸੈਨ ਆਖਦਾ ਹੈ, ‘‘ਭਰਿਆ ਬਾਗ਼ ਉੱਜੜ ਗਿਆ, ਕਿਸ ਹੌਸਲੇ ਦੀਵੇ ਬਾਲੀਏ..।’’ ਇਸੇ ਜ਼ਿਲ੍ਹੇ ਦੇ ਰਾਜਪੁਰਾ ਦਾ ਸਕੂਲੀ ਬੱਚਾ ਕੇਸ਼ਵ ਪਾਣੀ ’ਚ ਰੁੜ੍ਹ ਗਿਆ। ਭਤੀਜੇ ਨੂੰ ਬਚਾਉਣ ਲਈ ਕੁੱਦੀ ਰੇਸ਼ਮਾ ਵੀ ਪਾਣੀ ’ਚ ਹੀ ਸਮਾ ਗਈ। ਰੇਸ਼ਮਾ ਤੇ ਭਤੀਜੇ ਦਾ ਇਕੱਠਾ ਸਿਵਾ ਬਲਿਆ। ਹੁਣ ਪਰਿਵਾਰ ਕੋਲ ਗ਼ਮਾਂ ਦੇ ਦੀਵੇ ਬਚੇ ਹਨ, ਨਾ ਦੀਵੇ ਬਾਲਣ ਵਾਲੀ ਰੇਸ਼ਮਾ ਬਚੀ ਤੇ ਨਾ ਹੀ ਬਨੇਰਿਆਂ ’ਤੇ ਦੀਵੇ ਰੱਖਣ ਵਾਲਾ ਕੇਸ਼ਵ। ਹੋਰ ਕਿੰਨੇ ਹੀ ਕੁਦਰਤੀ ਆਫ਼ਤ ਦਾ ਸੇਕ ਝੱਲ ਰਹੇ ਹਨ।
ਫ਼ਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ਦਾ ਸੰਤਾਪ ਕੋਈ ਵੱਖਰਾ ਨਹੀਂ। ਸਮਿੱਤਰੀ ਦੇਵੀ ਦੀਆਂ ਛਲਕਦੀਆਂ ਅੱਖਾਂ ਦੱਸਦੀਆਂ ਹਨ ਕਿ ਉਸ ਦੇ ਵਿਹੜੇ ਕਦੇ ਖ਼ੁਸ਼ੀਆਂ ਨੇ ਪੈਲ ਨਹੀਂ ਪਾਈ। ਹੜ੍ਹਾਂ ’ਚ ਦੇਹਲੀ ਹੀ ਰੁੜ੍ਹ ਗਈ, ਹੁਣ ਉਹ ਕਿਥੇ ਦੀਵੇ ਰੱਖੇ। ਬਲਵੀਰੋ ਬਾਈ ਦੀ ਕਹਾਣੀ ਇਵੇਂ ਦੀ ਹੈ ਜਿਸ ਦਾ ਨਾ ਘਰ ਬਚਿਆ ਹੈ ਅਤੇ ਨਾ ਹੀ ਖੇਤ। ਉਹ ਆਖਦੀ ਹੈ ਕਿ ਹੜ੍ਹਾਂ ਦੀ ਹਿੰਡ ਨੇ ਹਰਾ ਦਿੱਤੇ ਹਾਂ। ਇਸ ਪਿੰਡ ਦੇ 51 ਕਿਸਾਨਾਂ ਦੇ ਖੇਤ ਤਾਂ ਰੇਤ ਦੇ ਟਿੱਬਿਆਂ ’ਚ ਬਦਲ ਗਏ ਹਨ।
ਬੱਚਿਆਂ ਦੇ ਦੀਵਾਲੀ ਦੇ ਚਾਅ-ਮਲ੍ਹਾਰ ਕਿਤੇ ਮਨਾਂ ’ਚ ਨਾ ਦੱਬ ਜਾਣ, ਇਹ ਸੋਚ ਕੇ ਸਮਾਜ ਸੇਵੀ ਇਸ ਪਿੰਡ ਦੇ ਘਰ-ਘਰ ਦੋ-ਦੋ ਹਜ਼ਾਰ ਰੁਪਏ ਵੰਡ ਕੇ ਚਲੇ ਗਏ। ਫ਼ਾਜ਼ਿਲਕਾ ’ਚ ਹਜ਼ਾਰਾਂ ਏਕੜ ਫ਼ਸਲ ਨੂੰ ਹੜ੍ਹਾਂ ਨੇ ਪਿੰਜ ਦਿੱਤਾ। ਮਿੱਟੀ ਦੇ ਭਾਅ ‘ਚਿੱਟਾ ਸੋਨਾ’ ਵੇਚਣ ਵਾਲਾ ਸੁਖਵਿੰਦਰ ਆਖਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਤਾਂ ਕੌੜਤੁੰਮੇ ਵਰਗੀ ਹੈ। ਕਦੇ ਗੁਲਾਬੀ ਸੁੰਡੀ ਤੇ ਕਦੇ ਚਿੱਟੀ ਮੱਖੀ, ਉਪਰੋਂ ਕੁਦਰਤ ਦਾ ਕਹਿਰ, ਕਿਸੇ ਬੰਨ੍ਹੇ ਦਾ ਨਹੀਂ ਛੱਡਦਾ। ਹਜ਼ਾਰਾਂ ਮਜ਼ਦੂਰ ਪਰਿਵਾਰ ਹਨ ਜਿਨ੍ਹਾਂ ਦੀ ਜ਼ਿੰਦਗੀ ਦੀ ਖ਼ੁਸ਼ੀ ਹੜ੍ਹਾਂ ’ਚ ਹੜ੍ਹ ਗਈ ਹੈ।
ਕੱਚੇ ਘਰਾਂ ’ਚ ਰਹਿਣ ਵਾਲੇ ਆਖਦੇ ਹਨ ਕਿ ਉਨ੍ਹਾਂ ਦੇ ਘਰਾਂ ਦੇ ਤਾਂ ਬੂਹੇ ਵੀ ਨਹੀਂ ਪਰ ਲੱਛਮੀ ਫਿਰ ਵੀ ਪੈਰ ਨਹੀਂ ਪਾਉਂਦੀ। ਮੰਡ ਖ਼ਿੱਤੇ ਦੇ ਡੇਢ ਦਰਜਨ ਪਿੰਡਾਂ ਕੋਲ ਵੀ ਇਸ ਵਾਰ ਦੀਵਾਲੀ ਮੌਕੇ ਸਿਵਾਏ ਹੌਸਲੇ ਦੀ ਮਸ਼ਾਲ ਬਾਲਣ ਤੋਂ ਕੋਈ ਚਾਰਾ ਨਹੀਂ। ਪਿੰਡ ਬਾਊਪੁਰ ਵਦੀਦ ਦੀ ਵਿਧਵਾ ਔਰਤ ਹਰਪ੍ਰੀਤ ਕੌਰ ਕੋਲ ਕੁੱਝ ਨਹੀਂ ਬਚਿਆ। 2023 ਦੇ ਹੜ੍ਹਾਂ ’ਚ ਜਦੋਂ ਇਸ ਪਰਿਵਾਰ ਦੀ ਜ਼ਮੀਨ ਰੇਤ ’ਚ ਦੱਬ ਗਈ ਤਾਂ ਸਿਰ ਦਾ ਸਾਈਂ ਚਲਾ ਗਿਆ। ਹੁਣ ਮੁੜ ਜ਼ਮੀਨ ਰੁੜ੍ਹ ਗਈ ਤੇ ਹਰਪ੍ਰੀਤ ਬੱਚਿਆਂ ਨਾਲ ਬਿਗਾਨੇ ਘਰ ਸ਼ਰਨ ਲੈਣ ਲਈ ਮਜਬੂਰ ਹੈ।
ਪਿੰਡ ਰਾਮਪੁਰ ਗਾਉਰਾ ’ਚ ਕਈ ਸਾਲ ਪਹਿਲਾਂ ਹੜ੍ਹਾਂ ਦੀ ਭੇਟ ਪ੍ਰੀਤਮ ਸਿੰਘ ਚੜ੍ਹ ਗਿਆ। ਉਸ ਦੇ ਹੁਣ ਦੋ ਲੜਕੇ ਪਰਗਟ ਸਿੰਘ ਤੇ ਮੇਜਰ ਸਿੰਘ ਅਤੇ ਇੱਕ ਵਿਧਵਾ ਨੂੰਹ ਰਾਜ ਕੌਰ ਨੂੰ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਦੇ ਘਰ ਪਨਾਹ ਲੈਣੀ ਪਈ ਹੈ। ਰਾਜ ਕੌਰ ਆਖਦੀ ਹੈ ਕਿ ਹੁਣ ਤਾਂ ਦੀਵਾ ਬਾਲਣ ਜੋਗੀ ਥਾਂ ਵੀ ਨਹੀਂ ਬਚੀ। ਮਜ਼ਦੂਰ ਪਰਗਟ ਸਿੰਘ ਦੀ ਇਹੋ ਕਹਾਣੀ ਹੈ। ਇਨ੍ਹਾਂ ਲਈ ਇੱਕੋ ਉਮੀਦ ਸਤਜੁਗੀ ਲੋਕ ਬਣੇ ਹਨ ਜੋ ਬਿਪਤਾ ਮੌਕੇ ਉਨ੍ਹਾਂ ਦੀ ਢਾਰਸ ਬਣੇ ਹਨ। ਪੰਜਾਬੀਅਤ ਦੀ ਮਸਾਲ ਅੱਜ ਵੀ ਲਟ ਲਟ ਬਲ ਰਹੀ ਹੈ।
ਸਰਹੱਦੀ ਕਿਸਾਨਾਂ ਦਾ ਆਗੂ ਸੁਰਜੀਤ ਸਿੰਘ ਆਖਦਾ ਹੈ ਕਿ ਛੇ ਜ਼ਿਲ੍ਹਿਆਂ ਦੇ 17 ਹਜ਼ਾਰ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਰਾਖ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਥੋੜ੍ਹੇ ਦਿਨ ਪਹਿਲਾਂ ਅਜਨਾਲਾ ਤੋਂ ਮੁਆਵਜ਼ੇ ਦੀ ਵੰਡ ਸ਼ੁਰੂ ਕੀਤੀ ਹੈ ਅਤੇ ਵਾਅਦਾ ਕੀਤਾ ਹੈ ਕਿ ਉਹ ਕਿਸੇ ਦੇ ਘਰ ਦਾ ਚੁੱਲ੍ਹਾ ਨਹੀਂ ਬੁੱਝਣ ਦੇਣਗੇ। ਸਰਕਾਰੀ ਵੇਰਵੇ ਹਨ ਕਿ ਹੜ੍ਹਾਂ ’ਚ ਕਰੀਬ ਪੰਜ ਲੱਖ ਏਕੜ ਫ਼ਸਲ ਵੀ ਤਬਾਹ ਹੋਈ ਹੈ ਅਤੇ ਇਨ੍ਹਾਂ ਖੇਤਾਂ ’ਚ ਚੜ੍ਹੀ ਗਾਰ ਨੇ ਕਿਸਾਨਾਂ ਦੇ ਦੁੱਖਾਂ ਨੂੰ ਜ਼ਰਬਾਂ ਦਿੱਤੀਆਂ ਹਨ।
ਕਿਸਾਨਾਂ ਨੂੰ ਝੋਰਾ ਹੈ ਕਿ ਉਹ ਅਗਲੀ ਕਣਕ ਦੀ ਫ਼ਸਲ ਦੀ ਬਿਜਾਂਦ ਕਰ ਸਕਣਗੇ ਜਾਂ ਨਹੀਂ। ਇਨ੍ਹਾਂ ਕਿਸਾਨਾਂ ਦੀ ਨੀਂਦ ਉੱਡੀ ਹੋਈ ਹੈ। ਉਪਰੋਂ ਝੋਨੇ ਦੇ ਘਟੇ ਝਾੜ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਹੜ੍ਹਾਂ ’ਚ ਡਿੱਗਿਆ ਪੰਜਾਬ ਕੀ ਮੁੜ ਉੱਠੇਗਾ, ਕੀ ਦੁੱਖਾਂ ਦਾ ਬਣਵਾਸ ਕੱਟਿਆ ਜਾਵੇਗਾ, ਇਹ ਹਰ ਚਿਹਰੇ ਦਾ ਸੁਆਲ ਹੈ ਜੋ ਜੁਆਬ ਮੰਗਦਾ ਹੈ।