DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਰਾਂਸ ਤੋਂ ਚਾਰ ਦਿਨ ਮਗਰੋਂ ਭਾਰਤ ਪੁੱਜਾ ‘ਡੰਕੀ’ ਜਹਾਜ਼

ਜਹਾਜ਼ ਵਿੱਚ ਸਵਾਰ 276 ਮੁਸਾਫਰਾਂ ’ਚੋਂ ਬਹੁਤੇ ਭਾਰਤੀ
  • fb
  • twitter
  • whatsapp
  • whatsapp
featured-img featured-img
ਫਰਾਂਸ ਤੋਂ ਵਾਪਸ ਆਏ ਮੁਸਾਫਰ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੋਏ। -ਫੋਟੋ: ਪੀਟੀਆਈ
Advertisement

ਮੁੰਬਈ, 26 ਦਸੰਬਰ

ਮਨੁੱਖੀ ਤਸਕਰੀ ਦੇ ਸ਼ੱਕ ਹੇਠ ਫਰਾਂਸ ’ਚ ਚਾਰ ਦਿਨ ਰੋਕ ਕੇ ਰੱਖਿਆ ਗਿਆ ਜਹਾਜ਼ 276 ਮੁਸਾਫਰਾਂ ਨੂੰ ਲੈ ਕੇ ਅੱਜ ਤੜਕੇ ਮੁੰਬਈ ਪੁੱਜਾ। ਇਸ ਜਹਾਜ਼ ’ਚ ਜ਼ਿਆਦਾਤਰ ਭਾਰਤੀ ਮੁਸਾਫਰ ਸਵਾਰ ਸਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਏਅਰਬੱਸ ਏ340 ਜਹਾਜ਼ ਤੜਕੇ ਚਾਰ ਵਜੇ ਤੋਂ ਕੁਝ ਸਮੇਂ ਬਾਅਦ ਮੁੰਬਈ ਪੁੱਜਾ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਢਾਈ ਵਜੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਜਹਾਜ਼ ’ਚ ਚਾਲਕ ਦਲ ਦੇ 15 ਮੈਂਬਰ ਵੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਮੀਗਰੇਸ਼ਨ ਅਥਾਰਿਟੀਆਂ ਨੇ ਕੁਝ ਮੁਸਾਫਰਾਂ ਤੋਂ ਪੁੱਛ ਪੜਤਾਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਸਾਫਰ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਤੇ ਉਨ੍ਹਾਂ ਨੂੰ ਸਵੇਰੇ 11.30 ਵਜੇ ਹਵਾਈ ਅੱਡੇ ਤੋਂ ਬਾਹਰ ਜਾਣ ਦਿੱਤਾ ਗਿਆ। ਹਵਾਈ ਅੱਡੇ ਤੋਂ ਬਾਹਰ ਆ ਰਹੇ ਮੁਸਾਫਰਾਂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।

Advertisement

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ’ਤੇ ਫਰਾਂਸ ਤੋਂ ਪਰਤਿਆ ਇਕ ਯਾਤਰੀ ਮੀਡੀਆ ਤੋਂ ਬਚਣ ਲਈ ਮੂੰਹ ਢਕ ਕੇ ਲੰਘਦਾ ਹੋਇਆ। ਫੋਟੋ: ਰਾਇਟਰਜ਼

ਕਈ ਘੰਟੇ ਬਾਅਦ ਮੁਸਾਫਰ ਹਵਾਈ ਅੱਡੇ ਤੋਂ ਬਾਹਰ ਨਿਕਲੇ ਤੇ ਉਹ ਆਪਣੇ ਚਿਹਰੇ ਛੁਪਾਉਂਦੇ ਹੋਏ ਪੱਤਰਕਾਰਾਂ ਤੋਂ ਬਚਦੇ ਦਿਖਾਈ ਦਿੱਤੇ। ਹਵਾਈ ਅੱਡੇ ’ਤੇ ਅਧਿਕਾਰੀਆਂ ਵੱਲੋਂ ਕੁਝ ਮੁਸਾਫਰਾਂ ਤੋਂ ਕੀਤੀ ਗਈ ਕਥਿਤ ਪੁੱਛ-ਪੜਤਾਲ ਸਬੰਧੀ ਵੀ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਫਰਾਂਸੀਸੀ ਅਥਾਰਿਟੀਆਂ ਅਨੁਸਾਰ ਜਿਸ ਜਹਾਜ਼ ਨੇ ਮੁੰਬਈ ਲਈ ਉਡਾਣ ਭਰੀ, ਉਸ ਵਿੱਚ 276 ਮੁਸਾਫਰ ਸਫਾਰ ਸਨ ਅਤੇ ਦੋ ਨਾਬਾਲਗਾਂ ਸਮੇਤ 25 ਲੋਕਾਂ ਨੇ ਫਰਾਂਸ ’ਚ ਸ਼ਰਨ ਲਈ ਅਰਜ਼ੀ ਦਿੱਤੀ ਹੈ ਅਤੇ ਉਹ ਅਜੇ ਫਰਾਂਸ ਵਿੱਚ ਹੀ ਹਨ। ਫਰਾਂਸ ਦੇ ਇੱਕ ਨਿਊਜ਼ ਚੈਨਲ ਨੇ ਦੱਸਿਆ ਕਿ ਦੋ ਹੋਰ ਮੁਸਾਫਰਾਂ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉੁਨ੍ਹਾਂ ਨੂੰ ਸਹਾਇਤਾ ਪ੍ਰਾਪਤ ਗਵਾਹ ਬਣਾਇਆ ਗਿਆ ਹੈ। ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਜਹਾਜ਼ ਵੈਟਰੀ ਹਵਾਈ ਅੱਡੇ ’ਤੇ ਉੱਤਰਿਆ ਸੀ ਤਾਂ ਉਸ ਵਿੱਚ 303 ਭਾਰਤੀ ਨਾਗਰਿਕ ਸਵਾਰ ਸਨ ਜਿਨ੍ਹਾਂ ’ਚੋਂ 11 ਨਾਬਾਲਗਾਂ ਨਾਲ ਕੋਈ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਰੋਕ ਕੇ ਰੱਖੇ ਗਏ ਜਹਾਜ਼ ’ਚ ਸਵਾਰ ਮੁਸਾਫਰਾਂ ਲਈ ਆਰਜ਼ੀ ਬਿਸਤਰਿਆਂ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ। ਦੁਬਈ ਤੋਂ ਨਿਕਾਰਾਗੁਆ ਜਾ ਰਹੀ ਤੇ ਰੋਮਾਨਿਆਈ ਚਾਰਟਰ ਕੰਪਨੀ ਲੈਜੈਂਡ ਏਅਰਲਾਈਨ ਦੇ ਜਹਾਜ਼ ਨੂੰ ਲੰਘੇ ਵੀਰਵਾਰ ਨੂੰ ਵੈਟਰੀ ਹਵਾਈ ਅੱਡੇ ’ਤੇ ਰੋਕਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਅਮਰੀਕਾ ’ਚ ਪਨਾਹ ਲੈਣ ਲਈ ਨਿਕਾਰਾਗੁਆ ਇੱਕ ਪਸੰਦੀਦਾ ਥਾਂ ਬਣ ਗਿਆ ਹੈ। ਅਮਰੀਕੀ ਕਸਟਮ ਤੇ ਸਰਹੱਦੀ ਗਸ਼ਤ ਪੁਲੀਸ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਵਿੱਤੀ ਸਾਲ 2023 ਵਿੱਚ 96,917 ਭਾਰਤੀਆਂ ਨੇ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਇਹ ਗਿਣਤੀ ਪਿਛਲੇ ਸਾਲ ਮੁਕਾਬਲੇ 51.61 ਫੀਸਦ ਵੱਧ ਹੈ। -ਪੀਟੀਆਈ

Advertisement
×