Telangana Pharma Plant Blast: ਨੌਂ ਵਿਅਕਤੀ ਅਜੇ ਵੀ ਲਾਪਤਾ, ਮਾਹਿਰ ਕਮੇਟੀ ਅੱਜ ਕਰੇਗੀ ਸਾਈਟ ਦਾ ਦੌਰਾ
ਸੰਗਾਰੈੱਡੀ , 3 ਜੁਲਾਈ
ਸਿਗਾਚੀ ਇੰਡਸਟਰੀਜ਼ ਦੇ ਪਾਸ਼ਾਮਾਇਲਾਰਮ ਸਥਿਤ ਫਾਰਮਾ ਪਲਾਂਟ ਵਿੱਚ ਹੋਏ ਧਮਾਕੇ, ਜਿਸ ਵਿੱਚ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ ਅਤੇ 35 ਜ਼ਖਮੀ ਹੋ ਗਏ ਸਨ, ਵਿੱਚ ਅਜੇ ਵੀ ਨੌਂ ਲੋਕ ਲਾਪਤਾ ਹਨ ਅਤੇ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਐੱਸਪੀ ਪਰਿਤੋਸ਼ ਪੰਕਜ ਨੇ ਵੀਰਵਾਰ ਨੂੰ ਦਿੱਤੀ।
ਇਸ ਦੌਰਾਨ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਘਟਨਾਵਾਂ ਦੇ ਕ੍ਰਮ ਨੂੰ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਮਾਹਿਰ ਕਮੇਟੀ ਦੇ ਵੀਰਵਾਰ ਨੂੰ ਸਾਈਟ ਦਾ ਦੌਰਾ ਕਰਨ ਦੀ ਉਮੀਦ ਹੈ। ਇਹ ਕਮੇਟੀ ਇੱਕ ਮਹੀਨੇ ਦੇ ਸਮੇਂ ਅੰਦਰ ਖਾਸ ਸੁਝਾਅ ਅਤੇ ਸਿਫਾਰਸ਼ਾਂ ਦੇ ਨਾਲ ਇੱਕ ਵਿਸਤ੍ਰਿਤ ਰਿਪੋਰਟ ਸਰਕਾਰ ਨੂੰ ਸੌਂਪੇਂਗੀ। ਕਮੇਟੀ ਦੀ ਅਗਵਾਈ ਸੀ.ਐੱਸ.ਆਈ.ਆਰ.-ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਤਕਨਾਲੋਜੀ ਦੇ ਐਮਰੀਟਸ ਸਾਇੰਟਿਸਟ ਡਾ. ਬੀ. ਵੈਂਕਟੇਸ਼ਵਰ ਰਾਓ ਕਰਨਗੇ।
ਜ਼ਿਲ੍ਹੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਕੁਝ ਜ਼ਖਮੀਆਂ ਨੂੰ ਅੱਜ ਛੁੱਟੀ ਮਿਲਣ ਦੀ ਸੰਭਾਵਨਾ ਹੈ। ਐੱਸਪੀ ਪੰਕਜ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, ‘‘ਮਰਨ ਵਾਲਿਆਂ ਦੀ ਗਿਣਤੀ 38 ਹੀ ਹੈ, ਨੌਂ ਲੋਕ ਲਾਪਤਾ ਹਨ। ਪਰ ਸ਼ਾਇਦ ਅੱਜ ਜਾਂ ਕੱਲ੍ਹ ਜਦੋਂ ਸਾਨੂੰ ਐੱਫ.ਐੱਸ.ਐੱਲ. (ਫੋਰੈਂਸਿਕ ਸਾਇੰਸ ਲੈਬ) ਤੋਂ ਹੱਡੀਆਂ ਅਤੇ ਹੋਰ ਚੀਜ਼ਾਂ ਦੀਆਂ ਰਿਪੋਰਟਾਂ ਮਿਲ ਜਾਣਗੀਆਂ, ਤਾਂ ਗਿਣਤੀ ਪਤਾ ਚੱਲ ਸਕੇਗੀ।"
ਉਨ੍ਹਾਂ ਕਿਹਾ ਕਿ 90 ਫੀਸਦੀ ਮਲਬਾ ਹਟਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੋਰ ਲਾਸ਼ਾਂ ਮਿਲਣ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੁਝ ਮਨੁੱਖੀ ਅੰਗ ਮਿਲ ਸਕਦੇ ਹਨ ਅਤੇ ਜਦੋਂ ਵੀ ਉਹ ਮਿਲਣਗੇ, ਉਨ੍ਹਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਸਿਗਾਚੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ