ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਘਰੇਲੂ ਰੱਖਿਆ ਉਤਪਾਦਨ 100 ਫ਼ੀਸਦ ਤੱਕ ਲਿਜਾਣ ਬਾਰੇ ਵਿਚਾਰ ਕਰ ਰਿਹਾ ਹੈ ਕਿਉਂਕਿ ਵਿਦੇਸ਼ੀ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ’ਤੇ ਨਿਰਭਰਤਾ ‘ਰਣਨੀਤਕ ਕਮਜ਼ੋਰੀ’ ਪੈਦਾ ਕਰਦੀ ਹੈ। ਰੱਖਿਆ ਮੰਤਰੀ ਨੇ ਇਹ ਗੱਲ ਤੇਜਸ ਲਾਈਟ ਕੰਬੈਟ ਏਅਰਕ੍ਰਾਫਟ (ਐੱਲ ਸੀ ਏ)-ਐੱਮ ਕੇ1ਏ ਦੀ ਤੀਜੀ ਉਤਪਾਦਨ ਲਾਈਨ ਅਤੇ ਟਰੇਨਰ ਜੈੱਟ ਐੱਚ ਟੀ ਟੀ-40 ਦੇ ਦੂਜੇ ਮੈਨੂਫੈਕਚਰਿੰਗ ਕੰਪਲੈਕਸ ਦਾ ਉਦਘਾਟਨ ਕਰਨ ਮਗਰੋਂ ਆਖੀ। ਤੇਜਸ ਜੈੱਟਾਂ ਦੇ ਨਿਰਮਾਣ ਦਾ ਨਵਾਂ ਕੇਂਦਰ ਖੁੱਲ੍ਹਣ ਨਾਲ ਹਿੰਦੋਸਤਾਨ ਐਰੋਨੌਟਿਕਸ ਲਿਮਟਿਡ (ਐੱਚ ਏ ਐੱਲ) ਵੱਲੋਂ ਘੱਟੋ-ਘੱਟ 24 ਐੱਲ ਸੀ ਏ ਏਅਰਕ੍ਰਾਫਟ ਤਿਆਰ ਕੀਤੇ ਜਾਣ ਦੀ ਆਸ ਹੈ। ਆਪਣੇ ਸੰਬੋਧਨ ’ਚ ਰਾਜਨਾਥ ਸਿੰਘ ਨੇ ਕਿਹਾ, ‘‘ਕੋਈ ਸਮਾਂ ਸੀ ਜਦੋਂ ਮੁਲਕ ਨੂੰ ਆਪਣੀਆਂ ਰੱਖਿਆ ਜ਼ਰੂਰਤਾਂ ਪੂਰੀਆਂ ਕਰਨ ਲਈ ਹੋਰ ਮੁਲਕਾਂ ’ਤੇ ਨਿਰਭਰ ਰਹਿਣਾ ਪੈਂਦਾ ਸੀ, ਕਰੀਬ 65 ਤੋਂ 70 ਫ਼ੀਸਦ ਰੱਖਿਆ ਸਾਜ਼ੋ-ਸਾਮਾਨ ਦਰਾਮਦ ਕੀਤਾ ਜਾਂਦਾ ਸੀ, ਪਰ ਅੱਜ ਹਾਲਾਤ ਬਦਲ ਗਏ ਹਨ। ਹੁਣ ਭਾਰਤ 65 ਫ਼ੀਸਦ ਮੈਨੂਫੈਕਚਰਿੰਗ ਆਪਣੀ ਹੀ ਧਰਤੀ ’ਤੇ ਕਰ ਰਿਹਾ ਹੈ। ਬਹੁਤ ਛੇਤੀ ਅਸੀਂ ਆਪਣਾ ਘਰੇਲੂ ਉਤਪਾਦਨ 100 ਫ਼ੀਸਦ ਤੱਕ ਪਹੁੰਚਾ ਦੇਵਾਂਗੇ।’’ ਮੁਲਕ ਦੀ ਰੱਖਿਆ ਬਰਾਮਦਗੀ ਰਿਕਾਰਡ 25 ਹਜ਼ਾਰ ਕਰੋੜ ਰੁਪਏ ’ਤੇ ਪਹੁੰਚਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ ਕੁਝ ਵਰ੍ਹਿਆਂ ’ਚ ਬਰਾਮਦਗੀ ਇਕ ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਸੀ। ਹੁਣ ਸਰਕਾਰ ਨੇ 2029 ਤੱਕ ਘਰੇਲੂ ਰੱਖਿਆ ਮੈਨੂਫੈਕਚਰਿੰਗ ’ਚ ਤਿੰਨ ਲੱਖ ਕਰੋੜ ਰੁਪਏ ਅਤੇ ਰੱਖਿਆ ਬਰਾਮਦਗੀ ’ਚ 50 ਹਜ਼ਾਰ ਕਰੋੜ ਰੁਪਏ ਹਾਸਲ ਕਰਨ ਦਾ ਟੀਚਾ ਰੱਖਿਆ ਹੈ।
+
Advertisement
Advertisement
Advertisement
Advertisement
×