ਕੁੱਤਿਆਂ ਦੇ ਕੱਟਣ ਤੋਂ ਬਚਣ ਲਈ ਸੁਪਰੀਮ ਕੋਰਟ ਵੱਲੋਂ ਕੈਂਪਸ ਵਿੱਚ ਬਚਿਆ ਖਾਣਾ ਖੁੱਲ੍ਹੇ ਵਿਚ ਸੁੱਟਣ ’ਤੇ ਰੋਕ
ਦਿੱਲੀ ਐੱਨਸੀਆਰ ਵਿਚ ਆਵਾਰਾ ਕੁੱਤੇ ਫੜਨ ਦੇ ਹੁਕਮ ਤੋਂ ਇਕ ਦਿਨ ਮਗਰੋਂ ਸੁਪਰੀਮ ਕੋਰਟ ਨੇ ਅੱਜ ਅਦਾਲਤੀ ਕੰਪਲੈਕਸ ਦੇ ਅਹਾਤੇ ਵਿਚ ਬਚਿਆ ਹੋਇਆ ਖਾਣਾ ਸੁੱਟਣ ਸਬੰਧੀ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਕੋਰਟ ਨੇ ਇਕ ਸਰਕੁਲਰ ਵਿਚ ਕਿਹਾ ਕਿ ਬਚੇ ਹੋਏ ਖਾਣੇ ਨੂੰ ਸਹੀ ਤਰੀਕੇ ਨਾਲ ਕਿਸੇ ਲਿਫਾਫੇ ਆਦਿ ਵਿਚ ਪਾ ਕੇ ਪੂਰੀ ਤਰ੍ਹਾਂ ਢਕੇ ਕੂੜੇਦਾਨਾਂ ਵਿਚ ਸੁੱਟਿਆ ਜਾਵੇ ਤੇ ਅਜਿਹਾ ਕਰਕੇ ਕੁੱਤਿਆਂ ਵੱਲੋਂ ਕੱਟਣ ਵੱਢਣ ਤੋਂ ਬਚਿਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਆਪਣੇ ਅਹਾਤੇ ਦੇ ਗਲਿਆਰਿਆਂ ਅਤੇ ਲਿਫਟਾਂ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਦੀਆਂ ਘਟਨਾਵਾਂ ਵਿੱਚ ਵਾਧੇ ਦਾ ਨੋਟਿਸ ਲੈਂਦੇ ਹੋਏ ਉਪਰੋਕਤ ਸਰਕੁਲਰ ਜਾਰੀ ਕੀਤਾ ਹੈ।
ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਜਾਨਵਰਾਂ ਦੇ ਕੱਟਣ ਵੱਢਣ ਤੋਂ ਬਚਣ ਲਈ ਸੁਪਰੀਮ ਕੋਰਟ ਕੰਪਲੈਕਸ ਦੇ ਅੰਦਰ ਬਚੇ ਹੋਏ ਭੋਜਨ ਦਾ ਪੂਰੀ ਤਰ੍ਹਾਂ ਨਿਪਟਾਰਾ ਕਰਨਾ ਲਾਜ਼ਮੀ ਹੈ। ਇਸ ਵਿਚ ਲਿਖਿਆ ਹੈ, ‘‘ਸਾਰੇ ਬਚੇ ਹੋਏ ਭੋਜਨ ਪਦਾਰਥਾਂ ਨੂੰ ਸਿਰਫ਼ ਢਕੇ ਹੋਏ ਡਸਟਬਿਨਾਂ ਵਿੱਚ ਹੀ ਸੁੱਟਣਾ ਚਾਹੀਦਾ ਹੈ। ਕਿਸੇ ਵੀ ਹਾਲਤ ਵਿੱਚ ਭੋਜਨ ਨੂੰ ਖੁੱਲ੍ਹੇ ਖੇਤਰਾਂ ਜਾਂ ਅਣਢਕੇ ਡੱਬਿਆਂ ਵਿੱਚ ਨਾ ਸੁੱਟਿਆ ਜਾਵੇ। ਖੁੱਲ੍ਹੇ ਵਿਚ ਬਚਿਆ ਭੋਜਨ ਸੁੱਟਣ ਨਾਲ ਜਾਨਵਰ ਇਸ ਨੂੰ ਖਾਣ ਲਈ ਆਉਂਦੇ ਹਨ। ਬਚਿਆ ਭੋਜਨ ਢਕੇੇ ਹੋਏ ਕੂੜੇਦਾਨਾਂ ਵਿਚ ਸੁੱਟਣ ਨਾਲ ਕੁੱਤਿਆਂ ਵੱਲੋਂ ਕੱਟਣ ਦੇ ਜੋਖ਼ਮ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਅਤੇ ਸਫਾਈ ਦੇ ਮਿਆਰਾਂ ਨੂੰ ਬਣਾਈ ਰੱਖਿਆ ਜਾ ਸਕਦਾ ਹੈ। ਇਹ ਸਰਕੂਲਰ ਦਿੱਲੀ-ਐਨਸੀਆਰ ਦੀਆਂ ਗਲੀਆਂ ਤੋਂ ਆਵਾਰਾ ਕੁੱਤਿਆਂ ਨੂੰ ਫੜਨ ਤੇ ਸਥਾਈ ਤੌਰ ’ਤੇ ਆਸਰਾ ਘਰਾਂ ’ਚ ਤਬਦੀਲ ਕਰਨ ਦੇ ਹੁਕਮ ਤੋਂ ਇੱਕ ਦਿਨ ਬਾਅਦ ਆਇਆ ਹੈ।