ਆਰਜੀ ਕਰ ਮਾਮਲਾ: ਪੁਲੀਸ ਵੱਲੋਂ ਮੁਜ਼ਾਹਰਾਕਾਰੀਆਂ ’ਤੇ ਲਾਠੀਚਾਰਜ
ਕੋਲਕਾਤਾ ਦੇ ਸਰਕਾਰੀ ਆਰਜੀ ਕਰ ਹਸਪਤਾਲ ’ਚ ਇੱਕ ਮਹਿਲਾ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਮਗਰੋਂ ਉਸ ਦੀ ਹੱਤਿਆ ਦੀ ਘਟਨਾ ਦੀ ਪਹਿਲੀ ਬਰਸੀ ਮੌਕੇ ਅੱਜ ਪੱਛਮੀ ਬੰਗਾਲ ਸਕੱਤਰੇਤ ਤੱਕ ਰੋਸ ਮਾਰਚ ਦੌਰਾਨ ਮੱਧ ਕੋਲਕਾਤਾ ਦੇ ਪਾਰਕ ਸਟਰੀਟ ਚੌਕ ’ਤੇ ਪੁਲੀਸ ਨੇ ਮੁਜ਼ਾਹਰਾਕਾਰੀਆਂ ’ਤੇ ਲਾਠੀਚਾਰਜ ਕੀਤਾ। ਰਾਣੀ ਰਸ਼ਮੋਨੀ ਰੋਡ ਸਭਾ ਸਥਲ ਤੋਂ ਅੱਗੇ ਨਾ ਵਧਣ ਦੀ ਪੁਲੀਸ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕਰਨ ਮਗਰੋਂ ਵਿੱਦਿਆਸਾਰਗ ਸੇਤੂ ਵੱਲ ਵਧਦਿਆਂ ਪ੍ਰਦਰਸ਼ਨਕਾਰੀਆਂ ਨੇ ਅੜਿੱਕੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਤਣਾਅ ਫੈਲ ਗਿਆ। ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੇ ਭਾਜਪਾ ਆਗੂ ਅਗਨੀਮਿੱਤਰਾ ਪੌਲ ਤੇ ਭਾਜਪਾ ਦੇ ਹੋਰ ਵਿਧਾਇਕਾਂ ਨਾਲ ‘ਪਾਰਕ ਸਟਰੀਟ ਜੇਐੱਲ ਨਹਿਰੂ ਰੋਡ ਕਰਾਸਿੰਗ’ ’ਤੇ ਧਰਨਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਦੀ ਕਾਰਵਾਈ ’ਚ ਅਧਿਕਾਰੀ ਤੇ ਭਾਜਪਾ ਦੇ ਹੋਰ ਆਗੂਆਂ ਸਮੇਤ 100 ਤੋਂ ਵੱਧ ਮੁਜ਼ਾਹਰਾਕਾਰੀ ਜ਼ਖ਼ਮੀ ਹੋਏ ਹਨ। ਅਧਿਕਾਰੀ ਨੇ ਇਹ ਵੀ ਦਾਅਵਾ ਕੀਤਾ ਕਿ ਲਾਠੀਚਾਰਜ ਦੌਰਾਨ ਆਰਜੀ ਕਰ ਪੀੜਤਾ ਦੇ ਮਾਤਾ-ਪਿਤਾ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ, ‘ਮਮਤਾ ਬੈਨਰਜੀ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਹ ਵਿਰੋਧ ਅੱਗੇ ਹੋਰ ਵੀ ਵੱਡਾ ਹੋਣ ਵਾਲਾ ਹੈ।’ ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਅੱਜ ਹਾਵੜਾ ਜ਼ਿਲ੍ਹੇ ਦੇ ਸਾਂਤਰਾਗਾਚੀ ਪੁੱਜਾ ਤੇ ਉੱਥੇ ਪੁਲੀਸ ਦੇ ਅੜਿੱਕੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਪੁਲੀਸ ਨੂੰ ਮੁਜ਼ਹਰਾਕਾਰੀਆਂ ’ਤੇ ਲਾਠੀਚਾਰਜ ਕਰਨਾ ਪਿਆ।
ਪੁਲੀਸ ਨੇ ਮੇਰੇ ਨਾਲ ਬਦਸਲੂਕੀ ਕੀਤੀ: ਪੀੜਤਾ ਦੀ ਮਾਂ
ਆਰਜੀ ਕਰ ਹਸਪਤਾਲ ਕੇਸ ਦੀ ਪੀੜਤਾ ਦੀ ਮਾਂ ਨੇ ਅੱਜ ਦੋਸ਼ ਲਾਇਆ ਕਿ ਰੋਸ ਮਾਰਚ ’ਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਮਹਿਲਾ ਪੁਲੀਸ ਕਰਮੀਆਂ ਨੇ ਉਸ ਨਾਲ ਦੁਰਵਿਹਾਰ ਕੀਤਾ। ਪੀੜਤਾ ਦੀ ਮਾਂ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਹੱਥੋਪਾਈ ’ਚ ਉਸ ਦਾ ਸ਼ੰਖ (ਰਵਾਇਤੀ ਚੂੜੀ) ਟੁੱਟ ਗਿਆ ਅਤੇ ਉਸ ਦੇ ਸਿਰ ’ਚ ਸੱਟ ਵੱਜੀ। ਉਨ੍ਹਾਂ ਕਿਹਾ, ‘ਉਹ ਸਾਨੂੰ ਇਸ ਤਰ੍ਹਾਂ ਕਿਉਂ ਰੋਕ ਰਹੇ ਹਨ? ਅਸੀਂ ਤਾਂ ਬਸ ਸਕੱਤਰੇਤ ਪਹੁੰਚਣਾ ਚਾਹੁੰਦੇ ਹਾਂ ਅਤੇ ਆਪਣੀ ਧੀ ਲਈ ਨਿਆਂ ਮੰਗਣਾ ਚਾਹੁੰਦੇ ਹਾਂ।’
ਸ਼ੁਵੇਂਦੂ ਅਧਿਕਾਰੀ ਨੇ ਸਕੱਤਰੇਤ ਵੱਲ ਮਾਰਚ ਵਾਪਸ ਲਿਆ
ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨੇ ਅੱਜ ਤਿੰਨ ਘੰਟੇ ਤੱਕ ਚੱਲੇ ਧਰਨੇ ਤੋਂ ਬਾਅਦ ਸਕੱਤਰੇਤ ਵੱਲ ਮਾਰਚ ਵਾਪਸ ਲੈ ਲਿਆ। ਧਰਨਾ ਵਾਪਸ ਲੈਣ ਦਾ ਐਲਾਨ ਕਰਦਿਆਂ ਅਧਿਕਾਰੀ ਨੇ ਕਿਹਾ ਕਿ ਇਹ ਫ਼ੈਸਲਾ ਪੀੜਤਾ ਦੀ ਮਾਂ ਦੇ ਹਸਪਤਾਲ ਦਾਖਲ ਹੋਣ ਕਾਰਨ ਲਿਆ ਗਿਆ ਹੈ ਜਿਨ੍ਹਾਂ ’ਤੇ ਪੁਲੀਸ ਨੇ ਕਥਿਤ ਤੌਰ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਦੇ ਮੱਥੇ ’ਤੇ ਸੱਟ ਵੱਜੀ ਹੈ। ਉਨ੍ਹਾਂ ਕਿਹਾ, ‘ਮ੍ਰਿਤਕਾ ਦੇ ਮਾਤਾ-ਪਿਤਾ ਮੇਰੇ ਸੱਦੇ ’ਤੇ ਰੈਲੀ ’ਚ ਸ਼ਾਮਲ ਹੋਏ ਸਨ।’