ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਿਖਰਲੇ ਸੁਰੱਖਿਆ ਅਧਿਕਾਰੀਆਂ ਨੂੰ ਜੰਮੂ-ਕਸ਼ਮੀਰ ਵਿੱਚ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਤਿਵਾਦੀ ਸਰਹੱਦ ਪਾਰੋਂ ਘੁਸਪੈਠ ਕਰਨ ਲਈ ਬਰਫ਼ਬਾਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।ਕੇਂਦਰ ਸ਼ਾਸਤ ਪ੍ਰਦੇਸ਼ ਦੀ ਉੱਚ-ਪੱਧਰੀ ਸੁਰੱਖਿਆ ਸਮੀਖਿਆ ਦੀ ਪ੍ਰਧਾਨਗੀ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ‘ਪੂਰੀ ਤਰ੍ਹਾਂ ਤਿਆਰ’ ਰਹਿਣਾ ਚਾਹੀਦਾ ਹੈ। ਮੀਟਿੰਗ ਵਿੱਚ ਉਪ ਰਾਜਪਾਲ ਮਨੋਜ ਸਿਨਹਾ, ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ, ਖੁਫੀਆ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਥਲ ਸੈਨਾ ਮੁਖੀ ਉਪੇਂਦਰ ਦਿਵੇਦੀ, ਜੰਮੂ-ਕਸ਼ਮੀਰ ਪੁਲੀਸ ਮੁਖੀ ਨਲਿਨ ਪ੍ਰਭਾਤ, ਸੀ ਆਰ ਪੀ ਐੱਫ ਦੇ ਡੀ ਜੀ ਜੀਪੀ ਸਿੰਘ ਅਤੇ ਬੀ ਐੱਸ ਐੱਫ ਦੇ ਡੀ ਜੀ ਦਲਜੀਤ ਸਿੰਘ ਚੌਧਰੀ ਸਮੇਤ ਕੇਂਦਰ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।ਗ੍ਰਹਿ ਮੰਤਰੀ ਨੇ ‘ਐਕਸ’ ’ਤੇ ਕਿਹਾ, ‘ਅਸੀਂ ਜੰਮੂ-ਕਸ਼ਮੀਰ ਵਿੱਚ ਅਤਿਵਾਦੀ ਤੰਤਰ ਨੂੰ ਖ਼ਤਮ ਕਰਨ ਲਈ ਵਚਨਬੱਧ ਹਾਂ। ਸਾਡੇ ਸੁਰੱਖਿਆ ਬਲਾਂ ਨੂੰ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਵਾਲੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਪੂਰੀ ਖੁੱਲ੍ਹ ਮਿਲਦੀ ਰਹੇਗੀ। ਮੋਦੀ ਜੀ ਦੇ ਅਤਿਵਾਦ-ਮੁਕਤ ਜੰਮੂ-ਕਸ਼ਮੀਰ ਦੇ ਦ੍ਰਿਸ਼ਟੀਕੋਣ ਵੱਲ ਤੇਜ਼ੀ ਨਾਲ ਵਧਣ ਲਈ ਚੌਕਸੀ ਅਤੇ ਤਾਲਮੇਲ ਹੋਰ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।’ਗ੍ਰਹਿ ਮੰਤਰੀ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਦੀਆਂ ਕੋਸ਼ਿਸ਼ਾਂ ਸਦਕਾ ਜੰਮੂ-ਕਸ਼ਮੀਰ ਵਿੱਚ ਅਤਿਵਾਦੀ ਨੈੱਟਵਰਕ ਤਕਰੀਬਨ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਅਤਿਵਾਦ-ਮੁਕਤ ਜੰਮੂ-ਕਸ਼ਮੀਰ ਵੱਲ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ ਸਾਰੇ ਲੋੜੀਂਦੇ ਸਰੋਤ ਮੁਹੱਈਆ ਕਰਵਾਏ ਜਾਂਦੇ ਰਹਿਣਗੇ।