Temple town horror: ਪੁਲੀਸ ਨੇ ਸਮੂਹਿਕ ‘ਕਬਰਗਾਹ’ ਵਿਚੋਂ ਕੱਢੇ ਸ਼ੱਕੀ ਜਬਰ-ਜਨਾਹ ਪੀੜਤਾਂ ਦੇ ਅਵਸ਼ੇਸ਼; ਫੋਰੈਂਸਿਕ ਜਾਂਚ ਜਾਰੀ
ਇੱਕ ਮੰਦਰ ਦੇ ਸਾਬਕਾ ਸਫਾਈ ਸੇਵਕ ਦਾ ਦਾਅਵਾ: ਮੈਨੂੰ ਮੰਦਰ ਪ੍ਰਬੰਧਕਾਂ ਨੇ ਦੋ ਦਹਾਕਿਆਂ ਤੱਕ ਸੈਂਕੜੇ ਲਾਸ਼ਾਂ ਨੂੰ ਦਫ਼ਨਾਉਣ ਲਈ ਕੀਤਾ ਮਜਬੂਰ; ਬਹੁਤਿਆਂ ਲਾਸ਼ਾਂ ’ਤੇ ਸਨ ਜਿਨਸੀ ਹਮਲੇ ਦੇ ਨਿਸ਼ਾਨ
ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਨੇ ਦੇਸ਼ ਦੇ ਦੱਖਣੀ ਖ਼ਿੱਤੇ ਵਿੱਚ ਇੱਕ ਮੰਦਰ ਕਸਬੇ ਵਿੱਚ ਖੁਦਾਈ ਕਰ ਕੇ ਮਨੁੱਖੀ ਅਸਥੀਆਂ ਕੱਢੀਆਂ ਹਨ। ਇਹ ਕਾਰਵਾਈ ਇਨ੍ਹਾਂ ਦੋਸ਼ਾਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ ਕਿ 1990ਵਿਆਂ ਦੇ ਅੱਧ ਤੋਂ ਉੱਥੇ ਸੈਂਕੜੇ ਕਤਲ ਅਤੇ ਬਲਾਤਕਾਰ ਪੀੜਤਾਂ ਔਰਤਾਂ ਨੂੰ ਚੁੱਪ-ਚੁਪੀਤੇ ਦਫ਼ਨਾਇਆ ਗਿਆ ਸੀ।
ਇਹ ਜਾਂਚ ਧਰਮਸਥਲ (Dharmasthala) 'ਤੇ ਕੇਂਦਰਿਤ ਹੈ, ਜੋ ਮੁਲਕ ਦੇ ਦੱਖਣੀ ਸੂਬੇ ਕਰਨਾਟਕ ਵਿੱਚ ਹਿੰਦੂ ਦੇਵਤਾ ਸ਼ਿਵ ਜੀ ਨੂੰ ਸਮਰਪਿਤ 800 ਸਾਲ ਪੁਰਾਣਾ ਮੰਦਰ ਹੈ।
ਮੰਦਰ ਦੇ ਇੱਕ ਸਾਬਕਾ ਸਫਾਈ ਸੇਵਕ ਨੇ ਪਿਛਲੇ ਮਹੀਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਨੂੰ ਦੋ ਦਹਾਕਿਆਂ ਦੌਰਾਨ ਉੱਚ ਅਧਿਕਾਰੀਆਂ ਵੱਲੋਂ ਸੈਂਕੜੇ ਲਾਸ਼ਾਂ ਦਾ ਨਿਬੇੜਾ ਕਰਨ ਲਈ ਗੁਪਤ ਢੰਗ ਨਾਲ ਦਫਨਾਉਣ ਵਾਸਤੇ ਮਜਬੂਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਅਤੇ ਕੁੜੀਆਂ ਸਨ। ਇਨ੍ਹਾਂ ਵਿਚੋਂ ਬਹੁਤੀਆਂ ਲਾਸ਼ਾ ਉਤੇ ਜਿਨਸੀ ਹਮਲੇ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ। ਉਸ ਨੇ ਇਹ ਦੋਸ਼ 4 ਜੁਲਾਈ ਦੀ ਪੁਲੀਸ ਸ਼ਿਕਾਇਤ ਵਿੱਚ ਲਗਾਏ ਸਨ।
ਇਸ ਸਫ਼ਾਈ ਸੇਵਕ ਦੀ ਪਛਾਣ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਹੈ। ਉਹ 2014 ਵਿੱਚ ਧਰਮਸਥਲਾ ਤੋਂ ਭੱਜ ਗਿਆ ਸੀ, ਜਿਸ ਦਾ ਕਹਿਣਾ ਹੈ ਕਿ ਉਹ ਆਪਣੇ ਮਨ ਉਤੇ ਪੈ ਰਹੇ ਪਛਤਾਵੇ ਦੀ ਭਾਰ ਕਾਰਨ ਹੁਣ ਇਸ ਬਾਰੇ ਬੋਲਣ ਲਈ ਮਜਬੂਰ ਹੋਇਆ ਹੈ।
ਉਸ ਨੇ ਸ਼ਿਕਾਇਤ ਵਿੱਚ ਲਿਖਿਆ, "ਜੇ ਹੁਣ ਕੱਢੇ ਗਏ ਮਨੁੱਖੀ ਪਿੰਜਰਾਂ ਦਾ ਸਤਿਕਾਰਤ ਢੰਗ ਨਾਲ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੁਖੀ ਆਤਮਾਵਾਂ ਨੂੰ ਸ਼ਾਂਤੀ ਮਿਲੇਗੀ ਅਤੇ ਮੇਰੀ ਅਪਰਾਧ-ਬੋਧ ਦੀ ਭਾਵਨਾ ਵੀ ਘਟ ਸਕਦੀ ਹੈ।’’
ਪੁਲੀਸ ਨੇ ਸੰਪਰਕ ਕੀਤੇ ਜਾਣ ’ਤੇ ਇਸ ਸਬੰਧੀ ਸਵਾਲਾਂ ਦਾ ਫ਼ੌਰੀ ਤੌਰ ’ਤੇ ਕੋਈ ਜਵਾਬ ਨਹੀਂ ਦਿੱਤਾ। ਮੰਦਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਇਸ ਸਬੰਧੀ ਪੂਰੀ ਜਾਂਚ ਦਾ ਸਵਾਗਤ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਪੁਲੀਸ "ਸੱਚੇ ਤੱਥਾਂ ਨੂੰ ਸਾਹਮਣੇ ਲਿਆਏਗੀ"।
ਸ਼ਿਕਾਇਤ ਵਿੱਚ, ਸਾਬਕਾ ਸਫਾਈ ਕਰਮਚਾਰੀ ਨੇ ਮੰਦਰ ਦੇ ਅਧਿਕਾਰੀਆਂ 'ਤੇ ਲਾਸ਼ਾਂ ਦਾ ਨਿਪਟਾਰਾ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਅਤੇ ਪੁਲੀਸ ਨੂੰ ਕਿਹਾ ਕਿ ਜੇ ਉਹ ਉਸਦੀ ਅਤੇ ਉਸਦੇ ਪਰਿਵਾਰ ਦੀ ਰੱਖਿਆ ਕਰਦੇ ਹਨ ਤਾਂ ਉਹ ਅਧਿਕਾਰੀਆਂ ਦਾ ਨਾਮ ਵੀ ਦੱਸ ਦੇਵੇਗਾ।
ਕਰਨਾਟਕ ਦੇ ਗ੍ਰਹਿ ਮੰਤਰੀ ਨੇ ਸੋਮਵਾਰ ਨੂੰ ਰਾਜ ਵਿਧਾਨ ਸਭਾ ਨੂੰ ਦੱਸਿਆ ਕਿ ਸਫ਼ਾਈ ਕਰਮੀ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਸਾਬਕਾ ਸਫਾਈ ਕਰਮਚਾਰੀ ਨੇ ਕਿਹਾ ਕਿ ਉਸਨੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਇੱਕ ਦਫ਼ਨਾਉਣ ਵਾਲੀ ਥਾਂ ਤੋਂ ਗੁਪਤ ਰੂਪ ਵਿੱਚ ਇੱਕ ਪਿੰਜਰ ਕੱਢਿਆ ਸੀ।
ਜਾਂਚ ਤੋਂ ਜਾਣੂ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਅਨੁਸਾਰ ਕਰਨਾਟਕ ਸਰਕਾਰ ਵੱਲੋਂ ਬਣਾਈ ਗਈ ਇੱਕ ਵਿਸ਼ੇਸ਼ ਜਾਂਚ ਟੀਮ ਨੇ ਹੁਣ ਤੱਕ 16 ਸ਼ੱਕੀ ਕਬਰਿਸਤਾਨਾਂ ਵਿੱਚੋਂ ਦੋ ਤੋਂ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਹਨ। ਉਨ੍ਹਾਂ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਕਾਰਨ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ।