ਲਾਲੂ ਦੇ ‘ਪਾਪ’ ਲੁਕੋਣ ਦੀ ਕੋਸ਼ਿਸ਼ ਕਰ ਰਿਹੈ ਤੇਜਸਵੀ: ਮੋਦੀ
ਆਰ ਜੇ ਡੀ ’ਤੇ ਬਿਹਾਰ ਦੇ ਵਿਕਾਸ ਪ੍ਰਾਜੈਕਟਾਂ ਨੂੰ ਰੁਕਵਾੳੁਣ ਦਾ ਲਾਇਆ ਦੋਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ‘ਇੰਡੀਆ’ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਤੇਜਸਵੀ ਯਾਦਵ ਆਪਣੇ ਪਿਤਾ ਲਾਲੂ ਪ੍ਰਸਾਦ ਦੇ ‘ਪਾਪਾਂ ਨੂੰ ਲੁਕੋਣ’ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤੇਜਸਵੀ ਆਰ ਜੇ ਡੀ ਦੇ ਚੁਣਾਵੀ ਪੋਸਟਰਾਂ ਦੇ ਇਕ ਨੁੱਕਰ ’ਚ ਆਪਣੇ ਪਿਤਾ ਦੀਆਂ ਤਸਵੀਰਾਂ ਲਗਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਰਾਜ ਸਮੇਂ ਹੋਏ ਗਲਤ ਕੰਮਾਂ ਨੂੰ ਛੁਪਾਇਆ ਜਾ ਸਕੇ। ਕਟਿਹਾਰ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪਿਤਾ-ਪੁੱਤਰ ਦਾ ਨਾਮ ਲਏ ਬਿਨਾਂ ਤੇਜਵਸੀ ਨੂੰ ‘ਜੰਗਲਰਾਜ ਦੇ ਯੁਵਰਾਜ’ ਵਜੋਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਰਾਸ਼ਟਰੀ ਜਨਤਾ ਦਲ ’ਤੇ ਬਿਹਾਰ ਦੇ ਸਭ ਤੋਂ ਭ੍ਰਿਸ਼ਟ ਪਰਿਵਾਰ ਦਾ ਕਬਜ਼ਾ ਹੈ ਜਦਕਿ ਉਸ ਦੀ ਭਾਈਵਾਲ ਕਾਂਗਰਸ ਨੂੰ ਦੇਸ਼ ਦਾ ਸਭ ਤੋਂ ਭ੍ਰਿਸ਼ਟ ਪਰਿਵਾਰ ਚਲਾ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਆਰ ਜੇ ਡੀ ਨੇ ਕਾਂਗਰਸ ਦੇ ਸਿਰ ’ਤੇ ‘ਕੱਟਾ’ ਰੱਖ ਕੇ ਯਾਦਵ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰੀ ’ਤੇ ਮੋਹਰ ਲਗਵਾਈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ (ਕਾਂਗਰਸ) ਆਪਣੀ ਭਾਈਵਾਲ (ਆਰ ਜੇ ਡੀ) ਨੂੰ ਵਿਧਾਨ ਸਭਾ ਚੋਣਾਂ ’ਚ ਠਿੱਬੀ ਲਗਾਉਣ ਦੀਆਂ ਕੋਸ਼ਿਸ਼ਾਂ ’ਚ ਹੈ। ਇਸ ਤੋਂ ਪਹਿਲਾਂ ਸਹਿਰਸਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਆਰ ਜੇ ਡੀ ਨੇ ਕੇਂਦਰ ਦੀ ਤਤਕਾਲੀ ਯੂ ਪੀ ਏ ਸਰਕਾਰ ’ਤੇ ਦਬਾਅ ਪਾ ਕੇ ਬਿਹਾਰ ’ਚ ਵਿਕਾਸ ਪ੍ਰਾਜੈਕਟਾਂ ਨੂੰ ਰੁਕਵਾਇਆ ਸੀ। ਉਨ੍ਹਾਂ ਕਿਹਾ ਕਿ ਐੱਨ ਡੀ ਏ ਵਿਕਾਸ ਅਤੇ ਜੰਗਲਰਾਜ ਵਾਲੇ ‘ਵਿਨਾਸ਼’ ਦੀ ਸਿਆਸਤ ਕਰਦੇ ਹਨ। ਮੁਸਲਮਾਨਾਂ ਦੀ ਵੱਡੀ ਆਬਾਦੀ ਵਾਲੇ ਇਲਾਕੇ ’ਚ ਸ੍ਰੀ ਮੋਦੀ ਨੇ ਆਰ ਜੇ ਡੀ-ਕਾਂਗਰਸ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਰਵੱਈਆ ਘੁਸਪੈਠੀਆਂ ਪ੍ਰਤੀ ਹਮੇਸ਼ਾ ਨਰਮ ਰਿਹਾ ਹੈ। -ਪੀਟੀਆਈ
ਪ੍ਰਾਈਵੇਟ ਸੈਕਟਰ ਲਈ ਇਕ ਲੱਖ ਕਰੋੜ ਦੇ ਫੰਡ ਦਾ ਆਗ਼ਾਜ਼
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੋਜ ਅਤੇ ਵਿਕਾਸ ’ਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਇਕ ਲੱਖ ਕਰੋੜ ਰੁਪਏ ਦੇ ਫੰਡ ਦੀ ਸੋਮਵਾਰ ਨੂੰ ਸ਼ੁਰੂਆਤ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਹੁਣ ਵਧੇਰੇ ਜੋਖਮ ਅਤੇ ਵਧ ਅਸਰ ਵਾਲੇ ਪ੍ਰਾਜੈਕਟਾਂ ਦੀ ਹਮਾਇਤ ਕਰ ਰਹੀ ਹੈ। ਉੱਭਰਦੇ ਸਾਇੰਸ, ਤਕਨਾਲੋਜੀ ਅਤੇ ਇਨੋਵੇਸ਼ਨ ਸੰਮੇਲਨ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਪ੍ਰਬੰਧ ’ਚ ਨਵਾਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਦਲਾਅ ਦੀ ਰਫ਼ਤਾਰ ਬਹੁਤ ਤੇਜ਼ ਹੈ। -ਪੀਟੀਆਈ

