Tahawur Hussain Rana: ਪਟਿਆਲਾ ਹਾਊਸ ਵਿੱਚ ਤਹੱਵੁਰ ਰਾਣਾ ਖ਼ਿਲਾਫ਼ ਸੁਣਵਾਈ ਸ਼ੁਰੂ
ਨਵੀਂ ਦਿੱਲੀ, 10 ਅਪਰੈਲ
ਮੁੰਬਈ ਦੇ 26/11 ਦਹਿਸ਼ਤੀ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ ਇਕ ਤਹੱਵੁਰ ਹੁਸੈਨ ਰਾਣਾ (64) ਨੂੰ ਅੱਜ ਅਮਰੀਕਾ ਤੋਂ ਭਾਰਤ ਲਿਆਉਣ ਮਗਰੋਂ ਦੇਰ ਰਾਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਜੱਜ ਚੰਦਰਜੀਤ ਸਿੰਘ ਸਾਹਮਣੇ ਪੇਸ਼ ਕੀਤਾ ਗਿਆ। ਐੱਨਆਈਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਅਤੇ ਵਿਸ਼ੇਸ਼ ਸਰਕਾਰੀ ਵਕੀਲ ਨਰਿੰਦਰ ਮਾਨ ਨੇ ਰਾਣਾ ਦੀ 20 ਦਿਨ ਦੀ ਹਿਰਾਸਤ ਮੰਗੀ ਸੀ। ਬਹਿਸ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਨੇ ਰਾਣਾ ਦੀ ਹਿਰਾਸਤ ਸਬੰਧੀ ਫੈਸਲਾ ਰਾਖਵਾਂ ਰੱਖ ਲਿਆ ਹੈ। ਐਡਵੋਕੇਟ ਪਿਯੂਸ਼ ਸਚਦੇਵਾ ਤਹੁੱਵਰ ਰਾਣਾ ਵੱਲੋਂ ਅਦਾਲਤ ’ਚ ਪੇਸ਼ ਹੋਏ। ਰਾਣਾ ਨੂੰ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕਰਨ ਤੋਂ ਪਹਿਲਾਂ ਸਾਰੇ ਮੀਡੀਆ ਕਰਮੀਆਂ ਨੂੰ ਉਥੋਂ ਹਟਾ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਨੂੰ ਲੈ ਕੇ ਲਾਸ ਏਂਜਲਸ ਤੋਂ ਉੱਡਿਆ ਇਕ ਵਿਸ਼ੇਸ਼ ਜਹਾਜ਼ ਅੱਜ ਸ਼ਾਮ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਿਆ ਜਿਸ ਨਾਲ ਰਾਣਾ ਦੀ ਹਵਾਲਗੀ ਸਬੰਧੀ ਚੱਲ ਰਹੀ ਚਰਚਾ ’ਤੇ ਵਿਰਾਮ ਲੱਗ ਗਿਆ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਰਾਣਾ ਨੂੰ ਹਵਾਈ ਅੱਡੇ ’ਤੇ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ। ਰਾਣਾ ਨੂੰ ਐੱਨਆਈਏ ਅਤੇ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੀਆਂ ਟੀਮਾਂ ਦਿੱਲੀ ਲੈ ਕੇ ਆਈਆਂ ਹਨ। ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਕੋਠੜੀ ਵਿਚ ਰੱਖੇ ਜਾਣ ਦੀ ਸੰਭਾਵਨਾ ਹੈ। ਰਾਣਾ ਤੀਜਾ ਵਿਅਕਤੀ ਹੈ ਜਿਸ ਖ਼ਿਲਾਫ਼ ਭਾਰਤ ’ਚ ਕੇਸ ਚੱਲੇਗਾ। ਇਸ ਤੋਂ ਪਹਿਲਾਂ ਅਜਮਲ ਕਸਾਬ ਅਤੇ ਜ਼ੈਬੀਉਦਦੀਨ ਅਨਸਾਰੀ ਉਰਫ਼ ਅਬੂ ਜੰਦਾਲ ਖ਼ਿਲਾਫ਼ ਮੁਕੱਦਮਾ ਚਲਿਆ ਸੀ। ਕਸਾਬ ਨੂੰ ਪੁਣੇ ਦੀ ਯੇਰਵੜਾ ਜੇਲ੍ਹ ’ਚ ਫਾਂਸੀ ਦਿੱਤੀ ਗਈ ਸੀ। ਐੱਨਆਈਏ ਨੇ ਇਕ ਬਿਆਨ ’ਚ ਕਿਹਾ ਕਿ 2008 ’ਚ 166 ਵਿਅਕਤੀਆਂ ਦੀ ਜਾਨ ਲੈਣ ਵਾਲੇ ਮੁੱਖ ਸਾਜ਼ਿਸ਼ਘਾੜੇ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ ਲਈ ਕਈ ਸਾਲਾਂ ਦੀਆਂ ਲਗਾਤਾਰ ਅਤੇ ਪੁਖ਼ਤਾ ਕੋਸ਼ਿਸ਼ਾਂ ਮਗਰੋਂ ਉਸ ਨੂੰ ਸਫ਼ਲਤਾਪੂਰਵਕ ਭਾਰਤ ਲਿਆਂਦਾ ਗਿਆ ਹੈ। ਬਿਆਨ ’ਚ ਕਿਹਾ ਗਿਆ, ‘‘ਐੱਨਆਈਏ ਨੇ ਅਮਰੀਕੀ ਨਿਆਂ ਵਿਭਾਗ, ਯੂਐੱਸ ਸਕਾਈ ਮਾਰਸ਼ਲ ਅਤੇ ਹੋਰ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਸਹਿਯੋਗ ਨਾਲ ਪੂਰੇ ਹਵਾਲਗੀ ਅਮਲ ਨੂੰ ਨੇਪਰੇ ਚਾੜ੍ਹਿਆ। ਇਸ ’ਚ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਨੇ ਵੀ ਅਮਰੀਕਾ ’ਚ ਹੋਰ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਹਵਾਲਗੀ ਨੂੰ ਅੰਜਾਮ ਤੱਕ ਪਹੁੰਚਾਇਆ।’’ ਐੱਨਆਈਏ ਨੇ ਕਿਹਾ ਕਿ ਭਾਰਤ ਵੱਲੋਂ ਲੋੜੀਂਦੇ ਦਹਿਸ਼ਤੀ ਲਈ ਅਮਰੀਕੀ ਸਰਕਾਰ ਤੋਂ ਆਤਮ-ਸਮਰਪਣ ਵਾਰੰਟ ਹਾਸਲ ਕਰਨ ਮਗਰੋਂ ਦੋਵੇਂ ਮੁਲਕਾਂ ਵਿਚਕਾਰ ਹਵਾਲਗੀ ਦੀ ਕਾਰਵਾਈ ਸ਼ੁਰੂ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਫਰਵਰੀ ’ਚ ਅਮਰੀਕਾ ਦੇ ਦੌਰੇ ’ਤੇ ਗਏ ਸਨ ਤਾਂ ਰਾਣਾ ਦੀ ਹਵਾਲਗੀ ’ਤੇ ਆਖਰੀ ਮੋਹਰ ਲੱਗ ਗਈ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 14 ਫਰਵਰੀ ਨੂੰ ਮੋਦੀ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ, ‘‘ਅਸੀਂ ਸਭ ਤੋਂ ਵੱਧ ਖ਼ਤਰਨਾਕ ਵਿਅਕਤੀ ਫੌਰੀ ਭਾਰਤ ਹਵਾਲੇ ਕਰ ਰਹੇ ਹਾਂ ਤਾਂ ਜੋ ਉਸ ਖ਼ਿਲਾਫ਼ ਭਾਰਤ ’ਚ ਮੁਕੱਦਮਾ ਚੱਲ ਸਕੇ।’’ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਤਹੱਵੁਰ ਰਾਣਾ 2008 ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਤੇ ਅਮਰੀਕੀ ਨਾਗਰਿਕ ਡੇਵਿਡ ਕੋਲਮਨ ਹੈਡਲੀ ਉਰਫ਼ ਦਾਊਦ ਗਿਲਾਨੀ ਦਾ ਨੇੜਲਾ ਸਾਥੀ ਹੈ। ਅਮਰੀਕੀ ਸੁਪਰੀਮ ਕੋਰਟ ਵੱਲੋਂ ਲੰਘੇ ਦਿਨੀਂ ਰਾਣਾ ਦੀ ਭਾਰਤ ਨੂੰ ਆਪਣੀ ਸਪੁਰਦਗੀ ਖਿਲਾਫ਼ ਦਾਇਰ ਅਪੀਲ ਖਾਰਜ ਕੀਤੇ ਜਾਣ ਮਗਰੋਂ ਤਹੱਵੁਰ ਰਾਣਾ ਨੂੰ ਭਾਰਤ ਲਿਆਂਦੇ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ। ਚੇਤੇ ਰਹੇ ਕਿ 26 ਨਵੰਬਰ 2008 ਨੂੰ ਦਸ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਮੁੰਬਈ ਵਿਚ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲਾਂ ਤੇ ਯਹੂਦੀ ਸੈਂਟਰ ਨੂੰ ਨਿਸ਼ਾਨਾ ਬਣਾਇਆ ਸੀ। ਇਹ ਦਹਿਸ਼ਤਗਰਦ ਸਮੁੰਦਰੀ ਰਸਤੇ (ਅਰਬ ਸਾਰਗ) ਭਾਰਤ ਦੀ ਵਿੱਤੀ ਰਾਜਧਾਨੀ ’ਚ ਦਾਖ਼ਲ ਹੋਏ ਸਨ। ਇਨ੍ਹਾਂ ਹਮਲਿਆਂ ਦੌਰਾਨ 166 ਲੋਕ ਮਾਰੇ ਗਏ ਸਨ। ਰਾਣਾ ਨੇ 1990ਵਿਆਂ ’ਚ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਤੋਂ ਪਹਿਲਾਂ ਪਾਕਿਸਤਾਨ ਆਰਮੀ ਮੈਡੀਕਲ ਕੋਰ ’ਚ ਵੀ ਸੇਵਾਵਾਂ ਨਿਭਾਈਆਂ ਸਨ ਅਤੇ ਉਸ ਨੇ ਆਪਣੀ ਇਮੀਗਰੇਸ਼ਨ ਕੰਸਲਟੈਂਸੀ ਫਰਮ ਸ਼ੁਰੂ ਕੀਤੀ ਸੀ। ਬਾਅਦ ’ਚ ਉਹ ਅਮਰੀਕਾ ਚਲਾ ਗਿਆ ਸੀ ਅਤੇ ਉਸ ਨੇ ਸ਼ਿਕਾਗੋ ’ਚ ਦਫ਼ਤਰ ਬਣਾ ਲਿਆ ਸੀ। ਆਪਣੀ ਕੰਪਨੀ ਰਾਹੀਂ ਹੀ ਰਾਣਾ ਨੇ ਹੈਡਲੀ ਨੂੰ ਮੁੰਬਈ ’ਚ ਜਾਸੂਸੀ ਦੇ ਮਿਸ਼ਨ ਲਈ ਭੇਜਿਆ ਸੀ ਤਾਂ ਜੋ ਦਹਿਸ਼ਤਗਰਦ ਹਮਲਿਆਂ ਨੂੰ ਅੰਜਾਮ ਦੇ ਸਕਣ। ਅਧਿਕਾਰੀਆਂ ਨੇ ਕਿਹਾ ਕਿ ਰਾਣਾ ਦੀ ਹਵਾਲਗੀ ਨਾਲ ਜਾਂਚ ਏਜੰਸੀਆਂ ਨੂੰ 26/11 ਦੇ ਦਹਿਸ਼ਤੀ ਹਮਲਿਆਂ ਪਿੱਛੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਨਸਰਾਂ ਦੀ ਭੂਮਿਕਾ ਦਾ ਪਰਦਾਫ਼ਾਸ਼ ਕਰਨ ’ਚ ਸਹਾਇਤਾ ਮਿਲੇਗੀ। -ਪੀਟੀਆਈ
ਐੱਨਆਈਏ ਵੱਲੋਂ ਕੇਸ ਦੀ ਪੈਰਵੀ ਦਯਾਨ ਕ੍ਰਿਸ਼ਨਨ ਨੇ ਕੀਤੀ
ਨਵੀਂ ਦਿੱਲੀ: ਮੁੰਬਈ ਅਤਿਵਾਦੀ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਦੀ ਹਵਾਲਗੀ ਲਈ ਅਮਰੀਕੀ ਅਦਾਲਤ ’ਚ ਭਾਰਤ ਦੀ ਅਗਵਾਈ ਕਰਨ ਵਾਲੇ ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਨੇ ਦਿੱਲੀ ’ਚ ਐੱਨਆਈਏ ਵੱਲੋਂ ਕੇਸ ਦੀ ਪੈਰਵੀ ਕੀਤੀ। ਕ੍ਰਿਸ਼ਨਨ 2010 ਤੋਂ ਰਾਣਾ ਦੀ ਹਵਾਲਗੀ ਸਬੰਧੀ ਕਾਰਵਾਈ ਨਾਲ ਜੁੜੇ ਰਹੇ ਹਨ। ਕ੍ਰਿਸ਼ਨਨ ਨੇ 1993 ’ਚ ਐੱਨਐੱਲਐੱਸਆਈਯੂ, ਬੰਗਲੂਰੂ ਤੋਂ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਸੀਨੀਅਰ ਵਕੀਲ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਸੰਤੋਸ਼ ਹੈਗੜੇ ਨਾਲ ਕੰਮ ਕੀਤਾ। ਇਸ ਮਗਰੋਂ 1999 ’ਚ ਉਨ੍ਹਾਂ ਨਿੱਜੀ ਪ੍ਰੈਕਟਿਸ ਸ਼ੁਰੂ ਕੀਤੀ। ਉਨ੍ਹਾਂ 2001 ਦੇ ਸੰਸਦ ’ਤੇ ਹੋਏ ਹਮਲੇ, ਕਾਵੇਰੀ ਨਦੀ ਜਲ ਵਿਵਾਦ, ਟੈਲੀਕਮਿਊਨੀਕੇਸ਼ਨ ਮਾਮਲੇ ਸਮੇਤ ਕਈ ਅਹਿਮ ਕੇਸਾਂ ’ਚ ਕੰਮ ਕੀਤਾ ਹੈ। -ਪੀਟੀਆਈ
ਰਾਣਾ ਖ਼ਿਲਾਫ਼ ਕੇਸ ’ਚ ਨਰੇਂਦਰ ਮਾਨ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮੁੰਬਈ ਅਤਿਵਾਦੀ ਹਮਲੇ ਨਾਲ ਸਬੰਧਤ ਸਾਜ਼ਿਸ਼ਘਾੜੇ ਤਹੱਵੁਰ ਰਾਣਾ ਖ਼ਿਲਾਫ਼ ਕੇਸ ’ਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ। ਦੇਰ ਰਾਤ ਜਾਰੀ ਨੋਟੀਫਿਕੇਸ਼ਨ ’ਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਐਡਵੋਕੇਟ ਨਰੇਂਦਰ ਮਾਨ ਨੂੰ ਤਿੰਨ ਸਾਲ ਲਈ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਕੇਸ ਨਾਲ ਸਬੰਧਤ ਮਾਮਲਿਆਂ ਅਤੇ ਹੋਰ ਕੇਸਾਂ ’ਚ ਪੈਰਵੀ ਲਈ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਹੈ। ਦਿੱਲੀ ਯੂਨੀਵਰਸਿਟੀ ਤੋਂ ਸਾਲ 1990 ’ਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਮਾਨ ਨੇ ਸੀਬੀਆਈ ਦੀ ਨੁਮਾਇੰਦਗੀ ਕੀਤੀ ਹੈ ਅਤੇ ਉਹ ਕਈ ਅਹਿਮ ਮਾਮਲਿਆਂ ’ਚ ਪੇਸ਼ ਹੋਏ ਸਨ। ਉਹ ਜਨਵਰੀ 2011 ਤੋਂ ਅਪਰੈਲ 2019 ਤੱਕ ਦਿੱਲੀ ਹਾਈ ਕੋਰਟ ’ਚ ਸੀਬੀਆਈ ਲਈ ਵਿਸ਼ੇਸ਼ ਸਰਕਾਰੀ ਵਕੀਲ ਸਨ। -ਪੀਟੀਆਈ
ਰਾਣਾ ਦੀ ਹਵਾਲਗੀ ਪੀੜਤਾਂ ਲਈ ਨਿਆਂ ਵੱਲ ਕਦਮ: ਅਮਰੀਕਾ
ਨਿਊਯਾਰਕ: ਅਮਰੀਕਾ ਨੇ ਕਿਹਾ ਹੈ ਕਿ ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁੱਖ ਮੁਲਜ਼ਮ ਤਹੱਵੁਰ ਹੁਸੈਨ ਰਾਣਾ ਦੀ ਹਵਾਲਗੀ ਇਸ ਹਮਲੇ ਦੇ ਪੀੜਤਾਂ ਲਈ ‘ਨਿਆਂ ਹਾਸਲ ਕਰਨ ਦੀ ਦਿਸ਼ਾ ਵੱਲ ਇਕ ਅਹਿਮ ਕਦਮ’ ਹੈ। ਅਮਰੀਕੀ ਨਿਆਂ ਵਿਭਾਗ ਦੇ ਇਕ ਤਰਜਮਾਨ ਨੇ ਕਿਹਾ ਕਿ ਰਾਣਾ ਦੇ ਮੁੰਬਈ ਦਹਿਸ਼ਤੀ ਹਮਲਿਆਂ ’ਚ ਉਸ ਦੀ ਕਥਿਤ ਭੂਮਿਕਾ ਨਾਲ ਜੁੜੇ 10 ਅਪਰਾਧਕ ਦੋਸ਼ਾਂ ਲਈ ਮੁਕੱਦਮਾ ਚਲਾਉਣ ਵਾਸਤੇ ਭਾਰਤ ਹਵਾਲੇ ਕੀਤਾ ਗਿਆ ਹੈ। ਤਰਜਮਾਨ ਨੇ ਕਿਹਾ, ‘‘ਰਾਣਾ ਦੀ ਹਵਾਲਗੀ ਉਨ੍ਹਾਂ ਛੇ ਅਮਰੀਕੀਆਂ ਅਤੇ ਹੋਰ ਕਈ ਪੀੜਤਾਂ ਲਈ ਇਨਸਾਫ਼ ਵੱਲ ਅਹਿਮ ਕਦਮ ਹੈ ਜੋ ਘਿਨਾਉਣੇ ਹਮਲਿਆਂ ’ਚ ਮਾਰੇ ਗਏ ਸਨ।’’ -ਪੀਟੀਆਈ
ਤਹੱਵੁਰ ਰਾਣਾ ਨਾਲ ਸਾਡਾ ਕੁਝ ਵੀ ਲੈਣਾ-ਦੇਣਾ ਨਹੀਂ: ਪਾਕਿਸਤਾਨ
ਇਸਲਾਮਾਬਾਦ: ਪਾਕਿਸਤਾਨ ਨੇ ਵੀਰਵਾਰ ਨੂੰ ਤਹੱਵੁਰ ਰਾਣਾ ਤੋਂ ਪੱਲਾ ਛੁਡਾਉਂਦਿਆਂ ਦਾਅਵਾ ਕੀਤਾ ਕਿ ਉਹ ਕੈਨੇਡੀਅਨ ਨਾਗਰਿਕ ਹੈ ਅਤੇ ਉਸ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੇ ਪਾਕਿਸਤਾਨੀ ਦਸਤਾਵੇਜ਼ ਨਵਿਆਏ ਨਹੀਂ ਹਨ। ਰਾਣਾ ਦਾ ਜਨਮ 1961 ’ਚ ਪਾਕਿਸਤਾਨ ’ਚ ਹੋਇਆ ਹੈ ਅਤੇ 1990ਵਿਆਂ ’ਚ ਕੈਨੇਡਾ ਜਾਣ ਤੋਂ ਪਹਿਲਾਂ ਉਸ ਨੇ ਪਾਕਿਸਤਾਨ ਆਰਮੀ ਮੈਡੀਕਲ ਕੋਰ ’ਚ ਵੀ ਸੇਵਾਵਾਂ ਨਿਭਾਈਆਂ ਸਨ। ਵਿਦੇਸ਼ ਦਫ਼ਤਰ ਦੇ ਤਰਜਮਾਨ ਸ਼ਫ਼ਕਤ ਅਲੀ ਖ਼ਾਨ ਨੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਤਹੱਵੁਰ ਰਾਣਾ ਕੈਨੇਡੀਅਨ ਨਾਗਰਿਕ ਹੈ ਅਤੇ ਸਾਡੇ ਰਿਕਾਰਡ ਮੁਤਾਬਕ ਉਸ ਨੇ ਦੋ ਦਹਾਕਿਆਂ ਤੋਂ ਆਪਣੇ ਪਾਕਿਸਤਾਨੀ ਦਸਤਾਵੇਜ਼ ਨਵਿਆਏ ਨਹੀਂ ਹਨ।’’ -ਪੀਟੀਆਈ
ਮੁੰਬਈ ਹਮਲੇ ਸਮੇਂ ਵਾਰਤਾ ਲਈ ਪਾਕਿਸਤਾਨ ’ਚ ਸਨ ਗ੍ਰਹਿ ਸਕੱਤਰ
ਨਵੀਂ ਦਿੱਲੀ: ਭਾਰੀ ਹਥਿਆਰਾਂ ਨਾਲ ਲੈਸ 10 ਪਾਕਿਸਤਾਨੀ ਅਤਿਵਾਦੀਆਂ ਨੇ ਮੁੰਬਈ ’ਚ ਜਦੋਂ 26/11 ਦਾ ਹਮਲਾ ਕੀਤਾ ਸੀ ਤਾਂ ਤਤਕਾਲੀ ਕੇਂਦਰੀ ਗ੍ਰਹਿ ਸਕੱਤਰ ਮਧੂਕਰ ਗੁਪਤਾ ਦੀ ਅਗਵਾਈ ਹੇਠ ਭਾਰਤੀ ਵਫ਼ਦ ਅਤਿਵਾਦ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਲਈ ਇਸਲਾਮਾਬਾਦ ’ਚ ਸੀ। ਸੂਤਰਾਂ ਨੇ ਦੱਸਿਆ ਕਿ 26 ਨਵੰਬਰ 2008 ਨੂੰ ਜਦੋਂ ਅਤਿਵਾਦੀ ਪਾਕਿਸਤਾਨ ਤੋਂ ਅਰਬ ਸਾਗਰ ਦੇ ਰਸਤੇ ਮੁੰਬਈ ਪੁੱਜੇ ਤਾਂ ਉਸ ਸਮੇਂ ਗੁਪਤਾ ਦੁਵੱਲੀ ਗ੍ਰਹਿ ਸਕੱਤਰ ਪੱਧਰ ਦੀ ਵਾਰਤਾ ’ਚ ਹਿੱਸਾ ਲੈਣ ਲਈ ਇਸਲਾਮਾਬਾਦ ’ਚ ਸਨ, ਜਿਸ ਨੂੰ ਉਸ ਸਮੇਂ ‘ਸੰਗਠਿਤ ਵਾਰਤਾ’ ਦਾ ਨਾਂ ਦਿੱਤਾ ਗਿਆ ਸੀ। ਭਾਰਤੀ ਵਫ਼ਦ ਨੇ 26 ਨਵੰਬਰ ਨੂੰ ਆਪਣੇ ਪਾਕਿਸਤਾਨੀ ਵਫ਼ਦ ਨਾਲ ਵਾਰਤਾ ਮੁਕੰਮਲ ਕੀਤੀ ਸੀ। ਭਾਰਤੀ ਵਫ਼ਦ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੂੰ ਵੀ ਮਿਲਣਾ ਸੀ ਪਰ ਉਹ ਯਾਤਰਾ ’ਤੇ ਹੋਣ ਕਾਰਨ 27 ਨਵੰਬਰ ਨੂੰ ਮਿਲ ਸਕਦੇ ਸਨ। ਇਸ ਲਈ ਟੀਮ ਉੱਥੇ ਹੀ ਰੁਕ ਗਈ। ਬਾਅਦ ਵਿੱਚ ਉਸੇ ਦਿਨ (26 ਨਵੰਬਰ) ਭਾਰਤੀ ਵਫ਼ਦ ਨੂੰ ਇਸਲਾਮਾਬਾਦ ਨੇੜੇ ਪਹਾੜੀ ਇਲਾਕੇ ਮੱਰੀ ਲਿਜਾਇਆ ਗਿਆ। ਉਸੇ ਸ਼ਾਮ ਅਤਿਵਾਦੀਆਂ ਨੇ ਮੁੰਬਈ ’ਤੇ ਹਮਲਾ ਕਰਕੇ ਦੇਸ਼ ਦੀ ਸਭ ਤੋਂ ਭਿਆਨਕ ਅਤਿਵਾਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ’ਚ 166 ਲੋਕ ਮਾਰੇ ਗਏ। -ਪੀਟੀਆਈ