ਸ਼ਰਧਾਲੂਆਂ ਨਾਲ ਭਰਿਆ ਟੈਂਪੂ ਨਹਿਰ ’ਚ ਡਿੱਗਿਆ, 8 ਮੌਤਾਂ
ਇਥੋਂ ਨੇੜਲੇ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਟੈਂਪੂ ਡਿੱਗਣ ਕਾਰਨ ਘੱਟੋ-ਘੱਟੋ 8 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਦੋ ਲਾਪਤਾ ਹਨ। ਮ੍ਰਿਤਕਾਂ ਦੀ ਪਛਾਣ ਮਨਜੀਤ ਕੌਰ (58), ਜਰਨੈਲ ਸਿੰਘ (55), ਕ੍ਰਿਸ਼ਨਾ ਕੌਰ (60), ਅਕਾਸ਼ਦੀਪ ਸਿੰਘ (8), ਕਮਲਜੀਤ ਕੌਰ (25), ਮਹਿੰਦਰ ਕੌਰ (23), ਅਰਸ਼ਦੀਪ ਕੌਰ (4) ਤੇ ਸੁਖਮਨ ਕੌਰ (ਡੇਢ ਸਾਲ) ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਕੇਸਰ ਸਿੰਘ (70) ਅਤੇ ਗੁਰਪ੍ਰੀਤ ਸਿੰਘ (35) ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਪੀੜਤ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਾਣਕਵਾਲ ਦੇ ਰਹਿਣ ਵਾਲੇ ਸਨ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੈਂਪੂ ਵਿੱਚ ਬੱਚਿਆਂ ਸਮੇਤ ਕੁੱਲ 29 ਵਿਅਕਤੀ ਸਵਾਰ ਸਨ, ਜਿਨ੍ਹਾਂ ’ਚੋਂ 19 ਨੂੰ ਬਚਾਅ ਲਿਆ ਗਿਆ ਹੈ। ਇਹ ਸਾਰੇ ਸ਼ਰਧਾਲੂ ਟੈਂਪੂ (ਪੀਬੀ 5ਏ ਐੱਨ5072) ਰਾਹੀਂ ਨੈਣਾ ਦੇਵੀ ਮੰਦਰ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਬੀਤੀ ਰਾਤ ਟੈਂਪੂ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਿਆ। ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਤੇ ਖੰਨਾ ਦੀ ਐੱਸਐੱਸਪੀ ਡਾ. ਜਯੋਤੀ ਯਾਦਵ ਦੀ ਅਗਵਾਈ ਹੇਠ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦੌਰਾਨ ਕੁੱਲ 19 ਵਿਅਕਤੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਹੈ। ਖਬਰ ਲਿਖੇ ਜਾਣ ਤੱਕ ਪਾਇਲ ਦੇ ਡੀਐੱਸਪੀ ਹੇਮੰਤ ਮਲਹੋਤਰਾ ਦੀ ਨਿਗਰਾਨੀ ਹੇਠ ਗੋਤਾਖੋਰ ਬਾਕੀਆਂ ਦੀ ਭਾਲ ਕਰ ਰਹੇ ਸਨ।