ਤੇਜਸ ਜਹਾਜ਼ ਹਾਦਸਾ: ਵਿੰਗ ਕਮਾਂਡਰ Namansh Syal ਦਾ ਹੋਇਆ ਸੰਸਕਾਰ
ਸਕਰਾਰੀ ਸਨਮਾਨਾਂ ਦੇ ਨਾਲ ਵਿੰਗ ਕਮਾਂਡਰ ਸਿਆਲ ਨੂੰ ਦਿੱਤੀ ਗਈ ਅੰਤਿਮ ਵਿਦਾਈ; ਹਰ ਪਾਸੇ ਸੋਗ ਦੀ ਲਹਿਰ
ਵਿੰਗ ਕਮਾਂਡਰ Namansh Syal ਜਿਨ੍ਹਾਂ ਨੇ ਦੁਬਈ ਏਅਰ ਸ਼ੋਅ ਦੌਰਾਨ ਤੇਜਸ ਲੜਾਕੂ ਜਹਾਜ਼ ਦੇ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ , ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਪਟਿਆਲਕਰ, ਕਾਂਗੜਾ ਵਿੱਖੇ ਕੀਤਾ ਗਿਆ।
ਸਿਆਲ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਵਿੰਗ ਕਮਾਂਡਰ ਸਿਆਲ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਪਿੰਡ ਵਾਸੀਆਂ ਨੇ ਆਪਣੇ ਇੱਕ ਹੀਰੇ ਦੇ ਗੁਆਚ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
34 ਸਾਲਾ ਫਾਈਟਰ ਪਾਇਲਟ ਨਮਨਸ਼ ਇੱਕ ਸਮਰਪਿਤ ਅਧਿਕਾਰੀ ਅਤੇ ਇੱਕ ਸ਼ਾਨਦਾਰ ਅਥਲੀਟ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਫ਼ਸ਼ਾਨ, ਜੋ ਕਿ ਖੁਦ ਵੀ ਭਾਰਤੀ ਹਵਾਈ ਸੈਨਾ ਦੀ ਅਧਿਕਾਰੀ ਹਨ, ਉਨ੍ਹਾਂ ਦੀ ਛੇ ਸਾਲਾਂ ਦੀ ਬੇਟੀ ਆਰਿਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸ਼ਾਮਲ ਹਨ। ਭਾਰਤੀ ਹਵਾਈ ਸੈਨਾ ਨੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।
ਪੰਕਜ ਚੱਢਾ, ਜੋ ਵਿੰਗ ਕਮਾਂਡਰ ਸਿਆਲ ਦੇ ਨਾਲ ਇੱਕੋ ਸਕੂਲ ਵਿੱਚ ਪੜ੍ਹੇ ਸਨ, ਨੇ ਕਿਹਾ, “ਮੈਂ ਵੀ Namansh ਦੇ ਨਾਲ ਉਸੇ ਸਕੂਲ, ਸੈਨਿਕ ਸਕੂਲ ਸੁਜਾਨਪੁਰ ਟੀਰਾ ਵਿੱਚ ਪੜ੍ਹਿਆ ਹਾਂ। ਅਸੀਂ ਆਪਣਾ ਇੱਕ ਹੀਰਾ ਗੁਆ ਲਿਆ ਹੈ। ਉਹ ਸਾਡੇ ਸਕੂਲ ਦਾ ਮਾਣ ਸਨ। ”
ਸਥਾਨਕ ਨਿਵਾਸੀ ਸੰਦੀਪ ਕੁਮਾਰ ਨੇ ਕਿਹਾ, “ ਅਸੀਂ ਨਮਨਸ਼ ਦੇ ਪਿੰਡ ਪਟਿਆਲਕਰ ਦੇ ਹੀ ਹਾਂ। ਸਾਡੇ ਪਿੰਡ ਵਿੱਚ ਹਰ ਕੋਈ ਦੁਖੀ ਹੈ। ਉਹ ਸਾਡੇ ਛੋਟੇ ਭਰਾ ਵਰਗਾ ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਸਾਡੇ ਕੋਲ ਸ਼ਬਦ ਨਹੀਂ ਹਨ। ਅਸੀਂ ਉਨ੍ਹਾਂ ਨੂੰ 3-4 ਮਹੀਨੇ ਪਹਿਲਾਂ ਮਿਲੇ ਸੀ ਜਦੋਂ ਉਹ ਸਾਡੇ ਪਿੰਡ ਆਏ ਸਨ।”
ਜ਼ਿਕਰਯੋਗ ਹੈ ਕਿ ਇਹ ਹਾਦਸਾ 21 ਨਵੰਬਰ 2025 ਨੂੰ ਹੋਇਆ ਸੀ ਜਦੋਂ ਭਾਰਤੀ ਹਵਾਈ ਸੈਨਾ ਨੇ ਦੁਬਈ ਏਅਰ ਸ਼ੋਅ 2025 ਵਿੱਚ ਤੇਜਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ।

