ਸੁਸ਼ੀਲਾ ਕਾਰਕੀ ਬਣੀ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਨੇਪਾਲ ’ਚ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ (73) ਦੀ ਅਗਵਾਈ ਹੇਠ ਅੱਜ ਨਵੀਂ ਅੰਤਰਿਮ ਸਰਕਾਰ ਬਣ ਗਈ ਹੈ। ਕਾਰਕੀ ਨੇ ਅੱਜ ਪ੍ਰਧਾਨ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲਿਆ। ਉਹ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਕਾਰਕੀ ਨੂੰ ਹਲਫ਼ ਦਿਵਾਇਆ। ਇਸ ਮੌਕੇ ਉਪ ਰਾਸ਼ਟਰਪਤੀ ਰਾਮ ਸਹਾਏ ਯਾਦਵ ਅਤੇ ਚੀਫ਼ ਜਸਟਿਸ ਪ੍ਰਕਾਸ਼ ਮਾਨ ਸਿੰਘ ਰਾਵਤ ਵੀ ਹਾਜ਼ਰ ਸਨ। ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਅੰਤਰਿਮ ਸਰਕਾਰ ਨੂੰ ਛੇ ਮਹੀਨਿਆਂ ਦੇ ਅੰਦਰ ਸੰਸਦੀ ਚੋਣਾਂ ਕਰਵਾਉਣੀਆਂ ਪੈਣਗੀਆਂ। ਰਾਸ਼ਟਰਪਤੀ ਪੌਡੇਲ, ਫ਼ੌਜ ਮੁਖੀ ਅਸ਼ੋਕ ਰਾਜ ਸਿਗਡੇਲ ਅਤੇ ਨੌਜਵਾਨਾਂ ਵਿਚਕਾਰ ਸਹਿਮਤੀ ਬਣਨ ਮਗਰੋਂ ਕਾਰਕੀ ਦੇ ਦਾਹਲ ਨੇ ਸੰਵਿਧਾਨ ਤਹਿਤ ਸਿਆਸੀ ਸੰਕਟ ਹੱਲ ਕਰਨ ਦਾ ਸੱਦਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੁਲਕ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਅਤੇ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ ’ਚ ਵਧ ਰਹੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਨੌਜਵਾਨ ਸੋਮਵਾਰ ਨੂੰ ਸੜਕਾਂ ’ਤੇ ਆ ਗਏ ਸਨ ਜਿਸ ਕਾਰਨ ਓਲੀ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ ਸੀ। ਉਧਰ ‘ਜੈੱਨ ਜ਼ੀ’ ਦੇ ਹਿੰਸਕ ਪ੍ਰਦਰਸ਼ਨਾਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 51 ਹੋ ਗਈ ਹੈ ਜਿਸ ’ਚ ਇਕ ਭਾਰਤੀ ਅਤੇ ਤਿੰਨ ਪੁਲੀਸ ਕਰਮੀ ਵੀ ਸ਼ਾਮਲ ਹਨ। ਪੁਲੀਸ ਨੇ ਕਿਹਾ ਕਿ 17 ਲਾਸ਼ਾਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚੋਂ ਮਿਲੀਆਂ। ਇਸ ਦੌਰਾਨ ਤਾਮਿਲ ਨਾਡੂ ਦੇ 23 ਸ਼ਰਧਾਲੂਆਂ ਦਾ ਇਕ ਜਥਾ ਅੱਜ ਕੈਲਾਸ਼ ਮਾਨਸਰੋਵਰ ਲਈ ਨੇਪਾਲ ਸਰਹੱਦ ਤੋਂ ਤਿੱਬਤ ਵੱਲ ਰਵਾਨਾ ਹੋਇਆ। ਸਸ਼ਤਰ ਸੀਮਾ ਬਲ ਨੇ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ’ਚੋਂ 11 ਬਰਾਤੀਆਂ ਨੂੰ ਮੋਟਰ ਸਾਈਕਲਾਂ ’ਤੇ ਨੇਪਾਲ ’ਚ ਵਿਆਹ ਕਰਨ ਲਈ ਭੇਜਣ ਦੀ ਸਹਿਮਤੀ ਦਿੱਤੀ। ਪ੍ਰਦਰਸ਼ਨਾਂ ਦੌਰਾਨ ਨੇਪਾਲ ਦੇ ਹੋਟਲਾਂ ਨੂੰ 25 ਅਰਬ ਰੁਪਏ ਤੋਂ ਵਧ ਦਾ ਨੁਕਸਾਨ ਝਲਣਾ ਪਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਰੀਬ ਦੋ ਦਰਜਨ ਹੋਟਲਾਂ ’ਚ ਭੰਨ-ਤੋੜ, ਲੁੱਟਮਾਰ ਅਤੇ ਅੱਗਜ਼ਨੀ ਕੀਤੀ।
ਕਾਰਕੀ ਦੇ ਪਤੀ ਨੇ ਅਗ਼ਵਾ ਕੀਤਾ ਸੀ ਜਹਾਜ਼
ਨਵੀਂ ਦਿੱਲੀ (ਉਜਵਲ ਜਲਾਲੀ): ਹੁਣ ਜਦੋਂ ਸੁਸ਼ੀਲਾ ਕਾਰਕੀ ਨੇ ਨੇਪਾਲ ਦੇ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ ਤਾਂ ਮੁਲਕ ਦੇ ਸਿਆਸੀ ਇਤਿਹਾਸ ਤੋਂ ਖ਼ੁਲਾਸਾ ਹੋਇਆ ਹੈ ਕਿ ਉਨ੍ਹਾਂ ਦੇ ਪਤੀ ਦੁਰਗਾ ਪ੍ਰਸਾਦ ਸੁਬੇਦੀ ਨੇ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ 1973 ’ਚ ਜਹਾਜ਼ ਅਗ਼ਵਾ ਕੀਤਾ ਸੀ। ਬਿਰਾਟਨਗਰ ਜਹਾਜ਼ ਅਗ਼ਵਾ ਕਾਂਡ 10 ਜੂਨ, 1973 ਨੂੰ ਵਾਪਰਿਆ ਸੀ। ਰਾਇਲ ਨੇਪਾਲ ਏਅਰਲਾਈਨਜ਼ ਦੇ ਜਹਾਜ਼ ’ਚ ਬੌਲੀਵੁੱਡ ਅਦਾਕਾਰਾ ਮਾਲਾ ਸਿਨਹਾ ਸਮੇਤ 19 ਵਿਅਕਤੀ ਸਵਾਰ ਸਨ। ਸੁਬੇਦੀ ਉਸ ਸਮੇਂ ਨੇਪਾਲੀ ਕਾਂਗਰਸ ਦੇ ਨੌਜਵਾਨ ਆਗੂ ਸਨ ਅਤੇ ਉਨ੍ਹਾਂ ਬਸੰਤ ਭੱਟਾਰਾਏ ਅਤੇ ਨਾਗੇਂਦਰ ਪ੍ਰਸਾਦ ਧੁੰਗਲ ਨਾਲ ਮਿਲ ਕੇ ਕਾਠਮੰਡੂ ਜਾ ਰਿਹਾ ਜਹਾਜ਼ ਬਿਹਾਰ ਦੇ ਫੋਰਬਸਗੰਜ ਵੱਲ ਮੋੜਨ ਲਈ ਮਜਬੂਰ ਕਰ ਦਿੱਤਾ ਸੀ।
ਉਨ੍ਹਾਂ ਦੇ ਨਿਸ਼ਾਨੇ ’ਤੇ ਮੁਸਾਫ਼ਰ ਨਹੀਂ ਸਗੋਂ 30 ਲੱਖ ਰੁਪਏ ਸਨ ਜੋ ਨੇਪਾਲ ਰਾਸ਼ਟਰ ਬੈਂਕ ਦੇ ਸਨ। ਇਸ ਰਕਮ ਦੀ ਵਰਤੋਂ ਨੇਪਾਲੀ ਕਾਂਗਰਸ ਨੇ ਰਾਜਾ ਮਹੇਂਦਰ ਦੀ ਅਗਵਾਈ ਹੇਠਲੀ ਰਾਜਸ਼ਾਹੀ ਪੰਚਾਇਤ ਪ੍ਰਣਾਲੀ ਨੂੰ ਉਖਾੜਨ ਲਈ ਕੀਤੀ ਸੀ। ਨੇਪਾਲੀ ਕਾਂਗਰਸ ਦੇ ਆਗੂਆਂ ਗਿਰਿਜਾ ਪ੍ਰਸਾਦ ਕੋਇਰਾਲਾ ਅਤੇ ਸੁਸ਼ੀਲ ਕੋਇਰਾਲਾ ਸਮੇਤ ਹੋਰਾਂ ਦੀ ਸਹਾਇਤਾ ਨਾਲ ਲੁੱਟ ਦੀ ਇਹ ਰਕਮ ਦਾਰਜਲਿੰਗ ਪਹੁੰਚਾਈ ਗਈ ਸੀ। ਇਕ ਸਾਲ ਦੇ ਅੰਦਰ ਹੀ ਅਗ਼ਵਾਕਰਾਂ ਨੂੰ ਭਾਰਤ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ 1975 ’ਚ ਭਾਰਤ ’ਚੋਂ ਐਮਰਜੈਂਸੀ ਹਟਣ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਨੇਪਾਲ ਦੇ ਲੋਕਤੰਤਰ ਪੱਖੀ ਅੰਦੋਲਨ ਦੀ ਦਿਸ਼ਾ ਬਦਲਣ ਵਾਲਾ ਮੰਨਿਆ ਜਾਂਦਾ ਹੈ। ਅਗ਼ਵਾ ਹੋਇਆ ਜਹਾਜ਼ 2014 ’ਚ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਇਸ ਦੇ ਪੁਰਜ਼ੇ ਕਾਠਮੰਡੂ ਦੇ ਅਜਾਇਬਘਰ ’ਚ ਪਏ ਹੋਏ ਹਨ।