ਸੁਪਰੀਮ ਕੋਰਟ ਦੇ ਜੱਜ ਇਹ ਫੈ਼ਸਲਾ ਨਹੀਂ ਕਰ ਸਕਦੇ ਕਿ ਸੱਚਾ ਭਾਰਤੀ ਕੌਣ ਹੈ: ਪ੍ਰਿਯੰਕਾ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੁਪਰੀਮ ਕੋਰਟ ਦੀ ਰਾਹੁਲ ਗਾਂਧੀ ਖ਼ਿਲਾਫ਼ ਟਿੱਪਣੀ ਤੋਂ ਬਾਅਦ ਆਪਣੇ ਭਰਾ ਰਾਹੁਲ ਗਾਂਧੀ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਫੈਸਲਾ ਜੱਜ ਨਹੀਂ ਕਰ ਸਕਦੇ ਕਿ ਕੌਣ ਸੱਚਾ ਭਾਰਤੀ ਹੈ। ਉਨ੍ਹਾਂ ਕਿਹਾ ਕਿ ਉਸ ਦਾ ਭਰਾ ਫੌਜ ਦਾ ਸਭ ਤੋਂ ਵੱਧ ਸਤਿਕਾਰ ਕਰਦਾ ਹੈ ਅਤੇ ਉਹ ਕਦੇ ਵੀ ਫੌਜ ਵਿਰੁੱਧ ਕੁਝ ਨਹੀਂ ਕਹੇਗਾ। ਪ੍ਰਿਯੰਕਾ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਰਾਹੁਲ ਗਾਂਧੀ ਸਰਕਾਰ ਤੋਂ ਸਵਾਲ ਪੁੱਛ ਸਕਦਾ ਹੈ। ਸੁਪਰੀਮ ਕੋਰਟ ਨੇ ਚਾਰ ਅਗਸਤ ਨੂੰ ਰਾਹੁਲ ਗਾਂਧੀ ਖ਼ਿਲਾਫ਼ ਦਸੰਬਰ 2022 ਦੀ ਭਾਰਤ ਜੋੜੋ ਯਾਤਰਾ ਦੌਰਾਨ ਫੌਜ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਲਖਨਊ ਦੀ ਇੱਕ ਅਦਾਲਤ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ। ਸੁਪਰੀਮ ਕੋਰਟ ਨੇ ਸਾਬਕਾ ਕਾਂਗਰਸ ਪ੍ਰਧਾਨ ਨੂੰ ਉਨ੍ਹਾਂ ਦੇ ਇਸ ਦਾਅਵੇ ਲਈ ਫਟਕਾਰ ਲਗਾਈ ਸੀ ਕਿ ਮੌਜੂਦਾ ਸਰਕਾਰ ਵਿੱਚ ਚੀਨ ਭਾਰਤੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ। ਹਾਲਾਂਕਿ ਸਰਵਉਚ ਅਦਾਲਤ ਨੇ ਕਾਂਗਰਸ ਆਗੂ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਜੇਕਰ ਉਹ ਸੱਚਾ ਭਾਰਤੀ ਹੈ ਤਾਂ ਉਸ ਨੂੰ ਅਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ। ਪ੍ਰਿਯੰਕਾ ਨੇ ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਮਾਣਯੋਗ ਜੱਜਾਂ ਦਾ ਸਤਿਕਾਰ, ਪਰ ਉਹ ਇਹ ਫੈਸਲਾ ਨਹੀਂ ਕਰ ਸਕਦੇ ਕਿ ਕੌਣ ਸੱਚਾ ਭਾਰਤੀ ਹੈ। ਵਿਰੋਧੀ ਧਿਰ ਦੇ ਨੇਤਾ ਦਾ ਕੰਮ ਸਰਕਾਰ ਨੂੰ ਸਵਾਲ ਪੁੱਛਣਾ ਹੈ ਤੇ ਇਹ ਉਸ ਦਾ ਫਰਜ਼ ਹੈ।’
ਕੌਮੀ ਹਿੱਤਾਂ ਬਾਰੇ ਟਿੱਪਣੀ ਕਰਨਾ ਰਾਜਨੀਤਕ ਪਾਰਟੀਆਂ ਦੀ ਜ਼ਿੰਮੇਵਾਰੀ: ਇੰਡੀਆ ਗੱਠਜੋੜ
ਨਵੀਂ ਦਿੱਲੀ: ਇੰਡੀਆ ਗੱਠਜੋੜ ਨਾਲ ਸਬੰਧਤ ਪਾਰਟੀਆਂ ਨੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਅਣਉਚਿਤ ਕਰਾਰ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਕੌਮੀ ਹਿੱਤ ਦੇ ਮੁੱਦਿਆਂ ’ਤੇ ਟਿੱਪਣੀ ਕਰਨਾ ਰਾਜਨੀਤਕ ਪਾਰਟੀਆਂ ਦੀ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਇੰਡੀਆ ਗੱਠਜੋੜ ਦੇ ਆਗੂਆਂ ਨੇ ਇਸ ਮਾਮਲੇ ਸਬੰਧੀ ਚਰਚਾ ਕੀਤੀ ਜਿਸ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵੀ ਮੌਜੂਦ ਸਨ।
ਕਾਂਗਰਸ ਇਕ ਪਰਿਵਾਰ ਨੂੰ ਦੇਸ਼ ਤੇ ਸੰਵਿਧਾਨ ਤੋਂ ਉੱਪਰ ਮੰਨਦੀ ਹੈ: ਭਾਜਪਾ
ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਰਾਹੁਲ ਗਾਂਧੀ ਖ਼ਿਲਾਫ਼ ਟਿੱਪਣੀ ਤੋਂ ਬਾਅਦ ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਵਿਰੋਧੀ ਪਾਰਟੀ ਵੱਲੋਂ ਨਿਆਂਪਾਲਿਕਾ ਨੂੰ ਚੁਣੌਤੀ ਦੇਣਾ ਕੋਈ ਨਵਾਂ ਨਹੀਂ ਹੈ ਕਿਉਂਕਿ ਇਹ ਪਾਰਟੀ ਇੱਕ ਪਰਿਵਾਰ ਨੂੰ ਦੇਸ਼ ਅਤੇ ਸੰਵਿਧਾਨ ਤੋਂ ਉੱਪਰ ਮੰਨਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ, ‘ਉਹ (ਕਾਂਗਰਸ) ਸੰਵਿਧਾਨ ਨੂੰ ਚੁੱਕਣ ਦਾ ਡਰਾਮਾ ਕਰਦੇ ਹਨ ਪਰ ਇਸ ਵਿੱਚ ਵਿਸ਼ਵਾਸ ਨਹੀਂ ਕਰਦੇ। ਉਹ ਨਿਆਂਪਾਲਿਕਾ ਨੂੰ ਮਾਨਤਾ ਨਹੀਂ ਦਿੰਦੇ। ਉਹ ਇੱਕ ਪਰਿਵਾਰ ਨੂੰ ਦੇਸ਼ ਅਤੇ ਸੰਵਿਧਾਨ ਤੋਂ ਉੱਪਰ ਮੰਨਦੇ ਹਨ।’ -ਪੀਟੀਆਈ