ਦਹਿਸ਼ਤੀ ਮੌਡਿਊਲ: ਖ਼ੁਦ ਨੂੰ ਅੱਗ ਲਾਉਣ ਵਾਲੇ ਡਰਾਈ ਫਰੂਟ ਵਪਾਰੀ ਬਿਲਾਲ ਅਹਿਮਦ ਵਾਨੀ ਦੀ ਹਸਪਤਾਲ ’ਚ ਮੌਤ
ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜਿਆ, ਪੁਲੀਸ ਨੇ ਵਾਨੀ ਨੂੰ ਪੁੱਤ ਸਣੇ ਪੁੱਛ-ਪੜਤਾਲ ਲਈ ਐਤਵਾਰ ਨੂੰ ਚੁੱਕਿਅਾ ਸੀ
ਡਰਾਈ ਫਰੂਟ ਵਪਾਰੀ ਬਿਲਾਲ ਅਹਿਮਦ ਵਾਨੀ, ਜਿਸ ਨੇ ਦਹਿਸ਼ਤੀ ਮੌਡਿਊਲ ਕੇਸ ਵਿਚ ਪੁਲੀਸ ਵੱਲੋਂ ਪੁੱਛਗਿੱਛ ਲਈ ਸੱਦੇ ਜਾਣ ਮਗਰੋਂ ਕਾਜ਼ੀਗੁੰਡ ਵਿਚਲੇ ਆਪਣੇ ਘਰ ਵਿਚ ਖੁ਼ਦ ਨੂੰ ਅੱਗ ਲਾ ਲਈ ਸੀ, ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਵਾਨੀ ਨੂੰ ਪਹਿਲਾਂ ਅਨੰਤਨਾਗ ਦੇ ਇਕ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਸੀ, ਪਰ ਹਾਲਤ ਵਿਗੜਨ ਮਗਰੋਂ ਉਸ ਨੂੰ ਐੱਸਐੱਮਐੱਚਐੱਸ ਹਸਪਤਾਲ ਰੈਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਵਾਨੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਲੰਘੀ ਅੱਧੀ ਰਾਤ ਨੂੰ ਦਮ ਤੋੜ ਦਿੱਤਾ।
ਪੁਲੀਸ ਨੇ ਟੈਰਰ ਮੌਡਿਊਲ ਕੇਸ ਦੇ ਸਬੰਧ ਵਿਚ ਪੁੱਛ ਪੜਤਾਲ ਲਈ ਵਾਨੀ ਤੇ ਉਸ ਦੇ ਪੁੱਤਰ ਜਾਸੀਰ ਬਿਲਾਲ ਨੂੰ ਚੁੱਕਿਆ ਸੀ। ਬਿਲਾਲ ਨੂੰ ਪੁਲੀਸ ਨੇ ਛੱਡ ਦਿੱਤਾ ਜਦੋਂਕਿ ਜਾਸੀਰ ਬਿਲਾਲ ਪੁੱਛਗਿੱਛ ਲਈ ਪੁਲੀਸ ਦੀ ਹਿਰਾਸਤ ਵਿਚ ਸੀ। ‘ਵ੍ਹਾਈਟ ਕਾਲਰ ਦਹਿਸ਼ਤੀ ਮੌਡਿਊਲ’ ਕੇਸ ਵਿਚ ਡਾ. ਮੁਜ਼ੱਫਰ ਰਾਥਰ ਦਾ ਨਾਂ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਸੀ, ਜੋ ਵਾਨੀ ਦਾ ਗੁਆਂਢੀ ਦੱਸਿਆ ਜਾਂਦਾ ਹੈ। ਮੁਜ਼ੱਫਰ ਇਸ ਵੇਲੇ ਅਫ਼ਗ਼ਾਨਿਸਤਾਨ ਵਿਚ ਹੈ ਜਦੋਂਕਿ ਉਸ ਦੇ ਛੋਟੇ ਭਰਾ ਡਾ.ਆਦਿਲ ਰਾਥਰ ਨੂੰ 6 ਨਵੰਬਰ ਨੂੰ ਯੂਪੀ ਦੇ ਸਹਾਰਨਪੁਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

