ਅਤਿਵਾਦ ਮਨੁੱਖਤਾ ਲਈ ਸਮੂਹਿਕ ਚੁਣੌਤੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅਤਿਵਾਦ ਮਨੁੱਖਤਾ ਲਈ ਸਮੂਹਿਕ ਚੁਣੌਤੀ ਹੈ ਅਤੇ ਭਾਰਤ ਪਿਛਲੇ ਸੱਤ ਦਹਾਕਿਆਂ ਤੋਂ ਅਤਿਵਾਦ ਦੀ ਪੀੜ ਨੂੰ ਹੰਢਾ ਰਿਹਾ ਹੈ। ਪ੍ਰਧਾਨ ਮੰਤਰੀ ਸੋਮਵਾਰ ਨੂੰ ਇੱਥੇ ਸ਼ੁਰੂ ਹੋਏ 10-ਮੈਂਬਰੀ SCO ਦੇ ਰਾਸ਼ਟਰ ਮੁਖੀਆਂ ਦੀ ਸਿਖਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਹਾਲ ਹੀ ਵਿੱਚ ਪਹਿਲਗਾਮ ਵਿੱਚ ਅਤਿਵਾਦ ਦਾ ਬਦਸੂਰਤ ਚਿਹਰਾ ਦੇਖਿਆ ਹੈ। ਅਤਿਵਾਦ, ਵੱਖਵਾਦ ਅਤੇ ਕੱਟੜਵਾਦ ਕਿਸੇ ਵੀ ਦੇਸ਼ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਲਈ ਵੱਡੀਆਂ ਚੁਣੌਤੀਆਂ ਹਨ। ਅਤਿਵਾਦ ਮਨੁੱਖਤਾ ਲਈ ਇੱਕ ਸਮੂਹਿਕ ਚੁਣੌਤੀ ਹੈ।’’
ਸੰਗਠਨ ਦੇ ਨੇਤਾਵਾਂ ਨੇ ਬਲਾਕ ਦੀ ਭਵਿੱਖੀ ਰੂਪਰੇਖਾ ਤਿਆਰ ਕਰਨ ਲਈ ਇਕ ਰੋਜ਼ਾ ਵਿਚਾਰ ਚਰਚਾ ਸ਼ੁੁਰੂ ਕੀਤੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨੇਤਾਵਾਂ ਦਾ ਸਵਾਗਤ ਕੀਤਾ। 25ਵਾਂ ਸਿਖਰ ਸੰਮੇਲਨ ਐਤਵਾਰ ਰਾਤ ਨੂੰ ਸ਼ੀ ਵੱਲੋਂ ਆਯੋਜਿਤ ਇੱਕ ਦਾਅਵਤ ਨਾਲ ਰਸਮੀ ਤੌਰ ’ਤੇ ਸ਼ੁਰੂ ਹੋਇਆ। ਇਸ ਵਿੱਚ ਹੋਰਨਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਸ਼ਿਰਕਤ ਕੀਤੀ।
ਇਸ ਸਾਲ ਦੀ ਸਿਖਰ ਵਾਰਤਾ ਨੂੰ SCO ਸਮੂਹ ਦਾ ਸਭ ਤੋਂ ਵੱਡਾ ਸੰਮੇਲਨ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਸਾਲ ਸੰਗਠਨ ਦੀ ਪ੍ਰਧਾਨਗੀ ਸੰਭਾਲ ਰਹੇ ਚੀਨ ਨੇ SCO ਪਲੱਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ 20 ਵਿਦੇਸ਼ੀ ਆਗੂਆਂ ਅਤੇ 10 ਕੌਮਾਂਤਰੀ ਸੰਗਠਨਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਹੈ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਵੀ ਸ਼ਾਮਲ ਹਨ। ਸੋਮਵਾਰ ਨੂੰ ਵੱਖ ਵੱਖ ਦੇਸ਼ਾਂ ਦੇ ਆਗੂ ਸੰਗਠਨ ਲਈ ਆਪਣੇ ਭਵਿੱਖ ਦੇ ਦ੍ਰਿਸ਼ਟੀਕੋਣ ਦਾ ਐਲਾਨ ਕਰਦੇ ਹੋਏ ਮੀਟਿੰਗ ਨੂੰ ਸੰਬੋਧਨ ਕਰਨਗੇ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਵਾਰ ਅਤੇ ਐਤਵਾਰ ਨੂੰ ਭਾਰਤੀ ਪ੍ਰਧਾਨ ਮੰਤਰੀ ਦੀ ਸ਼ੀ ਨਾਲ ਮੁਲਾਕਾਤ ਦੇ ਪਿਛੋਕੜ ਵਿੱਚ ਮੋਦੀ ਦੇ ਭਾਸ਼ਣ ਦੇ ਵਿਸ਼ਾ ਵਸਤੂ ’ਤੇ ਬੜੀ ਉਤਸ਼ਾਹ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਬੈਠਕ ਤੋਂ ਵਿਆਪਕ ਤੌਰ ’ਤੇ ਸਬੰਧਾਂ ਲਈ ਇੱਕ ਨਵਾਂ ਰੋਡਮੈਪ ਪ੍ਰਦਾਨ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਸੀ।