ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨੂੰ ਚੁੱਕਣ ਬਾਰੇ ਨੋਟੀਫਿਕੇਸ਼ਨ ਖ਼ਿਲਾਫ਼ ਪਟੀਸ਼ਨ ਤੁਰੰਤ ਨਾ ਸੁਣੀ
ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨੂੰ ਚੁੱਕਣ ਸਬੰਧੀ ਦਿੱਲੀ ਨਗਰ ਨਿਗਮ (ਐੱਮਸੀਡੀ) ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਫੌਰੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਜਸਟਿਸ ਜੇਕੇ ਮਹੇਸ਼ਵਰੀ ਅਤੇ ਜਸਟਿਸ ਵਿਜੈ ਬਿਸ਼ਨੋਈ ਦੇ ਬੈਂਚ ਨੇ ਵਕੀਲ ਵੱਲੋਂ ਇਸ ਸਬੰਧ ਵਿੱਚ ਇਕ ਅਰਜ਼ੀ ਦਾਇਰ ਕੀਤੇ ਜਾਣ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਫੌਰੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ।
ਅਰਜ਼ੀ ਵਿੱਚ ਕਿਹਾ ਗਿਆ ਸੀ ਕਿ ਐੱਮਸੀਡੀ ਨੇ ਸੁਪਰੀਮ ਕੋਰਟ ਵੱਲੋਂ ਆਦੇਸ਼ ਰਾਖਵਾਂ ਰੱਖੇ ਜਾਣ ਦੇ ਬਾਵਜੂਦ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਸਿਖ਼ਰਲੀ ਅਦਾਲਤ ਵੱਲੋਂ ਜਾਰੀ 11 ਅਗਸਤ ਦੇ ਹੁਕਮਾਂ ’ਤੇ ਰੋਕ ਲਗਾਉਣ ਦੀ ਅਪੀਲ ਵਾਲੀ ਅੰਤਰਿਮ ਅਰਜ਼ੀ ’ਤੇ ਆਪਣਾ ਹੁਕਮ ਰਾਖਵਾਂ ਰੱਖਦੇ ਹੋਏ 14 ਅਗਸਤ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦਿੱਲੀ-ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਆਵਾਰਾ ਕੁੱਤਿਆਂ ਦੀ ਪੂਰੀ ਸਮੱਸਿਆ ਸਥਾਨਕ ਅਧਿਕਾਰੀਆਂ ਦੀ ‘ਨਾਕਾਮੀ’ ਕਾਰਨ ਹੈ।
ਸਿਖ਼ਰਲੀ ਅਦਾਲਤ ਅੱਜ ਸੁਣਾਏਗੀ ਫੈਸਲਾ
ਨਵੀਂ ਦਿੱਲੀ: ਦਿੱਲੀ-ਐੱਨਸੀਆਰ ਵਿੱਚ ਆਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਸਥਾਈ ਤੌਰ ’ਤੇ ਡੌਗ ਸ਼ੈਲਟਰਾਂ ਵਿੱਚ ਤਬਦੀਲ ਕਰਨ ਦੇ 11 ਅਗਸਤ ਦੇ ਨਿਰਦੇਸ਼ ’ਤੇ ਰੋਕ ਲਗਾਉਣ ਲਈ ਪਾਈ ਅਰਜ਼ੀ ’ਤੇ ਸੁਪਰੀਮ ਕੋਰਟ 22 ਅਗਸਤ ਨੂੰ ਫ਼ੈਸਲਾ ਸੁਣਾਏਗੀ। ਜਸਟਿਸ ਵਿਕਰਮ ਨਾਥ, ਸੰਦੀਪ ਮਹਿਤਾ ਅਤੇ ਐੱਨਵੀ ਅੰਜਾਰੀਆ ਦੇ ਤਿੰਨ ਜੱਜਾਂ ਦੇ ਵਿਸ਼ੇਸ਼ ਬੈਂਚ ਨੇ 14 ਅਗਸਤ ਨੂੰ ਇਸ ਮਾਮਲੇ ’ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਪਸ਼ੂ ਪ੍ਰੇਮੀਆਂ ਨੇ ਜੰਤਰ-ਮੰਤਰ ਵਿਖੇ ‘ਕਾਲਾ ਵੀਰਵਾਰ’ ਮਨਾਇਆ
ਪਸ਼ੂ ਅਧਿਕਾਰ ਕਾਰਕੁਨਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੇ ਆਵਾਰਾ ਕੁੱਤਿਆਂ ਨੂੰ ਪਸ਼ੂਆਂ ਦੇ ਆਸਰਾ ਕੇਂਦਰਾਂ ’ਚ ਭੇਜਣ ਸਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਖ਼ਿਲਾਫ਼ ਅੱਜ ਇੱਥੇ ਜੰਤਰ-ਮੰਤਰ ਵਿਖੇ ‘ਕਾਲਾ ਵੀਰਵਾਰ’ ਮਨਾਇਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਰਤ ਨੂੰ ਰੇਬੀਜ਼ ਮੁਕਤ ਬਣਾਉਣ ਲਈ ਆਪਣੇ-ਆਪ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਕਰਵਾਉਣ ਦੀ ਸਹੁੰ ਚੁੱਕੀ।