DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ

ਕਲਕੱਤਾ ਹਾਈ ਕੋਰਟ ਵੱਲੋਂ ਸਾਰੇ ਦਸਤਾਵੇਜ਼ ਜਾਂਚ ਏਜੰਸੀ ਨੂੰ ਸੌਂਪਣ ਦੇ ਨਿਰਦੇਸ਼
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

* ਸੀਬੀਆਈ ਟੀਮ ਦਾ ਕੋਲਕਾਤਾ ਦੌਰਾ ਅੱਜ

* ਹਾਈ ਕੋਰਟ ਨੇ ਹੜਤਾਲ ਕਰ ਰਹੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਕੀਤੀ ਅਪੀਲ

Advertisement

ਨਵੀਂ ਦਿੱਲੀ/ਕੋਲਕਾਤਾ, 13 ਅਗਸਤ

ਸੀਬੀਆਈ ਨੇ ਕੋਲਕਾਤਾ ਦੇ ਸਰਕਾਰੀ ਮੈਡੀਕਲ ਕਾਲਜ ’ਚ ਇਕ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜਨਾਹ ਅਤੇ ਹੱਤਿਆ ਦੀ ਜਾਂਚ ਆਪਣੇ ਹੱਥਾਂ ’ਚ ਲੈ ਲਈ ਹੈ। ਜਾਂਚ ਏਜੰਸੀ ਨੇ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਦੇ ਕੁਝ ਹੀ ਘੰਟਿਆਂ ਅੰਦਰ ਸਾਰੀ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਜਿਸ ’ਚ ਪੱਛਮੀ ਬੰਗਾਲ ਪੁਲੀਸ ਨੂੰ ਮਾਮਲੇ ਦੇ ਦਸਤਾਵੇਜ਼ ਸੀਬੀਆਈ ਹਵਾਲੇ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਫੋਰੈਂਸਿਕ ਅਤੇ ਡਾਕਟਰਾਂ ਦੀ ਟੀਮ ਵੀ ਦਿੱਲੀ ਤੋਂ ਸੀਬੀਆਈ ਨਾਲ ਭਲਕੇ ਕੋਲਕਾਤਾ ਪਹੁੰਚੇਗੀ। ਇਸ ਤੋਂ ਪਹਿਲਾਂ ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਟਰੇਨੀ ਡਾਕਟਰ ਦੇ ਕਥਿਤ ਜਬਰ-ਜਨਾਹ ਅਤੇ ਹੱਤਿਆ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ।

ਡਾਕਟਰਾਂ ਦੀ ਹੜਤਾਲ ਕਾਰਨ ਵਾਰਾਨਸੀ ਦੇ ਇੱਕ ਹਸਪਤਾਲ ’ਚ ਪ੍ਰੇਸ਼ਾਨ ਹੁੰਦੇ ਹੋਏ ਮਰੀਜ਼। -ਫੋਟੋ: ਪੀਟੀਆਈ

ਹਾਈ ਕੋਰਟ ਨੇ ਕੋਲਕਾਤਾ ਪੁਲੀਸ ਨੂੰ ਕੇਸ ਡਾਇਰੀ ਕੇਂਦਰੀ ਜਾਂਚ ਏਜੰਸੀ ਨੂੰ ਅੱਜ ਸ਼ਾਮ ਤੱਕ ਸੌਂਪਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਕੇਸ ਨਾਲ ਜੁੜੇ ਹੋਰ ਸਾਰੇ ਦਸਤਾਵੇਜ਼ ਬੁੱਧਵਾਰ ਸਵੇਰੇ 10 ਵਜੇ ਤੱਕ ਸੀਬੀਆਈ ਨੂੰ ਸੌਂਪੇ ਜਾਣ। ਕੇਸ ’ਤੇ ਤਿੰਨ ਹਫ਼ਤਿਆਂ ਮਗਰੋਂ ਸੁਣਵਾਈ ਹੋਵੇਗੀ ਜਦੋਂ ਸੀਬੀਆਈ ਆਪਣੀ ਰਿਪੋਰਟ ਸੌਂਪੇਗੀ। ਚੀਫ਼ ਜਸਟਿਸ ਟੀਐੱਸ ਸ਼ਿਵਾਗਨਨਮ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ਨੇ ਸੂਬੇ ’ਚ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਮ ’ਤੇ ਪਰਤ ਆਉਣ ਕਿਉਂਕਿ ਸਰਕਾਰੀ ਹਸਪਤਾਲਾਂ ’ਚ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕਰਨਾ ਉਨ੍ਹਾਂ ਦਾ ‘ਨੈਤਿਕ ਫ਼ਰਜ਼’ ਹੈ। ਜੂਨੀਅਰ ਡਾਕਟਰਾਂ ਅਤੇ ਇੰਟਰਨਾਂ ਨੇ ਪੱਛਮੀ ਬੰਗਾਲ ’ਚ ਮੰਗਲਵਾਰ ਨੂੰ ਵੀ ਕੰਮ ਠੱਪ ਰੱਖਿਆ ਅਤੇ ਮੰਗ ਕੀਤੀ ਕਿ ਹਸਪਤਾਲ ਦੇ ਅਮਲੇ ਨੂੰ ਢੁੱਕਵੀਂ ਸੁਰੱਖਿਆ ਦਿੱਤੀ ਜਾਵੇ।

ਹਾਈ ਕੋਰਟ ਨੇ ਜਾਂਚ ਸੀਬੀਆਈ ਹਵਾਲੇ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਘਟਨਾ ਦੇ ਪੰਜ ਦਿਨਾਂ ਮਗਰੋਂ ਵੀ ਕੋਲਕਾਤਾ ਪੁਲੀਸ ਕਿਸੇ ਸਿੱਟੇ ’ਤੇ ਨਹੀਂ ਪਹੁੰਚ ਸਕੀ ਹੈ। ਪੱਛਮੀ ਬੰਗਾਲ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 25 ਤੋਂ ਵੱਧ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਉਸ ਨੇ ਦਾਅਵਾ ਕੀਤਾ ਕਿ ਜਾਂਚ ਸਹੀ ਢੰਗ ਨਾਲ ਅੱਗੇ ਵਧ ਰਹੀ ਹੈ। ਬੈਂਚ ਨੇ ਮੈਡੀਕਲ ਕਾਲਜ ਦੇ ਤਤਕਾਲੀ ਪ੍ਰਿੰਸੀਪਲ ਸੰਦੀਪ ਘੋਸ਼ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਉਸ ਨੂੰ ਲੰਬੀ ਛੁੱਟੀ ’ਤੇ ਭੇਜ ਦਿੱਤਾ ਹੈ। ਅਦਾਲਤ ਨੇ ਇਸ ਗੱਲ ’ਤੇ ਹੈਰਾਨੀ ਜਤਾਈ ਕਿ ਸੋਮਵਾਰ ਨੂੰ ਅਸਤੀਫ਼ਾ ਦੇਣ ਦੇ ਬਾਵਜੂਦ ਘੋਸ਼ ਨੂੰ ਤੁਰੰਤ ਹੀ ਸ਼ਹਿਰ ਦੇ ਇਕ ਹੋਰ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਬਣਾ ਦਿੱਤਾ ਗਿਆ। -ਪੀਟੀਆਈ

ਮਾਇਆਵਤੀ ਨੇ ਸਖ਼ਤ ਸਜ਼ਾਵਾਂ ਦੇਣ ਦੀ ਕੀਤੀ ਮੰਗ

ਲਖਨਊ:

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਮੰਗ ਕੀਤੀ ਹੈ ਕਿ ਔਰਤਾਂ ਖ਼ਿਲਾਫ਼ ਜੁਰਮ ਦੇ ਮਾਮਲਿਆਂ ’ਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਵਾਪਰੀ ਘਟਨਾ ਨੂੰ ਮਾਇਆਵਤੀ ਨੇ ਦੁਖਦਾਈ ਅਤੇ ਸ਼ਰਮਨਾਕ ਕਰਾਰ ਦਿੱਤਾ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਇਹ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਕੌਮੀ ਮੁੱਦਾ ਹੈ ਅਤੇ ਬੰਗਾਲ ’ਚ ਮਹਿਲਾ ਡਾਕਟਰ ਦੀ ਹੱਤਿਆ ਵਰਗੇ ਕਾਂਡ ਦਾ ਦੇਸ਼ ’ਚ ਕਿਤੇ ਵੀ ਦੁਹਰਾਅ ਨਹੀਂ ਹੋਣਾ ਚਾਹੀਦਾ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹਰੇਕ ਪੱਧਰ ’ਤੇ ਢੁੱਕਵੇਂ ਸੰਜੀਦਾ ਪ੍ਰਬੰਧ ਕਰਨੇ ਚਾਹੀਦੇ ਹਨ। -ਪੀਟੀਆਈ

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਬੰਗਾਲ ਸਰਕਾਰ ਅਤੇ ਪੁਲੀਸ ਮੁਖੀ ਨੂੰ ਨੋਟਿਸ

ਨਵੀਂ ਦਿੱਲੀ:

ਕੋਲਕਾਤਾ ’ਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੱਛਮੀ ਬੰਗਾਲ ਸਰਕਾਰ ਅਤੇ ਸੂਬੇ ਦੇ ਪੁਲੀਸ ਮੁਖੀ ਨੂੰ ਨੋਟਿਸ ਜਾਰੀ ਕੀਤੇ ਹਨ। ਕਮਿਸ਼ਨ ਨੇ ਮੀਡੀਆ ਰਿਪੋਰਟ ਦਾ ਨੋਟਿਸ ਲੈਂਦਿਆਂ ਉਨ੍ਹਾਂ ਤੋਂ ਦੋ ਹਫ਼ਤਿਆਂ ਦੇ ਅੰਦਰ ਰਿਪੋਰਟਾਂ ਦੇਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਜੇ ਮੀਡੀਆ ਰਿਪੋਰਟ ਸੱਚੀ ਹੋਈ ਤਾਂ ਇਹ ਪੀੜਤਾ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਗੰਭੀਰ ਮਾਮਲਾ ਹੈ। -ਪੀਟੀਆਈ

Advertisement
×