Telangana Pharma Plant Blast: ਸਿਗਾਚੀ ਇੰਡਸਟਰੀਜ਼ ਵੱਲੋਂ 40 ਲੋਕਾਂ ਦੀ ਮੌਤ ਦੀ ਪੁਸ਼ਟੀ, 1-1 ਕਰੋੜ ਐਕਸ ਗਰੇਸ਼ੀਆ ਦਾ ਐਲਾਨ
ਹੈਦਰਾਬਾਦ, 2 ਜੁਲਾਈ
ਸਿਗਾਚੀ ਇੰਡਸਟਰੀਜ਼ ਲਿਮਟਿਡ ਨੇ ਬੁੱਧਵਾਰ ਨੂੰ ਕਿਹਾ ਕਿ ਸੰਗਾਰੇਡੀ ਜ਼ਿਲ੍ਹੇ ਦੇ ਪਸ਼ਾਮੈਲਾਰਮ ਪਲਾਂਟ ਵਿੱਚ ਹਾਲ ਹੀ ਵਿੱਚ ਹੋਏ ਧਮਾਕੇ ਅਤੇ ਅੱਗ ਕਾਰਨ ਉਨ੍ਹਾਂ ਦੇ 40 ਕਰਮਚਾਰੀਆਂ ਦੀ ਮੌਤ ਹੋ ਗਈ। ਕੰਪਨੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਐਕਸ ਗਰੇਸ਼ੀਆ ਦਾ ਵੀ ਐਲਾਨ ਕੀਤਾ। ਸੰਗਾਰੇਡੀ ਦੇ ਪੁਲੀਸ ਸੁਪਰਡੈਂਟ ਪਰਿਤੋਸ਼ ਪੰਕਜ ਅਨੁਸਾਰ ਬੁੱਧਵਾਰ ਦੁਪਹਿਰ ਤੱਕ ਅਧਿਕਾਰਤ ਮੌਤਾਂ ਦੀ ਗਿਣਤੀ 38 ਸੀ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਬਹੁਤ ਦੁੱਖ ਨਾਲ ਅਸੀਂ ਤਿਲੰਗਾਨਾ ਦੇ ਪਸ਼ਾਮੈਲਾਰਮ ਵਿੱਚ ਸਿਗਾਚੀ ਇੰਡਸਟਰੀਜ਼ ਵਿੱਚ ਹੋਏ ਹਾਦਸੇ ਦਾ ਵੇਰਵਾ ਸਾਂਝਾ ਕਰ ਰਹੇ ਹਾਂ, ਜਿਸਦੇ ਨਤੀਜੇ ਵਜੋਂ 40 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 33 ਤੋਂ ਵੱਧ ਜ਼ਖਮੀ ਹੋ ਗਏ।’’
ਸਰਕਾਰੀ ਅਤੇ ਕੰਪਨੀ ਵੱਲੋਂ ਮੁਆਵਜ਼ਾ
ਤਿਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਯਕੀਨੀ ਬਣਾਏਗੀ। ਗੰਭੀਰ ਰੂਪ ਵਿੱਚ ਜ਼ਖਮੀਆਂ ਨੂੰ 10 ਲੱਖ ਰੁਪਏ ਪ੍ਰਤੀ ਵਿਅਕਤੀ ਮਿਲਣਗੇ, ਜਦੋਂ ਕਿ ਮਾਮੂਲੀ ਜ਼ਖਮੀਆਂ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।
ਕੰਪਨੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਹ ਐਮਰਜੈਂਸੀ ਪ੍ਰਤੀਕਿਰਿਆ ਪ੍ਰਬੰਧਨ, ਪਰਿਵਾਰਕ ਸਹਾਇਤਾ ਪ੍ਰਦਾਨ ਕਰਨ ਅਤੇ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਹਾਦਸਾ ਰਿਐਕਟਰ ਧਮਾਕੇ ਕਾਰਨ ਨਹੀਂ ਹੋਇਆ ਸੀ। ਸੰਗਾਰੇਡੀ ਪੁਲਿਸ ਨੇ ਪੀੜਤਾਂ ਵਿੱਚੋਂ ਇੱਕ ਦੇ ਪਰਿਵਾਰਕ ਮੈਂਬਰ ਦੀ ਸ਼ਿਕਾਇਤ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਹੈ। -ਪੀਟੀਆਈ