ਦਹਿਸ਼ਤੀ ਫੰਡਿੰਗ: ਈਡੀ ਤੇ ਏਟੀਐੱਸ ਵੱਲੋਂ ਠਾਣੇ ਵਿਚ ਛਾਪੇਮਾਰੀ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਮਹਾਰਾਸ਼ਟਰ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਵੀਰਵਾਰ ਨੂੰ ਸ਼ੱਕੀ ਅਤਿਵਾਦੀ ਫੰਡਿੰਗ ਦੇ ਸਬੰਧ ਵਿੱਚ ਠਾਣੇ ਜ਼ਿਲ੍ਹੇ ਦੇ ਪਡਘਾ ਵਿੱਚ ਇਕ ਸਾਂਝੀ ਕਾਰਵਾਈ ਦੌਰਾਨ ਛਾਪੇ ਮਾਰੇ। ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੜਕੇ ਤੋਂ ਹੀ ਭਿਵੰਡੀ ਖੇਤਰ...
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਮਹਾਰਾਸ਼ਟਰ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਵੀਰਵਾਰ ਨੂੰ ਸ਼ੱਕੀ ਅਤਿਵਾਦੀ ਫੰਡਿੰਗ ਦੇ ਸਬੰਧ ਵਿੱਚ ਠਾਣੇ ਜ਼ਿਲ੍ਹੇ ਦੇ ਪਡਘਾ ਵਿੱਚ ਇਕ ਸਾਂਝੀ ਕਾਰਵਾਈ ਦੌਰਾਨ ਛਾਪੇ ਮਾਰੇ। ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੜਕੇ ਤੋਂ ਹੀ ਭਿਵੰਡੀ ਖੇਤਰ ਦੇ ਪਡਘਾ ਵਿੱਚ ਛਾਪੇਮਾਰੀ ਜਾਰੀ ਸੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪਡਘਾ ਦੇ ਬੋਰੀਵਲੀ ਪਿੰਡ ਵਿੱਚ ਏਟੀਐਸ ਵੱਲੋਂ ਪਹਿਲਾਂ ਕੀਤੇ ਗਏ ਕੁਝ ਆਪ੍ਰੇਸ਼ਨਾਂ ’ਤੇ ਅਧਾਰਤ ਸੀ।
ਅਧਿਕਾਰੀ ਨੇ ਕਿਹਾ ਕਿ ਕਈ ਮਸ਼ਕੂਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਅਤੇ ਈਡੀ ਸ਼ੱਕੀ ਪੈਸੇ ਦੇ ਲੈਣ-ਦੇਣ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਸਾਲ ਜੂਨ ਵਿੱਚ ਏਟੀਐਸ ਨੇ ਠਾਣੇ ਦਿਹਾਤੀ ਪੁਲੀਸ ਨਾਲ ਮਿਲ ਕੇ, ਪਡਘਾ ਦੇ ਬੋਰੀਵਲੀ ਵਿਚ 22 ਵਿਅਕਤੀਆਂ ਦੇ ਘਰਾਂ ਦੀ ਵੱਡੇ ਪੱਧਰ ’ਤੇ ਤਲਾਸ਼ੀ ਲਈ, ਜਿਨ੍ਹਾਂ ਵਿੱਚ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਦੇ ਸਾਬਕਾ ਅਹੁਦੇਦਾਰ ਸਾਕਿਬ ਨਾਚਨ ਅਤੇ ਪਾਬੰਦੀਸ਼ੁਦਾ ਸੰਗਠਨ ਦੇ ਹੋਰ ਸ਼ੱਕੀ ਮੈਂਬਰ ਅਤੇ ਹਮਦਰਦ ਸ਼ਾਮਲ ਸਨ। ਅਧਿਕਾਰੀ ਨੇ ਕਿਹਾ ਕਿ ਏਟੀਐਸ ਨੇ 19 ਮੋਬਾਈਲ ਫੋਨ ਅਤੇ ਅਪਰਾਧਕ ਸਮੱਗਰੀ ਅਤੇ ਦਸਤਾਵੇਜ਼ ਜ਼ਬਤ ਕੀਤੇ ਹਨ। ਦੋ ਸਾਲ ਪਹਿਲਾਂ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਵੀ ਕੁਝ ਅਤਿਵਾਦੀ ਸਰਗਰਮੀਆਂ ਦੇ ਸਬੰਧ ਵਿੱਚ ਪਡਘਾ ਵਿੱਚ ਛਾਪੇਮਾਰੀ ਕੀਤੀ ਸੀ। ਸਾਕਿਬ ਨਾਚਨ, ਜਿਸ ਨੂੰ ਐਨਆਈਏ ਨੇ ਪਡਘਾ ਤੋਂ ਗ੍ਰਿਫ਼ਤਾਰ ਕੀਤਾ ਸੀ, ਦੀ ਇਸ ਸਾਲ ਜੂਨ ਵਿੱਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ।

