ਥਾਈਲੈਂਡ-ਕੰਬੋਡੀਆ ਟਕਰਾਅ: ਭਾਰਤੀ ਦੂਤਾਵਾਸ ਵੱਲੋਂ ਯਾਤਰਾ ਸਬੰਧੀ ਸਲਾਹ ਜਾਰੀ
ਥਾਈਲੈਂਡ ਵਿੱਚ ਭਾਰਤੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਸੱਤ ਸੂਬਿਆਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਸਰਕਾਰੀ ਥਾਈ ਪਬਲਿਕ ਬ੍ਰੌਡਕਾਸਟਿੰਗ ਸਰਵਿਸ ਅਨੁਸਾਰ ਵੀਰਵਾਰ ਨੂੰ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਉਨ੍ਹਾਂ ਦੇ ਦੇਸ਼ਾਂ ਦੀ ਸਰਹੱਦ ’ਤੇ ਝੜਪਾਂ ਹੋਈਆਂ, ਜਿਸ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
ਭਾਰਤੀ ਦੂਤਾਵਾਸ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ, ‘‘ਥਾਈਲੈਂਡ-ਕੰਬੋਡੀਆ ਸਰਹੱਦ ਨੇੜੇ ਦੀ ਸਥਿਤੀ ਦੇ ਮੱਦੇਨਜ਼ਰ ਥਾਈਲੈਂਡ ਦੀ ਯਾਤਰਾ ਕਰਨ ਵਾਲੇ ਸਾਰੇ ਭਾਰਤੀ ਯਾਤਰੀਆਂ ਨੂੰ ਥਾਈ ਅਧਿਕਾਰਤ ਸਰੋਤਾਂ, ਜਿਸ ਵਿੱਚ ਟੀ.ਏ.ਟੀ. ਨਿਊਜ਼ਰੂਮ (TAT Newsroom) ਵੀ ਸ਼ਾਮਲ ਹੈ, ਤੋਂ ਅਪਡੇਟਸ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।’’
ਟੂਰਿਜ਼ਮ ਅਥਾਰਟੀ ਆਫ ਥਾਈਲੈਂਡ (TAT) ਦੀ ਇੱਕ ਪੋਸਟ ਨੱਥੀ ਕਰਦੇ ਹੋਏ ਇਸ ਵਿੱਚ ਕਿਹਾ ਗਿਆ ਹੈ ਕਿ ਜ਼ਿਕਰ ਕੀਤੀਆਂ ਥਾਵਾਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਟੂਰਿਜ਼ਮ ਅਥਾਰਟੀ ਨੇ ਕਿਹਾ ਕਿ ਉਬੋਨ ਰਚਥਾਨੀ (Ubon Ratchathani), ਸੂਰਿਨ (Surin), ਸੀਸਾਕੈਟ (Sisaket), ਬੁਰੀਰਾਮ (Buriram), ਸਾ ਕੇਓ (Sa Kaeo), ਚੰਥਾਬੁਰੀ (Chanthaburi) ਅਤੇ ਟ੍ਰਾਟ (Trat) ਸੂਬਿਆਂ ਦਾ ਦੌਰਾ ਨਾ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।