ਜੰਮੂ ਕਸ਼ਮੀਰ ਦੇ ਡੋਡਾ ’ਚ ਟੈਂਪੂ ਟਰੈਵਲਰ ਖੱਡ ’ਚ ਡਿੱਗਾ; ਮਹਿਲਾ ਸਣੇ 5 ਹਲਾਕ, 17 ਜ਼ਖ਼ਮੀ
ਜੰਮੂ ਕਸ਼ਮੀਰ ਦੇ ਪਹਾੜੀ ਜ਼ਿਲ੍ਹੇ ਡੋਡਾ ਵਿਚ ਅੱਜ ਸਵੇਰੇ ਟੈਂਪੂ ਟਰੈਵਲਰ ਦੇ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਡਿੱਗਣ ਨਾਲ ਮਹਿਲਾ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 17 ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਹਾਦਸਾ ਡੋਡਾ ਤੋਂ ਕੋਈ 30 ਕਿਲੋਮੀਟਰ ਦੂਰ ਡੋਡਾ-ਭਾਰਥ ਰੋਡ ’ਤੇ ਪੌਂਡਾ ਨੇੜੇ ਹੋਇਆ।
ਜਾਣਕਾਰੀ ਅਨੁਸਾਰ ਟੈਂਪੂ ਟਰੈਵਲਰ ਵਿਚ ਸਮਰੱਥਾ ਨਾਲੋਂ ਵੱਧ ਸਵਾਰੀਆਂ ਮੌਜੂਦ ਸਨ ਤੇ ਸਵੇਰੇ 9 ਵਜੇ ਦੇ ਕਰੀਬ ਇਕ ਕੂਹਣੀ ਮੋੜ ’ਤੇ ਵਾਹਨ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗਾ। ਡੋਡਾ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਮ੍ਰਿਤ ਲਿਆਂਦੇ ਪੀੜਤਾਂ ਦੀ ਪਛਾਣ ਮੁਹੰਮਦ ਅਸ਼ਰਫ਼ (35), ਮੰਗਤਾ ਵਾਨੀ (51), ਅਤਾ ਮੁਹੰਮਦਾ (33), ਤਾਲਿਬ ਹੁਸੈਨ (35) ਤੇ ਰਫ਼ੀਕਾ ਬੇਗ਼ਮ (60) ਵਜੋਂ ਹੋਈ ਹੈ।
ਅਧਿਕਾਰੀਆਂ ਨੇ ਕਿਹਾ ਕਿ 17 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਨਾਜ਼ੁਕ ਹੈ। ਇਨ੍ਹਾਂ ਵਿਚ ਪੰਜ ਸਾਲਾ ਉਜ਼ਮਾ ਜਾਨ ਵੀ ਸ਼ਾਮਲ ਹੈ, ਜਿਸ ਨੂੰ ਗੰਭੀਰ ਹਾਲਤ ਦੇ ਮੱਦੇਨਜ਼ਰ ਵਿਸ਼ੇਸ਼ ਇਲਾਜ ਲਈ ਜੰਮੂ ਰੈਫਰ ਕਰ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਤੇ ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗ਼ੁਲਾਮ ਨਬੀ ਆਜ਼ਾਦ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। -ਪੀਟੀਆਈ