ਤੇਜਸਵੀ ਯਾਦਵ ਵੋਟਰ ਪਛਾਣ ਪੱਤਰ ਜਾਂਚ ਲਈ ਸੌਂਪਣ: ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਅੱਜ ਆਰਜੇਡੀ ਆਗੂ ਤੇਜਸਵੀ ਯਾਦਵ RJD leader Tejashwi Yadav ਨੂੰ ਉਹ ਵੋਟਰ ਪਛਾਣ ਪੱਤਰ ‘ਜਾਂਚ ਲਈ ਸੌਂਪਣ’ ਵਾਸਤੇ ਕਿਹਾ ਹੈ ਜਿਸ ਬਾਰੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਉਨ੍ਹਾਂ ਕੋਲ ਹੈ, ਜਦਕਿ ਉਹ ‘ਅਧਿਕਾਰਤ ਤੌਰ ’ਤੇ ਜਾਰੀ ਨਹੀਂ ਕੀਤਾ ਗਿਆ’ ਸੀ। ਆਰਜੇਡੀ ਆਗੂ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਬਿਹਾਰ ’ਚ ਐੱਸਆਈਆਰ ਤਹਿਤ ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਵੋਟਰ ਸੂਚੀ ਦੇ ਖਰੜੇ ’ਚ ਉਨ੍ਹਾਂ ਦਾ ਨਾਂ ਨਹੀਂ ਹੈ। ਸਬੰਧਤ ਅਧਿਕਾਰੀਆਂ ਵੱਲੋਂ ਇਸ ਦਾ ਖੰਡਨ ਕੀਤੇ ਜਾਣ ’ਤੇ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦਾ ਵੋਟਰ ਪਛਾਣ ਪੱਤਰ ਨੰਬਰ ਬਦਲਿਆ ਗਿਆ ਸੀ।
ਤੇਜਸਵੀ ਯਾਦਵ ਨੂੰ ਲਿਖੇ ਪੱਤਰ ’ਚ ਪਟਨਾ ਸਦਰ ਦੇ ਐੱਸਡੀਐੱਮ ਤੇ ਚੋਣ ਰਜਿਸਟਰੇਸ਼ਨ ਅਫਸਰ ਨੇ ਕਿਹਾ, ‘ਸਾਡੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋ ਅਗਸਤ ਨੂੰ ਪ੍ਰੈੱਸ ਕਾਨਫਰੰਸ ’ਚ ਤੁਸੀਂ ਜਿਸ ਈਪੀਆਈਸੀ ਨੰਬਰ ਦਾ ਜ਼ਿਕਰ ਕੀਤਾ ਸੀ, ਉਹ ਅਧਿਕਾਰਤ ਤੌਰ ’ਤੇ ਜਾਰੀ ਨਹੀਂ ਕੀਤਾ ਗਿਆ ਸੀ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਵਿਸਥਾਰਤ ਜਾਂਚ ਲਈ ਈਪੀਆਈਸੀ ਕਾਰਡ ਦੀ ਮੂਲ ਕਾਪੀ ਸਾਨੂੰ ਸੌਂਪੀ ਜਾਵੇ।’ ਇਸ ਮਗਰੋਂ ਆਰਜੇਡੀ ਆਗੂ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਈਪੀਆਈਸੀ ਨੰਬਰ ਬਦਲ ਦਿੱਤਾ ਗਿਆ ਹੈ ਪਰ ਜ਼ਿਲ੍ਹਾ ਮੈਜਿਸਟਰੇਟ ਤਿਆਗਰਾਜ ਐੱਸਐੱਮ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। ਜ਼ਿਲ੍ਹਾ ਅਧਿਕਾਰੀ ਨੇ ਕਿਹਾ, ‘ਵੋਟਰ ਸੂਚੀ ’ਚ ਈਪੀਆਈਸੀ ਨੰਬਰ ਉਹੀ ਹੈ ਜੋ ਵਿਰੋਧੀ ਧਿਰ ਦੇ ਮਾਣਯੋਗ ਆਗੂ ਨੇ 2020 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਹਲਫਨਾਮੇ ’ਚ ਪੇਸ਼ ਕੀਤਾ ਸੀ। ਜੇ ਉਨ੍ਹਾਂ ਕੋਲ ਕਿਸੇ ਹੋਰ ਨੰਬਰ ਵਾਲਾ ਕੋਈ ਹੋਰ ਈਪੀਆਈਸੀ ਕਾਰਡ ਵੀ ਹੈ ਤਾਂ ਇਹ ਜਾਂਚ ਦਾ ਵਿਸ਼ਾ ਹੈ।’