ਚੋਣ ਕਮਿਸ਼ਨ ਨੇ ਨਵੇਂ ਲੋਕ ਸਭਾ ਮੈਂਬਰਾਂ ਦੇ ਵੇਰਵੇ ਰਾਸ਼ਟਰਪਤੀ ਨੂੰ ਸੌਂਪੇ
ਨਵੀਂ ਦਿੱਲੀ, 6 ਜੂਨ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਦੋਵੇਂ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਲੋਕ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਦੇ ਵੇਰਵੇ ਪੇਸ਼ ਕੀਤੇ। ਇਹ ਮੁਲਾਕਾਤ 18ਵੀਂ ਲੋਕ ਸਭਾ ਦੇ ਗਠਨ ਦੀ ਪ੍ਰਕਿਰਿਆ ਦਾ ਹਿੱਸਾ ਸੀ। ਉਧਰ ਚੋਣ ਕਮਿਸ਼ਨ ਨੇ 16 ਮਾਰਚ ਤੋਂ ਲਾਗੂ ਆਦਰਸ਼ ਚੋਣ ਜ਼ਾਬਤੇ ਨੂੰ ਹਟਾ ਦਿੱਤਾ ਹੈ। ਇਸ ਨਾਲ ਸਰਕਾਰਾਂ ਆਪਣੇ ਕੰਮਕਾਰ ਆਮ ਵਾਂਗ ਸ਼ੁਰੂ ਕਰ ਸਕਣਗੀਆਂ। ਲੋਕ ਸਭਾ ਚੋਣਾਂ ਦੇ ਐਲਾਨ ਨਾਲ ਜ਼ਾਬਤਾ ਲਾਗੂ ਹੋ ਗਿਆ ਸੀ। ਰਾਸ਼ਟਰਪਤੀ ਨੇ ਚੋਣ ਅਮਲ ਸਫਲਤਾਪੂਰਬਕ ਮੁਕੰਮਲ ਕਰਾਉਣ ਲਈ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਪੂਰੇ ਮੁਲਕ ਤਰਫ਼ੋਂ ਚੋਣ ਕਮਿਸ਼ਨ, ਉਸ ਦੇ ਅਧਿਕਾਰੀਆਂ ਤੇ ਅਮਲੇ ਦੇ ਮੈਂਬਰਾਂ, ਪੁਲੀਸ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਰੋੜਾਂ ਵੋਟਰਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਵੱਡੀ ਗਿਣਤੀ ’ਚ ਚੋਣ ਅਮਲ ’ਚ ਹਿੱਸਾ ਲਿਆ ਸੀ। ਬਾਅਦ ’ਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਐੱਸਐੱਸ ਸੰਧੂ ਰਾਜਘਾਟ ’ਤੇ ਮਹਾਤਮਾ ਗਾਂਧੀ ਦੀ ਸਮਾਧ ’ਤੇ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਚੋਣ ਅਮਲ ਨੂੰ ਅਫ਼ਵਾਹਾਂ ਅਤੇ ਬੇਬੁਨਿਆਦ ਖ਼ਦਸ਼ਿਆਂ ਰਾਹੀਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਹਿੰਸਾ ਮੁਕਤ ਚੋਣਾਂ ਕਰਾਉਣ ਲਈ ਸਮਰਪਿਤ ਸਨ। -ਪੀਟੀਆਈ