ਨਵੀਂ ਦਿੱਲੀ, 13 ਜੁਲਾਈ
ਸੁਪਰੀਮ ਕੋਰਟ ਨੇ ਖੁਦ ਹੀ ਇਕ ਮਾਮਲੇ ਦਾ ਨੋਟਿਸ ਲੈਂਦਿਆਂ ਸੋਮਵਾਰ ਨੂੰ ਉਸ ’ਤੇ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ ਜਿਸ ’ਚ ਜਾਂਚ ਏਜੰਸੀਆਂ ਵੱਲੋਂ ਉਨ੍ਹਾਂ ਵਕੀਲਾਂ ਨੂੰ ਤਲਬ ਕਰਨ ਦਾ ਮੁੱਦਾ ਸ਼ਾਮਲ ਹੈ ਜੋ ਧਿਰਾਂ ਨੂੰ ਰਾਏ ਦਿੰਦੇ ਹਨ ਅਤੇ ਕੇਸਾਂ ’ਚ ਉਨ੍ਹਾਂ ਦੀ ਨੁਮਾਇੰਦਗੀ ਕਰਦੇ ਹਨ। ਚੀਫ਼ ਜਸਟਿਸ ਬੀਆਰ ਗਵਈ, ਜਸਟਿਸ ਕੇ ਵਿਨੋਦ ਚੰਦਰਨ ਅਤੇ ਐੱਨਵੀ ਅੰਜਾਰੀਆ ਦਾ ਬੈਂਚ ਇਸ ਮਾਮਲੇ ’ਤੇ ਸੁਣਵਾਈ ਕਰੇਗਾ। ਇਹ ਫ਼ੈਸਲਾ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸੀਨੀਅਰ ਵਕੀਲਾਂ ਅਰਵਿੰਦ ਦਾਤਾਰ ਅਤੇ ਪ੍ਰਤਾਪ ਵੇਣੂਗੋਪਾਲ ਨੂੰ ਤਲਬ ਕੀਤੇ ਜਾਣ ਦੇ ਮੱਦੇਨਜ਼ਰ ਆਇਆ ਹੈ। ਉਂਝ 20 ਜੂਨ ਨੂੰ ਈਡੀ ਨੇ ਆਪਣੇ ਜਾਂਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਉਨ੍ਹਾਂ ਵਕੀਲਾਂ ਨੂੰ ਸੰਮਨ ਜਾਰੀ ਨਾ ਕਰਨ ਜਿਨ੍ਹਾਂ ਦੇ ਮੁਵੱਕਿਲਾਂ ਖ਼ਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਕੀਤੀ ਜਾ ਰਹੀ ਹੈ। ਵਕੀਲਾਂ ਨੇ ਕੇਅਰ ਹੈਲਥ ਇੰਸ਼ੋਰੈਂਸ ਲਿਮਟਿਡ ਨੂੰ ਰੈਲੀਗੇਅਰ ਐਂਟਰਪ੍ਰਾਇਜ਼ਿਜ਼ ਦੀ ਸਾਬਕਾ ਚੇਅਰਪਰਸਨ ਰਸ਼ਮੀ ਸਲੂਜਾ ਨੂੰ ਦਿੱਤੀ ਗਈ ਮੁਲਾਜ਼ਮ ਸਟਾਕ ਮਾਲਕੀ ਯੋਜਨਾ ਬਾਰੇ ਕਾਨੂੰਨੀ ਸਲਾਹ ਦਿੱਤੀ ਸੀ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਸੁਪਰੀਮ ਕੋਰਟ ਐਡਵੋਕੇਟਸ ਆਨ ਰਿਕਾਰਡ ਐਸੋਸੀਏਸ਼ਨ ਨੇ ਇਨ੍ਹਾਂ ਸੰਮਨਾਂ ਦੀ ਨਿਖੇਧੀ ਕਰਦਿਆਂ ਇਸ ਨੂੰ ਪ੍ਰੇਸ਼ਾਨ ਕਰਨ ਵਾਲਾ ਰੁਝਾਨ ਦੱਸਿਆ ਜਿਸ ਨੇ ਕਾਨੂੰਨੀ ਪੇਸ਼ੇ ਦੀ ਨੀਂਹ ’ਤੇ ਹਮਲਾ ਕੀਤਾ ਹੈ। ਬਾਰ ਐਸੋਸੀਏਸ਼ਨਾਂ ਨੇ ਚੀਫ਼ ਜਸਟਿਸ ਨੂੰ ਖੁਦ ਹੀ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਸੀ। -ਪੀਟੀਆਈ