ਅਧਿਆਪਕਾਂ ਨੂੰ ਏ ਆਈ ਯੁੱਗ ਦੀ ਅਗਵਾਈ ਕਰਨ ਦਾ ਸੱਦਾ
‘ਟ੍ਰਿਬਿੳੂਨ ਪ੍ਰਿੰਸੀਪਲਜ਼ ਮੀਟ’ ’ਚ ਹਿਮਾਚਲ ਦੇ 50 ਤੋਂ ਵੱਧ ਪ੍ਰਿੰਸੀਪਲਾਂ ਨੇ ਹਿੱਸਾ ਲਿਆ
‘ਦਿ ਟ੍ਰਿਬਿਊਨ’ ਵੱਲੋਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ‘ਮਸਨੂਈ ਬੌਧਿਕਤਾ (ਏ ਆਈ) ਦੇ ਯੁੱਗ ’ਚ ਸਿੱਖਿਆ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ’ਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵਿਚਾਰ ਪ੍ਰਗਟ ਕੀਤੇ। ‘ਦਿ ਟ੍ਰਿਬਿਊਨ ਪ੍ਰਿੰਸੀਪਲਜ਼ ਮੀਟ’ ’ਚ ਖ਼ਿੱਤੇ ਦੇ 50 ਤੋਂ ਵੱਧ ਪ੍ਰਿੰਸੀਪਲਾਂ ਨੇ ਸ਼ਮੂਲੀਅਤ ਕਰ ਕੇ ਸਿੱਖਿਆ ਦੇ ਭਵਿੱਖ ਬਾਰੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦਾ ਉਦੇਸ਼ ਅਤਿ ਆਧੁਨਿਕ ਤਕਨਾਲੋਜੀਆਂ ਅਤੇ ਸਿੱਖਿਆ ਵਿਚਾਲੇ ਵੱਡੇ ਫਰਕ ਨੂੰ ਦੂਰ ਕਰਨਾ ਸੀ। ਬੁਲਾਰਿਆਂ ਨੇ ਸਕੂਲਾਂ ਨੂੰ ਏ ਆਈ ਬਿਨਾਂ ਕਿਸੇ ਝਿਜਕ ਦੇ ਅਪਣਾਉਣ ਦੀ ਅਪੀਲ ਕੀਤੀ।
ਚਿਤਕਾਰਾ ਯੂਨੀਵਰਸਿਟੀ ਦੇ ਡਾਇਰੈਕਟਰ (ਆਊਟਰੀਚ) ਸੰਜੀਵ ਦੁਸਾਂਝ ਨੇ ਕਿਹਾ ਕਿ ਏ ਆਈ ਨੇ ਪਹਿਲਾਂ ਹੀ ਜਮਾਤਾਂ ਤੋਂ ਪ੍ਰਸ਼ਾਸਕੀ ਪ੍ਰਕਿਰਿਆਵਾਂ ਤੱਕ ਆਧੁਨਿਕ ਸਿੱਖਿਆ ਪ੍ਰਣਾਲੀਆਂ ਨੂੰ ਜੋੜ ਦਿੱਤਾ ਹੈ। ਮਸਨੂਈ ਬੌਧਿਕਤਾ ਹੁਣ ਰੋਜ਼ਾਨਾ ਦੇ ਅਧਿਆਪਨ ਅਤੇ ਸਿੱਖਣ ਦਾ ਜ਼ਰੀਆ ਬਣ ਗਈ ਹੈ। ਉਂਝ ਉਨ੍ਹਾਂ ਅਧਿਆਪਕਾਂ ਦੀ ਭੂਮਿਕਾ ਨੂੰ ਅਹਿਮ ਦੱਸਿਆ ਅਤੇ ਕਿਹਾ ਕਿ ਮਨੁੱਖੀ ਕਦਰਾਂ-ਕੀਮਤਾਂ ਦਾ ਸਬਕ ਸਿਰਫ਼ ਅਧਿਆਪਕ ਹੀ ਸਿਖਾ ਸਕਦੇ ਹਨ। ਸੈਮੀਨਾਰ ਨਾਲ ਸਿੱਖਿਆ ਦੇ ਭਵਿੱਖ ’ਤੇ ਸਾਰਥਕ ਸੰਵਾਦ ਹੋਇਆ ਹੈ। ਤਕਨਾਲੋਜੀ ਅਤੇ ਏ ਆਈ ਮਾਹਿਰ ਕੁਲਬੀਰ ਸਿੰਘ ਨੇ ਮਸਨੂਈ ਬੌਧਿਕਤਾ ਦੀ ਵੱਧ ਰਹੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸੈਮੀਨਾਰ ਲਈ ‘ਦਿ ਟ੍ਰਿਬਿਊਨ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੇਂ ਸਟਾਰਟਅੱਪ ਰਾਹੀਂ ਉਨ੍ਹਾਂ ਏ ਆਈ ਰਿਸੈਪਸ਼ਨਿਸਟ ਸੇਵਾ ਵੀ ਸ਼ੁਰੂ ਕੀਤੀ ਹੈ। ਸਿੱਖਿਆ ਮਾਹਿਰ ਸ਼ਿਵਾਨੀ ਠਾਕੁਰ ਨੇ ਕਿਹਾ ਕਿ ਹੁਣ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ’ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਹੈ। ਏ ਆਈ ਸਿਰਫ਼ ਸਹਾਇਕ ਹੈ ਅਤੇ ਲੋਕ ਮਾਲਕ ਬਣੇ ਰਹਿਣਗੇ। ਅਧਿਆਪਕਾਂ ਨੂੰ ਤਕਨਾਲੋਜੀ ਤੋਂ ਡਰਨ ਦੀ ਬਜਾਏ ਉਸ ਦਾ ਦੋਸਤ ਬਣਨਾ ਚਾਹੀਦਾ ਹੈ। ਸੈਮੀਨਾਰ ਦੌਰਾਨ ਦਿੱਲੀ ਪਬਲਿਕ ਸਕੂਲ ਕਾਂਗੜਾ ਦੀ ਪ੍ਰਿੰਸੀਪਲ ਮੀਨਾਕਸ਼ੀ, ਡੀ ਏ ਵੀ ਸਕੂਲ ਸ਼ਾਹਪੁਰ ਦੇ ਪ੍ਰਿੰਸੀਪਲ ਵਿਸ਼ਾਲ ਕਟੋਚ, ਜੀ ਏ ਵੀ ਸੀਨੀਅਰ ਕੰਟਰੀ ਸਕੂਲ ਕਾਂਗੜਾ ਦੇ ਬ੍ਰਜੇਸ਼ ਗੁਪਤਾ, ਡੀ ਵਾਈ ਪਟਿਆਲਾ ਇੰਟਰਨੈਸ਼ਨਲ ਸਕੂਲ ਕਾਂਗੜਾ ਦੇ ਪ੍ਰਿੰਸੀਪਲ ਅਰੁਣ ਚੌਹਾਨ, ਰੇਨਬੋਅ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਛਵੀ ਕਸ਼ਯਪ, ਡੀ ਏ ਵੀ ਸਕੂਲ ਜਵਾਲਾ ਜੀ ਦੇ ਪ੍ਰਿੰਸੀਪਲ ਸੁਰਜੀਤ ਰਾਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਾ ਕਾ ਤਲਾਬ ਕਾਂਗੜਾ ਦੇ ਵਾਈਸ ਪ੍ਰਿੰਸੀਪਲ ਰਾਹੁਲ ਦੇਵ ਕੌਸ਼ਲ ਅਤੇ ਹੋਰਾਂ ਨੇ ਵੀ ਆਪਣੇ ਵਿਚਾਰ ਰੱਖੇ।

