ਤਾਮਿਲਨਾਡੂ ਭਗਦੜ: ਮ੍ਰਿਤਕਾਂ ਦੀ ਗਿਣਤੀ 40 ਹੋਈ
ਮਰਨ ਵਾਲਿਆਂ ਵਿੱਚ ਨੌਂ ਬੱਚੇ ਤੇ 17 ਅੌਰਤਾਂ ਸ਼ਾਮਲ; 67 ਹੋਰ ਵਿਅਕਤੀ ਜ਼ੇਰੇ ਇਲਾਜ; ਟੀ ਵੀ ਕੇ ਵੱਲੋਂ ਸੀ ਬੀ ਆੲੀ ਜਾਂਚ ਦੀ ਮੰਗ ਨੂੰ ਲੈ ਕੇ ਹਾੲੀ ਕੋਰਟ ਦਾ ਰੁਖ਼; ਮੁੱਖ ਮੰਤਰੀ ਸਟਾਲਿਨ ਨੇ ਕਰੂਰ ਪਹੁੰਚ ਕੇ ਪੀਡ਼ਤਾਂ ਦਾ ਜਾਣਿਆ ਹਾਲ
ਕਰੂਰ ਦੇ ਇਕ ਹਸਪਤਾਲ ਵਿੱਚ ਇਕ ਹੋਰ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਤਾਮਿਲਾਗਾ ਵੈਤਰੀ ਕੜਗਮ (ਟੀ ਵੀ ਕੇ) ਦੇ ਮੁਖੀ ਵਿਜੈ ਦੀ ਰੈਲੀ ਵਿੱਚ ਭਗਦੜ ਦੌਰਾਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 40 ਹੋ ਗਈ ਹੈ। ਮਰਨ ਵਾਲਿਆਂ ਵਿੱਚ ਨੌਂ ਬੱਚੇ ਤੇ 17 ਔਰਤਾਂ ਸ਼ਾਮਲ ਹਨ। ਉੱਧਰ, ਟੀ ਵੀ ਕੇ ਨੇ ਕਰੂਰ ਭਗਦੜ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕਰਦੇ ਹੋਏ ਮਦਰਾਸ ਹਾਈ ਕੋਰਟ ਦੇ ਮਦੁਰਾਇ ਬੈਂਚ ਦਾ ਰੁਖ਼ ਕੀਤਾ ਹੈ।
ਇਸੇ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕਰੂਰ ਪਹੁੰਚ ਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਹਸਪਤਾਲਾਂ ’ਚ ਜ਼ੇਰੇ ਇਲਾਜ ਲੋਕਾਂ ਦਾ ਹਾਲ ਜਾਣਿਆ ਅਤੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਜ਼ਖ਼ਮੀਆਂ ਨੂੰ ਵਧੀਆ ਤੋਂ ਵਧੀਆ ਇਲਾਜ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉੱਧਰ, ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਨੇ ਕਿਹਾ ਕਿ ਸੇਵਾਮੁਕਤ ਜੱਜ ਅਰੁਣਾ ਜਗਦੀਸ਼ਨ ਦੀ ਅਗਵਾਈ ਵਾਲਾ ਕਮਿਸ਼ਨ ਭਗਦੜ ਦੀ ਜਾਂਚ ਲਈ ਅੱਜ ਹੀ ਕਰੂਰ ਪੁੱਜੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਟਾਲਿਨ, ਕਮਿਸ਼ਨ ਵੱਲੋਂ ਪੇਸ਼ ਰਿਪੋਰਟ ਦੇ ਆਧਾਰ ’ਤੇ ਉਚਿਤ ਕਾਰਵਾਈ ਕਰਨਗੇ।
ਟੀ ਵੀ ਕੇ ਦੇ ਉਪ ਜਨਰਲ ਸਕੱਤਰ ਨਿਰਮਲ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਨੇ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕਰਦੇ ਹੋਏ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਉਨ੍ਹਾਂ ਦੱਸਿਆ, ‘‘ਪਾਰਟੀ ਨੇ ਜਸਟਿਸ ਐੱਮ ਧੰਦਪਨੀ ਦੇ ਘਰ ਜਾ ਕੇ ਅਪੀਲ ਦਾਇਰ ਕੀਤੀ ਕਿ ਪਾਰਟੀ ਦੀ 27 ਸਤੰਬਰ ਨੂੰ ਕਰੂਰ ਵਿੱਚ ਹੋਈ ਰੈਲੀ ਦੌਰਾਨ ਮਚੀ ਭਗਦੜ ਦੌਰਾਨ 40 ਵਿਅਕਤੀਆਂ ਦੀ ਮੌਤ ਹੋਣ ਦੇ ਮਾਮਲੇ ਦੀ ਸੀਬੀਆਈ ਜਾਂ ਵਿਸ਼ੇਸ਼ ਟੀਮ ਤੋਂ ਜਾਂਚ ਕਰਵਾਈ ਜਾਵੇ। ਟੀ ਵੀ ਕੇ ਨੇ ਅਦਾਲਤ ਕੋਲੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦਾ ਖ਼ੁਦ ਨੋਟਿਸ ਲਵੇ। ਪਾਰਟੀ ਦੇ ਅਹੁਦੇਦਾਰ ਨਿਰਮਲ ਕੁਮਾਰ ਮੁਤਾਬਕ, ਜੱਜ ਨੇ ਵਕੀਲਾਂ ਨੂੰ ਮਦਰਾਸ ਹਾਈ ਕੋਰਟ ਦੇ ਮਦੁਰਾਇ ਬੈਂਚ ਸਾਹਮਣੇ ਇਕ ਪਟੀਸ਼ਨ ਦਾਇਰ ਕਰਨ ਲਈ ਕਿਹਾ, ਜਿਸ ’ਤੇ ਸੋਮਵਾਰ ਨੂੰ ਬਾਅਦ ਦੁਪਹਿਰ 2.15 ਵਜੇ ਸੁਣਵਾਈ ਕੀਤੀ ਜਾਵੇਗੀ।
ਪੀੜਤਾਂ ਲਈ ਵਿਜੈ ਤੇ ਮੋਦੀ ਵੱਲੋਂ ਮੁਆਵਜ਼ਾ ਰਾਸ਼ੀ ਦਾ ਐਲਾਨ
ਚੇਨੱਈ: ਟੀ ਵੀ ਕੇ ਦੇ ਪ੍ਰਧਾਨ ਵਿਜੈ ਨੇ ਭਗਦੜ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਨੂੰ 20-20 ਲੱਖ ਰੁਪਏ ਅਤੇ ਘਟਨਾ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਅਦਾਕਾਰ ਤੋਂ ਨੇਤਾ ਬਣੇ ਵਿਜੈ ਨੇ ਕਿਹਾ ਕਿ ਉਹ ਘਟਨਾ ਤੋਂ ਬੇਹੱਦ ਦੁੱਖੀ ਹੈ। ਇਸੇ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਦੜ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ ਦੋ-ਦੋ ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ ਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। -ਪੀਟੀਆਈ
ਘਟਨਾ ਤੋਂ ਟੀ ਵੀ ਕੇ ਦੇ ਮੈਂਬਰ ਹੈਰਾਨ; ਆਲੋਚਨਾ ਦਾ ਕਰਨਾ ਪੈ ਰਿਹੈ ਸਾਹਮਣਾ
ਟੀ ਵੀ ਕੇ ਦੀ ਰੈਲੀ ਵਿੱਚ ਮਚੀ ਭਗਦੜ ਤੋਂ ਪਾਰਟੀ ਦੇ ਮੈਂਬਰ ਹੈਰਾਨ ਹਨ। ਰੈਲੀ ਵਿੱਚ ਕਥਿਤ ਤੌਰ ’ਤੇ ਖ਼ਰਾਬ ਪ੍ਰਬੰਧਾਂ ਲਈ ਪਾਰਟੀ ਨੂੰ ਕਈ ਹਲਕਿਆਂ ਤੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਅੰਨਾ ਡੀਐੱਮਕੇ ਦੇ ਜਨਰਲ ਸਕੱਤਰ ਕੇ ਪਲਾਨੀਸਵਾਮੀ ਨੇ ਦਾਅਵਾ ਕੀਤਾ ਹੈ ਕਿ ਰੈਲੀ ਵਿੱਚ ਮਚੀ ਭਗਦੜ ਪੁਲੀਸ ਤੇ ਪ੍ਰਸ਼ਾਸਨ ਦੀ ਅਣਗਹਿਲੀ ਦਾ ਸਬੂਤ ਹੈ। ਪੁਲੀਸ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ, ਕਿਉਂਕਿ ਅਦਾਕਾਰ ਨੂੰ ਦੇਖਣ ਲਈ ਆਸ ਨਾਲੋਂ ਕਿਤੇ ਵੱਧ ਲੋਕ ਇਕੱਤਰ ਹੋ ਗਏ ਸਨ। ਪ੍ਰੋਗਰਾਮ ਵਾਲੀ ਥਾਂ ’ਤੇ ਜੁੱਤਿਆਂ ਤੇ ਚੱਪਲਾਂ ਦੇ ਢੇਰ, ਦਰੜੀਆਂ ਹੋਈਆਂ ਪਾਣੀ ਦੀਆਂ ਬੋਤਲਾਂ, ਪਾਟੇ ਹੋਏ ਪਾਰਟੀ ਦੇ ਝੰਡੇ, ਕੱਪੜਿਆਂ ਦੇ ਟੁੱਕੜੇ ਅਤੇ ਤਰ੍ਹਾਂ-ਤਰ੍ਹਾਂ ਦੇ ਕੂੜੇ ਦੇ ਲੱਗੇ ਢੇਰ ਉਸ ਦੁੱਖਦਾਈ ਘਟਨਾ ਦੀ ਯਾਦ ਦਿਵਾਉਂਦੇ ਹਨ। -ਪੀਟੀਆਈ