ਸੱਪਾਂ ਦੇ ਜ਼ਹਿਰ ਮਾਮਲੇ ’ਚ ਯੂਟਿਊਬਰ Elvish Yadav ਖ਼ਿਲਾਫ਼ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਸੁਪਰੀਮ ਕੋਰਟ ਦੀ ਰੋਕ
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸੱਪਾਂ ਦੇ ਜ਼ਹਿਰ ਮਾਮਲੇ ’ਚ ਯੂਟਿਊਬਰ ਐਲਵਿਸ਼ ਯਾਦਵ ਖ਼ਿਲਾਫ਼ ਹੇਠਲੀ ਅਦਾਲਤ ’ਚ ਚੱਲ ਰਹੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜੋਇਮਲਿਆ ਬਾਗਚੀ ਦੇ ਬੈਂਚ ਨੇ ਯਾਦਵ ਵੱਲੋਂ ਮਾਮਲੇ ਵਿੱਚ ਚਾਰਜਸ਼ੀਟ ਅਤੇ ਅਪਰਾਧਿਕ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਉੱਤਰ ਪ੍ਰਦੇਸ਼ ਸਰਕਾਰ ਅਤੇ ਸ਼ਿਕਾਇਤਕਰਤਾ ਗੌਰਵ ਗੁਪਤਾ ਨੂੰ ਨੋਟਿਸ ਜਾਰੀ ਕੀਤਾ।
ਸੁਪਰੀਮ ਕੋਰਟ, ਯਾਦਵ ਵੱਲੋਂ ਅਲਾਹਾਬਾਦ ਹਾਈ ਕੋਰਟ ਦੇ ਉਸ ਹੁਕਮ ਖ਼ਿਲਾਫ਼ ਦਾਇਰ ਅਪੀਲ 'ਤੇ ਸੁਣਵਾਈ ਕਰ ਰਹੀ ਸੀ, ਜਿਸ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਚਾਰਜਸ਼ੀਟ ’ਚ ਦੋਸ਼ ਹੈ ਕਿ ਰੇਵ ਪਾਰਟੀਆਂ ’ਚ ਵਿਦੇਸ਼ੀਆਂ ਸਮੇਤ ਹੋਰ ਲੋਕ ਮਨੋਰੰਜਨ ਲਈ ਨਸ਼ੇ ਵਜੋਂ ਸੱਪਾਂ ਦੇ ਜ਼ਹਿਰ ਦਾ ਸੇਵਨ ਕਰਦੇ ਸਨ।
ਨੋਇਡਾ ਪੁਲੀਸ ਨੇ ਇਸ ਮਾਮਲੇ ’ਚ ਪਿਛਲੇ ਸਾਲ ਮਾਰਚ ’ਚ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਸੀ। ਯਾਦਵ ਦੇ ਵਕੀਲ ਨੇ ਹਾਈ ਕੋਰਟ ’ਚ ਦਲੀਲ ਦਿੱਤੀ ਸੀ ਕਿ ਉਸ ਕੋਲੋਂ ਕੋਈ ਸੱਪ, ਨਸ਼ੀਲਾ ਜਾਂ ਮਨੋਵਿਕਾਰੀ ਪਦਾਰਥ ਬਰਾਮਦ ਨਹੀਂ ਹੋਇਆ ਹੈ ਅਤੇ ਨਾ ਹੀ ਬਿਨੈਕਾਰ ਅਤੇ ਸਹਿ-ਦੋਸ਼ੀਆਂ ਵਿਚਕਾਰ ਕੋਈ ਸਬੰਧ ਸਥਾਪਤ ਹੋਇਆ ਹੈ।
ਵਕੀਲ ਨੇ ਅੱਗੇ ਕਿਹਾ ਕਿ ਭਾਵੇਂ ਸ਼ਿਕਾਇਤਕਰਤਾ ਹੁਣ ਪਸ਼ੂ ਭਲਾਈ ਅਧਿਕਾਰੀ ਨਹੀਂ ਸੀ, ਫਿਰ ਵੀ ਉਸ ਨੇ ਖੁਦ ਨੂੰ ਅਧਿਕਾਰੀ ਦੱਸ ਕੇ ਐੱਫਆਈਆਰ ਦਰਜ ਕਰਵਾਈ। ਯਾਦਵ ਨੂੰ ਇੱਕ ਜਾਣਿਆ-ਪਛਾਣਿਆ ਇਨਫਲੂਐਂਸਰ ਅਤੇ ਟੈਲੀਵਿਜ਼ਨ ’ਤੇ ਕਈ ਰਿਐਲਿਟੀ ਸ਼ੋਅਜ਼ ਵਿੱਚ ਆਉਣ ਵਾਲਾ ਦੱਸਦਿਆਂ, ਵਕੀਲ ਨੇ ਕਿਹਾ ਸੀ ਕਿ ਐੱਫਆਈਆਰ ਵਿੱਚ ਉਸਦੀ ਸ਼ਮੂਲੀਅਤ ਨੇ ਮੀਡੀਆ ਦਾ ਬਹੁਤ ਧਿਆਨ ਖਿੱਚਿਆ। -ਪੀਟੀਆਈ